ਸ਼ੁਭਾਂਗੀ ਨੂੰ ਆਸਟਰੇਲਿਆਈ ਫਿਲਮ ਮੇਲੇ ’ਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ
ਅਨੁਪਮ ਖੇਰ ਵੱਲੋਂ ਨਿਰਦੇਸ਼ਤ ਫਿਲਮ ‘ਤਨਵੀ ਦਾ ਗ੍ਰੇਟ’ ਵਿੱਚ ਅਭਿਨੈ ਦੀ ਸ਼ੁਰੂਆਤ ਕਰਨ ਵਾਲੀ ਅਭਿਨੇਤਰੀ ਸ਼ੁਭਾਂਗੀ ਦੱਤ ਨੇ ਆਸਟਰੇਲੀਆ ਦੇ ਕੌਮਾਂਤਰੀ ਫਿਲਮ ਮਹਾਉਤਸਵ ’ਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ ਹੈ। ਪ੍ਰੈਸ ਨੂੰ ਜਾਰੀ ਬਿਆਨ ਅਨੁਸਾਰ ‘ਤਨਵੀ ਦਾ ਗ੍ਰੇਟ’ ਸਰਵੋਤਮ ਸਕ੍ਰਿਪਟ ਦਾ ਪੁਰਸਕਾਰ ਮਿਲਿਆ, ਜਿਸ ਦਾ ਸਿਹਰਾ ਖੇਰ, ਅਦਾਕਾਰ ਦੀਕਸ਼ਿਤ ਅਤੇ ਅੰਕੁਰ ਸੁਮਨ ਦੇ ਸਾਂਝੇ ਲੇਖਣ ਨੂੰ ਦਿੱਤਾ ਗਿਆ। ਇਹ ਸਮਾਗਮ ਛੇ ਦਸੰਬਰ ਨੂੰ ਕਰਵਾਇਆ ਗਿਆ ਸੀ। ਸ਼ੁਭਾਂਗੀ ਨੇ ਬਿਆਨ ’ਚ ਕਿਹਾ, ‘‘ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸ ਨੇ ਇਹ ਪੁਰਸਕਾਰ ਜਿੱਤ ਲਿਆ ਅਤੇ ਇਹ ਬਹੁਤ ਖੂਬਸੂਰਤ ਤਜ਼ਰਬਾ ਹੈ। ਮੈਂ ਧੰਨਵਾਦੀ ਹਾਂ ਕਿ ਦੁਨੀਆ ਭਰ ’ਚ ਦਰਸ਼ਕਾਂ ਨੇ ਇਸ ਫਿਲਮ ਅਤੇ ਇਸ ਦੇ ਖੂਬਸੂਰਤ ਸੰਦੇਸ਼ ਨਾਲ ਮੇਰੀ ਸਾਂਝ ਨੂੰ ਮਹਿਸੂਸ ਕੀਤਾ। ਮੈਂ ਅਨੁਪਮ ਦੀ ਬੇਹਦ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੇ ’ਤੇ ਵਿਸ਼ਵਾਸ ਕੀਤਾ, ਮੇਰਾ ਮਾਰਗਦਰਸ਼ਨ ਕੀਤਾ ਅਤੇ ਮੈਨੂੰ ਜੀਵਨ ਦਾ ਸਭ ਤੋਂ ਮਹੱਤਵਪੂਰਨ ਕਿਰਦਾਰ ਦਿੱਤਾ।’’ ਉਸ ਨੇ ਕਿਹਾ, ‘‘ਇਹ ਸਨਮਾਨ ਸਾਡੀ ਪੂਰੀ ਟੀਮ ਦਾ ਹੈ। ਖੇਰ ਨੇ ਕਿਹਾ, ‘‘ਸ਼ੁਭਾਂਗੀ ਇਸ ਪ੍ਰਾਪਤੀ ਦੀ ਪੂਰੀ ਤਰ੍ਹਾਂ ਹੱਕਦਾਰ ਹੈ ਕਿਉਂਕਿ ਉਸ ਨੇ ਤਨਵੀ ਦੇ ਕਿਰਦਾਰ ’ਚ ਪੂਰੀ ਇਮਾਨਦਾਰੀ ਨਾਲ ਜਾਨ ਪਾਈ।’’ ਫਿਲਮ ’ਚ ਖੇਰ ਨਾਲ ਬੋਮਨ ਇਰਾਨੀ, ਪੱਲਵੀ ਜੋਸ਼ੀ, ਅਰਵਿੰਦ ਸਵਾਮੀ, ਨਾਸਰ, ਇਯਾਨ ਗਲੇਨ ਅਤੇ ਕਰਨ ਟੈਕਰ ਵੀ ਪ੍ਰਮੁੱਖ ਭੂਮਿਕਾਵਾਂ ’ਚ ਹਨ।
