ਫਿਲਮ ‘ਬਾਰਡਰ-2’ ਦੀ ਸ਼ੂਟਿੰਗ ਮੁਕੰਮਲ
ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਬਾਰਡਰ-2’ ਲਈ ਸ਼ੂਟਿੰਗ ਪੂਰੀ ਕਰ ਲਈ ਹੈ। ਸ਼ੂਟਿੰਗ ਦੇ ਆਖ਼ਰੀ ਦਿਨ ਬੁੱਧਵਾਰ ਨੂੰ ਫ਼ਿਲਮ ਦੇ ਨਿਰਮਾਤਾਵਾਂ ਨੇ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਵਰੁਣ ਧਵਨ ਫ਼ਿਲਮ ਦੇ ਸਾਥੀ ਕਲਾਕਾਰਾਂ, ਫ਼ਿਲਮ ਦੇ ਡਾਇਰੈਕਟਰ ਅਨੁਰਾਗ ਸਿੰਘ, ਨਿਰਮਾਤਾ ਭੂਸ਼ਣ ਕੁਮਾਰ ਅਤੇ ਹੋਰ ਅਮਲੇ ਸਣੇ ਕੇਕ ਕੱਟ ਕੇ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਫ਼ਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ‘ਬਾਰਡਰ-2’ ਦੀ ਸ਼ੂਟਿੰਗ ਪੂਰੀ ਹੋਣ ’ਤੇ ਜਸ਼ਨ ਮਨਾਏ ਗਏ ਤੇ ਟੀਮ ਵੱਲੋਂ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ ਗਿਆ। ਵਰੁਣ ਧਵਨ ਨੂੰ ਫ਼ਿਲਮ ਬਾਰਡਰ-2 ਵਿੱਚ ਇੱਕ ਸ਼ਾਨਦਾਰ ਕਿਰਦਾਰ ਦੇਣ ’ਤੇ ਉਨ੍ਹਾਂ ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਸਿੰਘ ਅਤੇ ਫ਼ਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ ਦਾ ਧੰਨਵਾਦ ਵੀ ਕੀਤਾ। ਵਰੁਣ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਮੈਂ ਇਸ ਲਈ ਫ਼ਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਦਾ ਰਿਣੀ ਰਹਾਂਗਾ। ਵਰੁਣ ਧਵਨ ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹੇ ਹਨ। ਉਨ੍ਹਾਂ ‘ਬਾਰਡਰ-2’ ਦੀ ਸ਼ੂਟਿੰਗ ਸਮੇਂ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਪੋਸਟ ਵਿੱਚ ਵਰੁਣ ਧਵਨ ਨੇ ਪੰਜਾਬ ਦੀ ਮਹਿਕ ਨੂੰ ਦਰਸਾਉਂਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਤਸਵੀਰ ਵਿੱਚ ਵਰੁਣ ਧਵਨ ਨੇ ਕੁੜਤਾ ਪਜਾਮਾ ਪਾਇਆ ਹੋਇਆ ਹੈ, ਤੇ ਪੰਜਾਬ ਦੇ ਖੇਤਾਂ ਵਿੱਚ ਘੁੰਮਦੇ ਦਿਖਾਈ ਦੇ ਰਹੇ ਹਨ। ਅਨੁਰਾਗ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਫ਼ਿਲਮ ‘ਬਾਰਡਰ-2’, ਜਿਸ ਵਿੱਚ ਅਦਾਕਾਰ ਸੰਨੀ ਦਿਓਲ ਮੁੱਖ ਭੂਮਿਕਾ ਵਿੱਚ ਹਨ, 23 ਜਨਵਰੀ 2026 ਨੂੰ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ।