ਸੋਨਮ ਬਾਜਵਾ ਵੱਲੋਂ ਫਿਲਮ ‘ਬਾਗ਼ੀ-4’ ਦੀ ਸ਼ੂਟਿੰਗ ਮੁਕੰਮਲ
ਇਸੇ ਵਰ੍ਹੇ ਹਿੰਦੀ ਫਿਲਮ ਜਗਤ ’ਚ ਪੈਰ ਧਰਨ ਵਾਲੀ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਆਪਣੀ ਦੂਜੀ ਹਿੰਦੀ ਫਿਲਮ ‘ਬਾਗ਼ੀ-4’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਫ਼ਿਲਮ ‘ਬਾਗ਼ੀ’ ਦੇ ਚੌਥੇ ਭਾਗ ’ਚ ਟਾਈਗਰ ਸ਼ਰੌਫ, ਹਰਨਾਜ਼ ਸੰਧੂ ਅਤੇ ਸੰਜੈ ਦੱਤ ਵੀ ਨਜ਼ਰ ਆਉਣਗੇ। ‘ਬਾਗ਼ੀ-4’ ਦਾ ਨਿਰਦੇਸ਼ਨ ਏ. ਹਰਸ਼ਾ ਨੇ ਕੀਤਾ ਹੈ ਤੇ ਇਹ ਫ਼ਿਲਮ 5 ਸਤੰਬਰ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਣੀ ਹੈ। ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਹ ਖ਼ਬਰ ਸਾਂਝੀ ਕੀਤੀ, ਜਿਸ ਵਿੱਚ ਉਹ ਕਲੈਪਰਬੋਰਡ ਫੜ ਕੇ ਖੜ੍ਹੀ ਦਿਖਾਈ ਦੇ ਰਹੀ ਹੈ। ਉਸ ਨੇ ਆਖਿਆ, ‘‘ਇੰਝ ਮੁਕੰਮਲ ਹੋ ਗਈ ਸ਼ੂਟਿੰਗ। ਇਹ ਮੇਰੀ ਦੂਜੀ ਹਿੰਦੀ ਫਿਲਮ ਹੈ... ਜੋਸ਼ ਤੇ ਵਿਸ਼ਵਾਸ ਨਾਲ ਭਰਿਆ ਸਫ਼ਰ।’’ ਸੋਨਮ ਨੇ ਹਰਸ਼ਾ ਨੂੰ ਸ਼ਾਨਦਾਰ ਨਿਰਦੇਸ਼ਕ ਦੱਸਦਿਆਂ ਉਸ ਦਾ ਤੇ ਬਾਕੀ ਅਮਲੇ ਦਾ ਧੰਨਵਾਦ ਕੀਤਾ ਹੈ। ਬਾਜਵਾ ਨੇ ਪੋਸਟ ਕਰਦਿਆਂ ਆਖਿਆ, ‘‘ਮੇਰੇ ਸ਼ਾਨਦਾਰ ਨਿਰਦੇਸ਼ਕ ਹਰਸ਼ਾ ਅਤੇ ਮੇਰੇ ਸ਼ਾਨਦਾਰ ਸਹਿਯੋਗੀ ਕਲਾਕਾਰ ਟਾਈਗਰ ਸ਼ਰੌਫ, ਸੰਜੈ ਦੱਤ, ਹਰਨਾਜ਼ ਸੰਧੂ ਅਤੇ ਇਸ ਕਹਾਣੀ ਲਈ ਆਪਣਾ ਸਭ ਕੁਝ ਦੇਣ ਵਾਲੇ ਹਰ ਵਿਅਕਤੀ ਦਾ ਧੰਨਵਾਦ। ਇਸ ਅਧਿਆਏ ਨੂੰ ਤੁਹਾਡੇ ਨਾਲ ਸਾਂਝਾ ਕਰਨ ਲਈ ਮੈਂ ਹੋਰ ਉਡੀਕ ਨਹੀਂ ਕਰ ਸਕਦੀ।’’ ਦੱਸਣਯੋਗ ਹੈ ਕਿ ‘ਬਾਗ਼ੀ’ ਫ਼ਿਲਮ ਦਾ ਪਹਿਲਾ ਭਾਗ 2016 ’ਚ ਆਇਆ ਸੀ, ਜਦਕਿ ‘ਬਾਗ਼ੀ-2’ ਅਤੇ ‘ਬਾਗ਼ੀ-3’ ਕ੍ਰਮਵਾਰ 2018 ਤੇ 2020 ’ਚ ਰਿਲੀਜ਼ ਹੋਈਆਂ ਸਨ।