ਸੋਨੂੰ ਨਿਗਮ ਵੱਲੋਂ ਇੰਡੀਆ ਟੂਰ ‘ਸਤਰੰਗੀ ਰੇ’ ਦਾ ਐਲਾਨ
ਗਾਇਕ ਸੋਨੂੰ ਨਿਗਮ ਨੇ ਆਪਣੇ 52ਵੇਂ ਜਨਮ ਦਿਨ ਮੌਕੇ ‘ਸਤਰੰਗੀ ਰੇ’ ਨਾਮੀਂ ਇੰਡੀਆ ਟੂਰ ਦਾ ਐਲਾਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨਵਾਂ ਗੀਤ ‘ਕਹਾਣੀ ਮੇਰੀ’ ਵੀ ਲਾਂਚ ਕੀਤਾ। ਪਦਮਸ੍ਰੀ ਸੋਨੂੰ ਨਿਗਮ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਲਈ ਇਸ ਸੰਗੀਤਕ ਟੂਰ ਰਾਹੀਂ ਸੱਤ ਸ਼ਹਿਰਾਂ ਵਿੱਚ ਜਾਣਗੇ। ਇਹ ਟੂਰ ‘ਐੱਨਆਰ ਟੇਲੈਂਟ ਐਂਡ ਈਵੈਂਟ ਮੈਨੇਜਮੈਂਟ’ ਅਤੇ ‘ਬੁੱਕ ਮਾਈ ਸ਼ੋਅ’ ਵੱਲੋਂ ਕਰਵਾਇਆ ਜਾਵੇਗਾ। ਇਸ ਟੂਰ ਦੌਰਾਨ ਮੁੰਬਈ, ਹੈਦਰਾਬਾਦ, ਕੋਲਕਾਤਾ, ਅਹਿਮਦਾਬਾਦ, ਪੂਣੇ, ਸ਼ਿਲੌਂਗ ਅਤੇ ਦਿੱਲੀ-ਐੱਨਸੀਆਰ ਵਿੱਚ ਸ਼ੋਅ ਕੀਤੇ ਜਾਣਗੇ, ਜਿਨ੍ਹਾਂ ਦੀਆਂ ਟਿਕਟਾਂ ਪਹਿਲੀ ਅਗਸਤ ਤੋਂ ਸਿਰਫ਼ ‘ਬੁੱਕ ਮਾਈ ਸ਼ੋਅ’ ਉੱਤੇ ਮਿਲਣਗੀਆਂ। ਗਾਇਕ ਸੋਨੂੰ ਨਿਗਮ ਨੇ ਕਿਹਾ, ‘ਮੇਰੇ ਸੰਗੀਤਕ ਸਫ਼ਰ ਦੇ ਚਾਰ ਦਹਾਕਿਆਂ ਦੌਰਾਨ ਪ੍ਰਸ਼ੰਸਕਾਂ ਨੇ ਮੈਨੂੰ ਬਹੁਤ ਸਨੇਹ ਦਿੱਤਾ ਹੈ ਅਤੇ ਮੈਂ ਹਮੇਸ਼ਾ ਇਸ ਲਈ ਸ਼ੁਕਰਗੁਜ਼ਾਰ ਰਿਹਾ ਹਾਂ। ਟੂਰ ‘ਸਤਰੰਗੀ ਰੇ 2025’ ਪ੍ਰਸ਼ੰਸਕਾਂ ਨਾਲ ਮੇਰੇ ਪਿਆਰ ਭਰੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੇਗਾ।’ ਇਸ ਦੌਰਾਨ ‘ਬੁੱਕ ਮਾਈ ਸ਼ੋਅ’ ਦੇ ਸੀਓਓ ਅਨਿਲ ਮਖੀਜਾ ਨੇ ਕਿਹਾ ਕਿ ਸੋਨੂੰ ਨਿਗਮ ਦੇ ਸੰਗੀਤ ਨੇ ਹਮੇਸ਼ਾ ਪਿਆਰ ਦੇ ਰੰਗਾਂ ਨੂੰ ਛੋਹਿਆ ਹੈ। ਉਸ ਨੂੰ ਭਾਰਤੀ ਸੰਗੀਤ ਦੀ ਦੁਨੀਆਂ ਵਿੱਚ ਸਭ ਤੋਂ ਸਫ਼ਲ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੋ ਆਪਣੇ ਪਿਆਰ ਭਰੇ ਗੀਤਾਂ ਅਤੇ ਸੁਰੀਲੀ ਆਵਾਜ਼ ਕਾਰਨ ਪ੍ਰਸਿੱਧ ਹਨ। ਸੋਨੂੰ ਨਿਗਮ ਦੇ ਕੁਝ ਮਸ਼ਹੂਰ ਗੀਤਾਂ ’ਚ ‘ਅਭੀ ਮੁਝ ਮੇਂ ਕਹੀਂ’, ‘ਸੰਦੇਸ਼ੇ ਆਤੇ ਹੈਂ’, ‘ਤੁਮਸੇ ਮਿਲ ਕੇ ਦਿਲ ਕਾ ਜੋ ਹਾਲ’, ‘ਬੋਲੇ ਚੂੜੀਆਂ’ ਅਤੇ ਹੋਰ ਕਈ ਮਕਬੂਲ ਗੀਤ ਸ਼ਾਮਲ ਹਨ।