ਸਨੀ ਦਿਓਲ ਵੱਲੋਂ ਦਲਾਈ ਲਾਮਾ ਨਾਲ ਮੁਲਾਕਾਤ
ਬੌਲੀਵੁੱਡ ਅਦਾਕਾਰ ਸਨੀ ਦਿਓਲ ਨੇ ਤਿੱਬਤ ਦੇ ਅਧਿਆਤਮਕ ਗੁਰੂ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਨੂੰ ਅਦਾਕਾਰ ਨੇ ਸੁਭਾਗ ਵਾਲੇ ਪਲ ਕਰਾਰ ਦਿੱਤਾ। ਸਨੀ ਨੇ ਇੰਸਟਾਗ੍ਰਾਮ ’ਤੇ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਹ ਜਾਣਕਾਰੀ ਦਿੱਤੀ। ਸਨੀ ਨੇ ਦਲਾਈ ਲਾਮਾ ਨਾਲ ਮੁਲਾਕਾਤ ਲੱਦਾਖ ਦੌਰੇ ਦੌਰਾਨ ਕੀਤੀ ਹੈ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਸਨੀ ਨੇ ਲਿਖਿਆ, ‘‘ਦਲਾਈ ਲਾਮਾ ਤੋਂ ਮਿਲੇ ਪਿਆਰ ਤੇ ਆਸ਼ੀਰਵਾਦ ਨੇ ਮੇਰੇ ਦਿਲ ਨੂੰ ਸ਼ਾਂਤੀ ਨਾਲ ਭਰ ਦਿੱਤਾ ਹੈ, ਸੱਚਮੁੱਚ ਅਭੁੱਲ ਯਾਦ।’’ ਦੱਸਣਯੋਗ ਹੈ ਕਿ ਹਾਲ ਹੀ ਵਿੱਚ ਸਨੀ ਦਿਓਲ ਨੇ ਆਪਣੀ ਆਉਣ ਵਾਲੀ ਫਿਲਮ ‘ਬਾਰਡਰ 2’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ, ਜੋ ਕਿ ਉਨ੍ਹਾਂ ਦੀ ਸਾਲ 1997 ਦੀ ਬਲਾਕਬਸਟਰ ਫਿਲਮ ‘ਬਾਰਡਰ’ ਦਾ ਸੀਕਵਲ ਹੈ। ‘ਬਾਰਡਰ’ ਨੇ ਆਪਣੀ ਰਿਲੀਜ਼ ਦੌਰਾਨ ਦੁਨੀਆ ਭਰ ਵਿੱਚ ਬਾਕਸ ਆਫਿਸ ’ਤੇ 600 ਮਿਲੀਅਨ ਤੋਂ ਵੱਧ ਦੀ ਕਮਾਈ ਕੀਤੀ ਸੀ। ‘ਬਾਰਡਰ 2’ ਵਿੱਚ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਵੀ ਹਨ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ ਤੇ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਇਸ ਦੇ ਨਿਰਮਾਤਾ ਹਨ। ਫਿਲਮ 23 ਜਨਵਰੀ, 2026 ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ।