‘ਸਿਤਾਰੇ ਜ਼ਮੀਨ ਪਰ’ ਅੱਜ ਆਨਲਾਈਨ ਸਟਰੀਮ ’ਤੇ ਹੋਵੇਗੀ ਰਿਲੀਜ਼: ਆਮਿਰ ਖ਼ਾਨ
ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਫ਼ਿਲਮ ‘ਸਿਤਾਰੇ ਜ਼ਮੀਨ ਪਰ’ ਪਹਿਲੀ ਅਗਸਤ ਨੂੰ ਆਨਲਾਈਨ ਸਟਰੀਮ ’ਤੇ ਰਿਲੀਜ਼ ਹੋਵੇਗੀ। ਇਹ ਫ਼ਿਲਮ ਕਿਸੇ ਓਟੀਟੀ ਪਲੇਟਫਾਰਮ ’ਤੇ ਦਿਖਾਈ ਨਹੀਂ ਦੇਵੇਗੀ। ਅਦਾਕਾਰ ਨੇ ਆਪਣੀ ਫ਼ਿਲਮ ਨੂੰ ਯੂ-ਟਿਊਬ ’ਤੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਅਦਾਕਾਰ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਦਰਸ਼ਕਾਂ ਨੂੰ ਫ਼ਿਲਮ ਦੇਖਣ ਲਈ ਸਿਨੇਮਾਘਰਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਨਾ ਹੀ ਫ਼ਿਲਮ ਦੇਖਣ ਲਈ ਵਧੇਰੇ ਪੈਸੇ ਖਰਚਣ ਦੀ ਲੋੜ ਹੈ, ਸਗੋਂ ਸੌ ਰੁਪਏ ਦਾ ਭੁਗਤਾਨ ਕਰਕੇ ਫ਼ਿਲਮ ਦੇਖੀ ਜਾ ਸਕਦੀ ਹੈ। ਉਸ ਨੇ ਦੱਸਿਆ ਕਿ ਯੂ-ਟਿਊਬ ਨਾਲ ਹਰ ਨਾਗਰਿਕ ਤੱਕ ਪਹੁੰਚਿਆ ਜਾ ਸਕਦਾ ਹੈ। ਯੂ-ਟਿਊਬ ਲਗਪਗ ਸਾਰੇ ਉਪਕਰਨਾਂ ’ਤੇ ਪਹਿਲਾਂ ਹੀ ਇੰਸਟਾਲ ਹੈ, ਚਾਹੇ ਉਹ ਸਮਾਰਟ ਟੀਵੀ ਹੋਵੇ, ਟੈਬਲੇਟ ਹੋਵੇ ਜਾਂ ਫੇਰ ਮੋਬਾਈਲ ਫੋਨ। ਉਸ ਨੇ ਦੱਸਿਆ ਕਿ ਯੂਟਿਊਬ ਚੈਨਲ ਆਮਿਰ ਖਾਨ ਟਾਕੀਜ਼ ’ਤੇ ਉਸ ਦੇ ਪ੍ਰੋਡਕਸ਼ਨ ਤੇ ਬੈਨਰ ਹੇਠ ਹੋਰ ਫ਼ਿਲਮਾਂ ਦੇ ਨਾਲ-ਨਾਲ ਉਨ੍ਹਾਂ ਦੇ ਪਿਤਾ ਤਾਹਿਰ ਹੁਸੈਨ ਵੱਲੋਂ ਬਣਾਏ ਪੁਰਾਣੇ ਸਿਰਲੇਖਾਂ ਨੂੰ ਵੀ ਦਿਖਾਇਆ ਜਾਵੇਗਾ। ਉਸ ਨੇ ਕਿਹਾ ਕਿ ਇਹ ਉਸ ਦੀ ਨਿੱਜੀ ਸਿਨੇਮਾ ਚੇਨ ਹੈ, ਜੋ ਹਰ ਕਿਸੇ ਦੇ ਘਰ ਅਤੇ ਹਰ ਕਿਸੇ ਦੀ ਜੇਬ ਵਿੱਚ ਹੈ। ਉਸ ਨੂੰ ਓਟੀਟੀ ਚੈਨਲਾਂ ਤੋਂ ਵਧੀਆ ਪੇਸ਼ਕਸ਼ਾਂ ਮਿਲੀਆਂ। ਉਸ ਨੇ ਦੱਸਿਆ ਕਿ ਉਸ ਨੂੰ ਓਟੀਟੀ ਚੈਨਲਾਂ ਤੋਂ 100-125 ਕਰੋੜ ਰੁਪਏ ਨਹੀਂ ਚਾਹੀਦੇ ਸਗੋਂ ਉਹ ਆਪਣੇ ਦਰਸ਼ਕਾਂ ਤੋਂ 100 ਰੁਪਏ ਕਮਾਉਣਾ ਚਾਹੁੰਦਾ ਹੈ।ਪਹਿਲੀ ਅਗਸਤ ਤੋਂ ਫ਼ਿਲਮ ‘ਸਿਤਾਰੇ ਜ਼ਮੀਨ ਪਰ’ ਭਾਰਤ ਵਿੱਚ ਯੂਟਿਊਬ ’ਤੇ 100 ਰੁਪਏ ਵਿੱਚ ਵਿਸ਼ੇਸ਼ ਤੌਰ ’ਤੇ ਦੇਖੀ ਜਾ ਸਕਦੀ ਹੈ। ਇਹ ਫ਼ਿਲਮ ਅਮਰੀਕਾ, ਕੈਨੇਡਾ, ਯੂਕੇ, ਆਸਟਰੇਲੀਆ, ਜਰਮਨੀ, ਇੰਡੋਨੇਸ਼ੀਆ, ਫਿਲੀਪੀਨਜ਼, ਸਿੰਗਾਪੁਰ ਅਤੇ ਸਪੇਨ ਸਣੇ 38 ਕੌਮਾਂਤਰੀ ਬਾਜ਼ਾਰਾਂ ਵਿੱਚ ਦੇਖਣ ਲਈ ਸਥਾਨਕ ਕੀਮਤ ਨਿਰਧਾਰਤ ਕੀਤੀ ਜਾਵੇਗੀ।