ਦੇਸ਼ ਵਿੱਚ ਵਧਦੀਆਂ ਵਿਦਿਆਰਥੀ ਖੁਦਕੁਸ਼ੀਆਂ
ਸਿੱਖਿਆ ਖੇਤਰ ਵਿੱਚ ਪਿਛਲੇ ਸਾਲਾਂ ਦੌਰਾਨ ਆਈਆਂ ਤਬਦੀਲੀਆਂ ਕਾਰਨ ਅਤੇ ਸਿੱਖਿਆ ਪ੍ਰਤੀ ਸਰਕਾਰਾਂ ਦੀਆਂ ਬਦਲੀਆਂ ਨੀਤੀਆਂ ਕਾਰਨ ਵੱਡੀ ਗਿਣਤੀ ਵਿਦਿਆਰਥੀ ਇਸ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ। ਅਜਿਹਾ ਹੋਣ ਨਾਲ ਨਾ ਸਿਰਫ਼ ਵਿਦਿਆਰਥੀ ਵਰਗ ਵਿੱਚ ਪ੍ਰੇਸ਼ਾਨੀ ਵਧੀ ਹੈ ਸਗੋਂ ਸਿੱਖਿਆ ਦੇ ਪੱਧਰ ਵਿੱਚ ਵੀ ਵੱਡੇ ਪੱਧਰ ’ਤੇ ਗਿਰਾਵਟ ਵੇਖਣ ਨੂੰ ਮਿਲੀ ਹੈ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਧੀਨ ਕਾਰਜਸ਼ੀਲ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਵੱਲੋਂ ਪ੍ਰਕਾਸ਼ਿਤ ਸਾਲਾਨਾ ਰਿਪੋਰਟ ‘ਭਾਰਤ ਵਿੱਚ ਦੁਰਘਟਨਾਵਾਂ ਅਤੇ ਖੁਦਕੁਸ਼ੀਆਂ 2023’ ਦਰਸਾਉਂਦੀ ਹੈ ਕਿ ਸਾਲ 2022 ਵਿੱਚ 13,044 ਵਿਦਿਆਰਥੀਆਂ ਨੇ ਖੁਦਕੁਸ਼ੀ ਕਰਕੇ ਆਪਣੀ ਜਾਨ ਗਵਾਈ। ਸਾਲ 2023 ਵਿੱਚ ਇਹ ਗਿਣਤੀ ਸਾਲ 2022 ਦੇ ਮੁਕਾਬਲੇ ਪੰਜ ਫੀਸਦ ਹੋਰ ਜ਼ਿਆਦਾ ਵਧ ਕੇ ਰਿਕਾਰਡ ਉੱਚ ਪੱਧਰ 13,892 ਤੱਕ ਪਹੁੰਚ ਗਈ ਹੈ। ਇਹ ਗਿਣਤੀ ਪਿਛਲੇ ਦਹਾਕੇ ਦੌਰਾਨ ਸਾਲ 2013 ਵਿੱਚ ਹੋਈਆਂ 8,423 ਖੁਦਕੁਸ਼ੀਆਂ ਦੇ ਮੁਕਾਬਲਤਨ 65 ਫੀਸਦੀ ਦਾ ਚਿੰਤਾਜਨਕ ਇਜ਼ਾਫਾ ਦਰਸਾਉਂਦੀ ਹੈ। ਲਗਾਤਾਰ ਵਧ ਰਹੀ ਇਹ ਗਿਣਤੀ ਸਾਲ 2018 ਵਿੱਚ ਪਹਿਲੀ ਵਾਰ 10,000 ਦੇ ਅੰਕੜੇ ਨੂੰ ਪਾਰ ਕਰ ਗਈ ਸੀ। 2013 ਤੋਂ 2023 ਤੱਕ ਗਿਆਰਾਂ ਸਾਲਾਂ ਦੇ ਅਰਸੇ ਦੌਰਾਨ ਕੁਲ 1,17,849 ਭਾਰਤੀ ਵਿਦਿਆਰਥੀ ਆਤਮ-ਹੱਤਿਆ ਕਰ ਚੁੱਕੇ ਹਨ। ਦੇਸ਼ ਭਰ ਵਿੱਚ ਔਸਤਨ ਰੋਜ਼ਾਨਾ 35 ਤੋਂ ਵੱਧ ਵਿਦਿਆਰਥੀ ਖੁਦਕੁਸ਼ੀ ਕਰ ਕੇ ਆਪਣੀ ਕੀਮਤੀ ਜਾਨ ਗੁਆ ਰਹੇ ਹਨ ਭਾਵ ਔਸਤਨ ਹਰ 40 ਮਿੰਟਾਂ ਵਿੱਚ ਇੱਕ ਵਿਦਿਆਰਥੀ ਆਤਮ-ਹੱਤਿਆ ਕਰ ਰਿਹਾ ਹੈ। ਵਿਦਿਆਰਥੀ ਖੁਦਕੁਸ਼ੀਆਂ ਦੇਸ਼ ਭਰ ਵਿੱਚ ਹੋਣ ਵਾਲੀਆਂ ਕੁਲ ਆਤਮ-ਹੱਤਿਆਵਾਂ ਦਾ ਅੱਠ ਫੀਸਦ ਹਿੱਸਾ ਬਣਦੀਆਂ ਹਨ। ਇਹ ਮੁੱਦਾ ਸਕੂਲ, ਕਾਲਜ, ਕੋਚਿੰਗ ਤੇ ਆਈ ਆਈ ਟੀਜ਼/ਏਮਜ਼,/ਆਈ ਆਈ ਐੱਮਜ਼/ਐੱਨ ਆਈ ਟੀਜ਼ ਵਰਗੇ ਪੇਸ਼ੇਵਰ ਕੋਰਸ ਚਲਾਉਣ ਵਾਲੇ ਲਗਪਗ ਹਰ ਪੱਧਰ ਦੇ ਵਿਦਿਅਕ ਸੰਸਥਾਨਾਂ ਨੂੰ ਪ੍ਰਭਾਵਿਤ ਕਰਦਾ ਹੈ।
ਦੇਸ਼ ਵਿੱਚ ਮਹਾਰਾਸ਼ਟਰ ਲਗਾਤਾਰ ਇਸ ਸੂਚੀ ਵਿੱਚ ਸਿਖਰ ’ਤੇ ਹੈ, ਜਿੱਥੇ 2022 ਵਿੱਚ 2500 ਤੋਂ ਵੱਧ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ। ਇਸ ਤੋਂ ਬਾਅਦ ਮੱਧ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਉੜੀਸਾ ਦਾ ਨੰਬਰ ਆਉਂਦਾ ਹੈ। ਰਾਜਸਥਾਨ ਅਤੇ ਤੇਲੰਗਾਨਾ, ਖਾਸ ਕਰਕੇ ਕੋਟਾ (ਰਾਜਸਥਾਨ), ਦਿੱਲੀ, ਚੇਨੱਈ, ਪੁਣੇ ਅਤੇ ਹੈਦਰਾਬਾਦ ਵਰਗੇ ਕੋਚਿੰਗ ਹੱਬਾਂ ਵਿੱਚ ਤਾਂ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ। ਕੋਟਾ, ਜੋ ਇੰਜੀਨੀਅਰਿੰਗ ਅਤੇ ਮੈਡੀਕਲ ਪ੍ਰਵੇਸ਼ ਪ੍ਰੀਖਿਆਵਾਂ IIT-JEE ਅਤੇ NEET ਦੇ ਚਾਹਵਾਨਾਂ ਵਾਸਤੇ ਦੇਸ਼ ਦੀ ਕੋਚਿੰਗ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ, ਵਿੱਚ ਇਕੱਲੇ ਸਾਲ 2023 ਦੌਰਾਨ 29 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ, ਜੋ ਕਿਸੇ ਇੱਕ ਸ਼ਹਿਰ ਵਿੱਚ ਇੱਕ ਸਾਲ ਦੇ ਅਰਸੇ ਦੌਰਾਨ ਦਰਜ ਕੀਤੀ ਗਈ ਖੁਦਕੁਸ਼ੀਆਂ ਦੀ ਸਭ ਤੋਂ ਵੱਧ ਗਿਣਤੀ ਹੈ। ਐੱਨ.ਸੀ.ਆਰ.ਬੀ ਰਿਪੋਰਟ 2023 ਮੁਤਾਬਿਕ ਪੰਜਾਬ ਵਿੱਚ ਸਾਲ 2022 ਦੌਰਾਨ ਹੋਈਆਂ 89 ਵਿਦਿਆਰਥੀ ਖੁਦਕੁਸ਼ੀਆਂ ਦੇ ਮੁਕਾਬਲੇ 2023 ਵਿੱਚ 20 ਫੀਸਦੀ ਜ਼ਿਆਦਾ ਭਾਵ, 107 ਵਿਦਿਆਰਥੀਆਂ ਨੇ ਆਤਮ-ਹੱਤਿਆ ਕੀਤੀ। ਇਨ੍ਹਾਂ ਦੀ ਸਭ ਤੋਂ ਵਧੇਰੇ ਗਿਣਤੀ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਦਰਜ ਕੀਤੀ ਗਈ। ਗੁਆਂਢੀ ਸੂਬੇ ਹਰਿਆਣਾ ਵਿੱਚ ਸਾਲ 2022 ਦੌਰਾਨ 102 ਵਿਦਿਆਰਥੀ ਖੁਦਕੁਸ਼ੀਆਂ ਦੇ ਮੁਕਾਬਲੇ 2023 ਵਿੱਚ 19 ਫ਼ੀਸਦ ਵਾਧੇ ਨਾਲ 121 ਵਿਦਿਆਰਥੀਆਂ ਆਤਮ-ਹੱਤਿਆਵਾਂ ਦਰਜ ਕੀਤੀਆਂ ਗਈਆਂ। ਜ਼ਿਆਦਾਤਰ ਅਜਿਹੇ ਮਾਮਲੇ ਹਿਸਾਰ, ਰੋਹਤਕ ਅਤੇ ਗੁਰੂਗ੍ਰਾਮ ਜ਼ਿਲ੍ਹਿਆਂ ਵਿੱਚ ਪਾਏ ਗਏ। ਕੇਂਦਰ-ਸ਼ਾਸਿਤ ਸ਼ਹਿਰ ਚੰਡੀਗੜ੍ਹ ਵਿੱਚ ਸਾਲ 2023 ਦੌਰਾਨ 23 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ। ਉਪਲਬਧ ਅੰਕੜਿਆਂ ਮੁਤਾਬਿਕ ਜ਼ਿਆਦਾਤਰ ਪੀੜਤ 15-24 ਸਾਲ ਦੀ ਉਮਰ ਵਰਗ ਦੇ ਨੌਜਵਾਨ ਸਨ। ਇਨ੍ਹਾਂ ਵਿਦਿਆਰਥੀ ਖੁਦਕੁਸ਼ੀਆਂ ਵਿੱਚ ਮੁੰਡਿਆਂ ਦੀ ਗਿਣਤੀ 57 ਫੀਸਦੀ ਅਤੇ ਬਾਕੀ 43 ਫੀਸਦੀ ਕੁੜੀਆਂ ਹਨ। ਇਨ੍ਹਾਂ ਵਿੱਚੋਂ ਬਹੁਤੇ ਵਿਦਿਆਰਥੀ ਅੱਲ੍ਹੜ ਉਮਰ ਦੇ ਹਨ ਜੋ ਆਪਣੇ ਘਰਾਂ ਤੋਂ ਦੂਰ ਰਹਿ ਕੇ ਇਕੱਲਾਪਨ ਮਹਿਸੂਸ ਕਰ ਰਹੇ ਸਨ ਤੇ ਮੁਕਾਬਲੇ ਦੇ ਬੋਝ ਹੇਠ ਦੱਬੇ ਹੋਏ ਸਨ।
ਵਿਦਿਆਰਥੀ ਖੁਦਕੁਸ਼ੀਆਂ ਦਾ ਹਰੇਕ ਅੰਕੜਾ ਅਧੂਰੇ ਸੁਫਨਿਆਂ, ਤੀਬਰ ਅਕਾਦਮਿਕ ਦਬਾਅ, ਭਾਵਨਾਤਮਕ ਅਣਗਹਿਲੀ ਅਤੇ ਪ੍ਰਣਾਲੀਗਤ ਅਸਫ਼ਲਤਾ ਦੇ ਵੱਖ-ਵੱਖ ਪਹਿਲੂਆਂ ਦੀ ਕਹਾਣੀ ਬਿਆਨ ਕਰਦਾ ਹੈ। ਪਹਿਲਾ, ਭਾਰਤੀ ਸਿੱਖਿਆ ਪ੍ਰਣਾਲੀ ਮੁੱਖ ਤੌਰ ’ਤੇ ਅਕਾਦਮਿਕ ਦਬਾਅ ਅਤੇ ਮੁਕਾਬਲਾ ਪ੍ਰੀਖਿਆ-ਆਧਾਰਿਤ ਹੋਣ ਕਰਕੇ ਮੁਢਲੀ ਸਕੂਲੀ ਸਿੱਖਿਆ ਤੋਂ ਲੈ ਕੇ ਪੇਸ਼ੇਵਰ ਕੋਰਸਾਂ, ਖਾਸ ਕਰਕੇ ਇੰਜੀਨੀਅਰਿੰਗ, ਮੈਡੀਕਲ ਅਤੇ ਸਿਵਲ ਸੇਵਾਵਾਂ ਦੇ ਪੂਰਾ ਹੋਣ ਤੱਕ ਵਿਦਿਆਰਥੀਆਂ ਨੂੰ ਆਪਣਾ ਪ੍ਰਦਰਸ਼ਨ ਪੱਧਰ ਸਰਵਉੱਚ ਬਣਾਈ ਰੱਖਣ ਅਤੇ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਮਜਬੂਰ ਕਰਦੀ ਹੈ ਤਾਂ ਜੋ ਵੱਕਾਰੀ ਸੰਸਥਾਨਾਂ ਵਿੱਚ ਦਾਖਲਾ ਪ੍ਰਾਪਤ ਕੀਤਾ ਜਾ ਸਕੇ। ਮੁਕਾਬਲਾ ਪ੍ਰੀਖਿਆ ਆਧਾਰਿਤ ਦਾਖਲਾ ਪ੍ਰੀਖਿਆ ਪ੍ਰਣਾਲੀ ਨੇ ਤਾਂ ਕੋਚਿੰਗ ਅਕੈਡਮੀਆਂ ਦਾ ਸਮਾਨਾਂਤਰ ਉਦਯੋਗ ਸਥਾਪਿਤ ਕਰ ਦਿੱਤਾ ਹੈ, ਜਿਹੜਾ ਕਿ ਪ੍ਰਦਰਸ਼ਨ ਮਾਪਦੰਡਾਂ ’ਤੇ ਬੇਲੋੜਾ ਜ਼ੋਰ ਦਿੰਦਾ ਹੈ। ਨਤੀਜੇ ਵਜੋਂ ਜ਼ਿਆਦਾ ਸਮੇਂ ਤੱਕ ਪੜ੍ਹਨ ਦਾ ਬੋਝ, ਸਮਾਜਿਕ ਇਕੱਲਤਾ ਅਤੇ ਨਿਰੰਤਰ ਮੁਲਾਂਕਣ ਨੌਜਵਾਨ ਮਨਾਂ ਲਈ ਅਸਹਿ ਬਣ ਜਾਂਦਾ ਹੈ। ਦੂਸਰਾ, ਬਹੁਤ ਸਾਰੇ ਪਰਿਵਾਰ ਅਕਾਦਮਿਕ ਪ੍ਰਾਪਤੀਆਂ ਨੂੰ ਹੀ ਆਪਣਾ ਸਮਾਜਿਕ ਸਟੇਟਸ ਅਤੇ ਵਿੱਤੀ ਸੁਰੱਖਿਆ ਸਮਝਦੇ ਹਨ ਜਿਸ ਕਰਕੇ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਦੀ ਸਮਰੱਥਾ ਨੂੰ ਅਣਡਿੱਠ ਕਰਕੇ ਆਪਣੀਆਂ ਅਧੂਰੀਆਂ ਖਾਹਿਸ਼ਾਂ ਬੱਚਿਆਂ ’ਤੇ ਥੋਪ ਕੇ ਉਨ੍ਹਾਂ ਤੋਂ ਉਮੀਦ ਕਰਦੇ ਹਨ ਕਿ ਉਹ ਅਜਿਹਾ ਕੋਰਸ/ਪੇਸ਼ਾ ਚੁਣਨ ਜੋ ਪ੍ਰਤਿਸ਼ਠਾਵਾਨ ਹੋਵੇ। ਪਰ ਇਨ੍ਹਾਂ ਉਮੀਦਾਂ ’ਤੇ ਖ਼ਰੇ ਨਾ ਉਤਰ ਸਕਣ ਦੀ ਸੂਰਤ ਵਿੱਚ ਬੱਚੇ ਖ਼ੁਦ ਨੂੰ ਇਸ ਲਈ ਦੋਸ਼ੀ ਮੰਨਣ ਲੱਗਦੇ ਹਨ। ਮਾਪਿਆਂ ਅਤੇ ਬੱਚਿਆਂ ਦਰਮਿਆਨ ਖੁੱਲ੍ਹੀ ਗੱਲਬਾਤ ਦੀ ਘਾਟ ਉਨ੍ਹਾਂ ਦੇ ਭਾਵਨਾਤਮਕ ਦੁੱਖ ਵਿੱਚ ਹੋਰ ਵਾਧਾ ਕਰਦੀ ਹੈ। ਅਸਫਲਤਾ ਨੂੰ ਮਾੜਾ ਸਮਝਿਆ ਜਾਣ ਕਰਕੇ ਕੁੱਝ ਵਿਦਿਆਰਥੀ ਕਈ ਵਾਰ ਮਹਿਸੂਸ ਕਰਨ ਲੱਗ ਪੈਂਦੇ ਹਨ ਕਿ ਸਮਾਜਿਕ ਅਪਮਾਨ ਅਤੇ ਨਿਰਾਸ਼ਾ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਕੇਵਲ ਖੁਦਕੁਸ਼ੀ ਹੀ ਹੈ। ਤੀਸਰਾ, ਵਧਦੀ ਜਾਗਰੂਕਤਾ ਦੇ ਬਾਵਜੂਦ ਮਾਨਸਿਕ ਸਿਹਤ ਦਾ ਮੁੱਦਾ ਇੱਕ ਮਹੱਤਵਪੂਰਨ ਸਮੱਸਿਆ ਹੈ। ਬਹੁਤੇ ਸਕੂਲਾਂ ਅਤੇ ਕਾਲਜਾਂ ਵਿੱਚ ਅਜਿਹੀਆਂ ਢੁਕਵੀਆਂ ਸਲਾਹ ਸਹੂਲਤਾਂ ਦੇਣ ਵਾਸਤੇ ਪ੍ਰੋਫੈੱਸ਼ਨਲ ਮਨੋਵਿਗਿਆਨੀ ਜਾਂ ਸਲਾਹਕਾਰ ਹੈ ਹੀ ਨਹੀਂ ਅਤੇ ਜੇਕਰ ਕਿਤੇ ਹੋਣ ਵੀ ਤਾਂ ਵਿਦਿਆਰਥੀ ਆਪਣੇ ਆਪ ਨੂੰ ਕਮਜ਼ੋਰ ਜਾਂ ਅਸਥਿਰ ਸਮਝੇ ਜਾਣ ਡਰੋਂ ਅਜਿਹੀ ਸਹਾਇਤਾ ਲੈਣ ਤੋਂ ਝਿਜਕਦੇ ਹਨ। ਡਿਪਰੈਸ਼ਨ, ਚਿੰਤਾ ਅਤੇ ਪੁਰਾਣੇ ਤਣਾਅ ਵਰਗੀਆਂ ਸਥਿਤੀਆਂ ਅਣਪਛਾਤੀਆਂ ਅਤੇ ਲਾਇਲਾਜ ਰਹਿ ਜਾਣ ਕਰਕੇ ਵੀ ਕਈ ਵਾਰ ਅਜਿਹੇ ਦੁਖਦਾਈ ਨਤੀਜੇ ਨਿਕਲਦੇ ਹਨ। ਚੌਥਾ, ਕਈ ਵਿਦਿਆਰਥੀਆਂ ਨੂੰ ਰੈਗਿੰਗ, ਜਾਤੀ-ਆਧਾਰਿਤ ਵਿਤਕਰਾ, ਲਿੰਗ ਪੱਖਪਾਤ, ਅਧਿਆਪਕਾਂ ਜਾਂ ਸਾਥੀਆਂ ਤੋਂ ਪ੍ਰੇਸ਼ਾਨੀ ਅਤੇ ਇਨ੍ਹਾਂ ਸੰਸਥਾਵਾਂ ਦੇ ਅੰਦਰ ਧੱਕੇਸ਼ਾਹੀ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਉੱਚ ਸਿੱਖਿਆ ਸੰਸਥਾਵਾਂ ਵਿੱਚ ਦਲਿਤ ਜਾਂ ਘੱਟ ਗਿਣਤੀ ਵਿਦਿਆਰਥੀਆਂ ਨਾਲ ਜੁੜੇ ਕਈ ਦੁਖਦਾਈ ਮਾਮਲਿਆਂ ਨੇ ਪ੍ਰਚੱਲਿਤ ਅਸੰਵੇਦਨਸ਼ੀਲਤਾ ਨੂੰ ਉਜਾਗਰ ਕੀਤਾ ਹੈ। ਇਸ ਤੋਂ ਇਲਾਵਾ, ਗਰੀਬੀ, ਬੇਰੁਜ਼ਗਾਰੀ ਅਤੇ ਵਿੱਤੀ ਅਸਥਿਰਤਾ ਸਮੇਤ ਸਮਾਜਿਕ-ਆਰਥਿਕ ਕਾਰਕ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮੌਜੂਦਾ ਸਿੱਖਿਆ ਪ੍ਰਣਾਲੀ ਜੀਵਨ ਹੁਨਰ, ਭਾਵਨਾਤਮਕ ਬੁੱਧੀ ਤੇ ਤਣਾਅ ਪ੍ਰਬੰਧਨ ਰਹਿਤ ਰੱਟੇ ਮਾਰਨ ਅਤੇ ਅਕਾਦਮਿਕ ਪ੍ਰਾਪਤੀ ’ਤੇ ਕੇਂਦਰਿਤ ਹੋਣ ਕਰਕੇ ਕਈ ਵਿਦਿਆਰਥੀ ਜ਼ਿੰਦਗੀ ਵਿੱਚ ਮਿਲੀ ਅਸਫਲਤਾ ਨਾਲ ਨਜਿੱਠਣ ਤੋਂ ਅਸਮਰੱਥ ਰਹਿ ਜਾਂਦੇ ਹਨ।
ਇਹ ਸਥਿਤੀ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ, ਨੀਤੀ ਨਿਰਮਾਤਾਵਾਂ ਅਤੇ ਸਮੁੱਚੇ ਸਮਾਜ ਸਮੇਤ ਵੱਡੇ ਪੱਧਰ ’ਤੇ ਸਾਰੇ ਹਿੱਸੇਦਾਰਾਂ ਤੋਂ ਤੁਰੰਤ ਆਤਮ-ਨਿਰੀਖਣ ਅਤੇ ਸਮੂਹਿਕ ਕਾਰਵਾਈ ਦੀ ਮੰਗ ਕਰਦੀ ਹੈ। ਸਿੱਖਿਆ ਦਾ ਉਦੇਸ਼ ਜਾਗ੍ਰਿਤ ਕਰਨਾ ਹੋਣਾ ਚਾਹੀਦਾ ਹੈ। ਇਸ ਰਾਹੀਂ ਵਿਦਿਆਰਥੀ ਨੂੰ ਗਿਆਨ ਮਿਲੇ ਤਾਂ ਜੋ ਉਸ ਦਾ ਦਿਮਾਗ ਰੌਸ਼ਨ ਹੋਵੇ। ਖੁਦਕੁਸ਼ੀਆਂ ਕਾਰਨ ਗੁਆਚਦੀ ਹਰੇਕ ਜ਼ਿੰਦਗੀ ਸਿਰਫ਼ ਇੱਕ ਨਿੱਜੀ ਦੁਖਾਂਤ ਨਹੀਂ, ਸਗੋਂ ਇੱਕ ਰਾਸ਼ਟਰੀ ਨੁਕਸਾਨ ਹੈ। ਇਸ ਨੂੰ ਰੋਕਣਾ ਨਾ ਸਿਰਫ਼ ਇੱਕ ਨੈਤਿਕ ਜ਼ਿੰਮੇਵਾਰੀ ਹੈ, ਸਗੋਂ ਰਾਸ਼ਟਰ ਦੇ ਭਵਿੱਖ ਪ੍ਰਤੀ ਇੱਕ ਫਰਜ਼ ਵੀ ਹੈ।
ਸੰਪਰਕ: 94637-63331
