ਸੋਹਾ ਅਲੀ ਖ਼ਾਨ ਨੇ ਪਰਿਵਾਰ ਨਾਲ ਮਨਾਇਆ ਜਨਮ ਦਿਨ
ਪਟੌਦੀ ਪਰਿਵਾਰ ਨੇ ਇਕੱਠਿਆਂ ਸੋਹਾ ਅਲੀ ਖ਼ਾਨ ਦਾ ਜਨਮ ਦਿਨ ਮਨਾਇਆ। ਫਿਲਮ ‘ਰੰਗ ਦੇ ਬਸੰਤੀ’ ਦੀ ਅਦਾਕਾਰਾ ਚਾਰ ਅਕਤੂਬਰ ਨੂੰ 47 ਸਾਲ ਦੀ ਹੋ ਗਈ ਹੈ। ਸੋਹਾ ਨੇ ਇੰਸਟਾਗ੍ਰਾਮ ’ਤੇ ਆਪਣੇ ਖ਼ਾਸ ਦਿਨ ਦੀਆਂ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ ਜਿਨ੍ਹਾਂ ਵਿੱਚ ਉਸ ਦੇ ਪਤੀ ਕੁਨਾਲ ਖੇਮੂ, ਮਾਂ ਸ਼ਰਮੀਲਾ ਟੈਗੋਰ ਤੇ ਉਸ ਦੇ ਕੁਝ ਦੋਸਤ ਹਨ। ਕੇਕ ਕੱਟਣ ਦੀਆਂ ਤਸਵੀਰਾਂ ਸ਼ਾਂਤ ਤੇ ਪਰਿਵਾਰ ਦੇ ਖੁਸ਼ਨੁਮਾ ਮਾਹੌਲ ਨੂੰ ਦਰਸਾਉਂਦੀਆਂ ਹਨ। ਸੋਹਾ ਨੇ ਕਿਹਾ, ‘‘ਕੇਕ, ਸ਼ਾਂਤੀ ਤੇ ਬਹੁਤ ਸਾਰਾ ਪਿਆਰ, ਇਸ ਤੋਂ ਜ਼ਿਆਦਾ ਹੋਰ ਕੀ ਉਮੀਦ ਕਰ ਸਕਦੇ ਹਾਂ।’’ ਇਸ ਦੌਰਾਨ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੀ ਨਨਾਣ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ਤਸਵੀਰ ਵਿੱਚ ‘ਜਬ ਵੀ ਮੈੱਟ’ ਦੀ ਅਦਾਕਾਰਾ ਸੋਹਾ ਅਲੀ ਖ਼ਾਨ ਨਾਲ ਨਜ਼ਰ ਆ ਰਹੀ ਹੈ। ਕਰੀਨਾ ਨੇ ਕਿਹਾ, ‘‘ਕਿਤਾਬਾਂ, ਖੰਡ ਰਹਿਤ ਕੇਕ ਤੇ ਤੁਹਾਡੇ ਭਰਾ ਤੇ ਮੇਰੇ ਲਈ ਤੁਹਾਡਾ ਪਿਆਰ ਕਦੇ ਨਾ ਘੱਟ ਹੋਵੇ। ਤੁਸੀਂ ਮਜ਼ਾਕੀਆ ਤੇ ‘ਸਹਿਯੋਗੀ’.. ਜਨਮ ਦਿਨ ਮੁਬਾਰਕ ਮੇਰੀ ਪਿਆਰੀ ਨਨਾਣ।’’ ਕਰੀਨਾ ਦੀ ਪੋਸਟ ਤੋਂ ਬਾਅਦ ਸੋਹਾ ਨੇ ਜਵਾਬ ਦਿੱਤਾ, ‘‘ਇਸ ਦਾ ਕੋਈ ਖ਼ਤਰਾ ਨਹੀਂ। ਮੈਂ ਆਪਣੇ ਪਰਿਵਾਰ, ਆਪਣੇ ਸਾਹਿਤ ਅਤੇ ਆਪਣੀਆਂ ਮਿਠਾਈਆਂ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਹਾਂ। ਕਈ ਵਾਰ ਤਰਜੀਹੀ ਕੰਮ ਬਦਲ ਜਾਂਦਾ ਹੈ... ਤੁਹਾਨੂੰ ਪਿਆਰ’’। ਜ਼ਿਕਰਯੋਗ ਹੈ ਕਿ ਸੋਹਾ ਆਖ਼ਰੀ ਵਾਰ ਨੁਸਰਤ ਭਰੂਚਾ ਦੀ ਫਿਲਮ ‘ਛੋਰੀ-2’ ਵਿੱਚ ਨਜ਼ਰ ਆਈ ਸੀ।