ਸਿਧਾਰਥ ਤੇ ਜਾਨ੍ਹਵੀ ਦੀ ਫ਼ਿਲਮ ‘ਪਰਮ ਸੁੰਦਰੀ’ ਅਗਲੇ ਮਹੀਨੇ ਹੋਵੇਗੀ ਰਿਲੀਜ਼
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਜਾਨ੍ਹਵੀ ਕਪੂਰ ਫਿਲਮ ‘ਪਰਮ ਸੁੰਦਰੀ’ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫਿਲਮ ਅਗਸਤ ਵਿੱਚ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਕੇਰਲ ਦੇ ਇਲਾਕਿਆਂ ਵਿੱਚ ਬਣੀ ਇਸ ਫਿਲਮ ਦੀ ਕਹਾਣੀ ਹਾਸੇ, ਅਣਕਿਆਸੇ ਹਾਲਾਤ ਆਦਿ ਦੁਆਲੇ ਘੁੰਮਦੀ ਹੈ। ਦਿਨੇਸ਼ ਵਿਜਨ ਨੇ ਇਸ ਫਿਲਮ ਦਾ ਨਿਰਮਾਣ ਮੈਡੌਕ ਫਿਲਮਜ਼ ਦੇ ਬੈਨਰ ਹੇਠ ਕੀਤਾ ਹੈ। ਪਹਿਲਾਂ ਇਸ ਫਿਲਮ ਨੂੰ ਜੁਲਾਈ ਮਹੀਨੇ ਵਿੱਚ ਰਿਲੀਜ਼ ਕੀਤਾ ਜਾਣਾ ਸੀ ਪਰ ਹੁਣ ਇਸ ਨੂੰ ਅਗਸਤ ਵਿੱਚ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੇ ਨਿਰਮਾਤਾਵਾਂ ਨੇ ਹਾਲੇ ਤਕ ਫਿਲਮ ਰਿਲੀਜ਼ ਕਰਨ ਦੀ ਤਰੀਕ ਦਾ ਖ਼ੁਲਾਸਾ ਨਹੀਂ ਕੀਤਾ। ਇਸ ਦਾ ਨਿਰਦੇਸ਼ਨ ਤੁਸ਼ਾਰ ਜਲੋਟਾ ਨੇ ਕੀਤਾ ਹੈ। ਇਸ ਫਿਲਮ ਵਿੱਚ ਸਿਧਾਰਥ ਨੇ ਪਰਮ ਦਾ ਅਤੇ ਜਾਨ੍ਹਵੀ ਨੇ ਸੁੰਦਰੀ ਦਾ ਕਿਰਦਾਰ ਅਦਾ ਕੀਤਾ ਹੈ। ਇਸ ਤੋਂ ਇਲਾਵਾ ਜਾਨ੍ਹਵੀ, ਵਰੁਣ ਧਵਨ ਨਾਲ ਫਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਵਿੱਚ ਵੀ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਖੇਤਾਨ ਨੇ ਕੀਤਾ ਹੈ। ਇਸ ਦਾ ਨਿਰਮਾਣ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਅਤੇ ਖੇਤਾਨ ਦੇ ਮੈਂਟਰ ਡਿਸਾਇਪਲ ਐਂਟਰਟੇਨਮੈਂਟ ਵੱਲੋਂ ਕੀਤਾ ਗਿਆ ਹੈ। -ਪੀਟੀਆਈ