ਰਿਸ਼ਭ ਸ਼ੈੱਟੀ ਦੀ ਫਿਲਮ ‘ਕਾਂਤਾਰਾ: ਚੈਪਟਰ 1’ ਦੀ ਸ਼ੂਟਿੰਗ ਮੁਕੰਮਲ
ਰਿਸ਼ਭ ਸ਼ੈੱਟੀ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ‘ਕਾਂਤਾਰਾ: ਚੈਪਟਰ 1’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ 2 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ‘ਹੋਮਬੇਲ ਫਿਲਮਜ਼’ ਦੀ ਇਹ ਫਿਲਮ ‘ਕਾਂਤਾਰਾ’ ਤੋਂ ਪਹਿਲਾਂ ਦੀ ਕਹਾਣੀ (ਪ੍ਰੀਕੁਅਲ) ਹੈ। ਫਿਲਮ ‘ਕਾਂਤਾਰਾ’ ਨੇ ਸਾਲ 2022 ਵਿੱਚ ਕੌਮੀ ਪੁਰਸਕਾਰ ਜਿੱਤਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਵੀ ਸ਼ੈੱਟੀ ਨੇ ਹੀ ਕੀਤਾ ਸੀ ਅਤੇ ਮੁੱਖ ਕਿਰਦਾਰ ਵੀ ਉਸੇ ਨੇ ਨਿਭਾਇਆ ਸੀ। ਪ੍ਰੋਡਕਸ਼ਨ ਬੈਨਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਨਿਰਮਾਤਾਵਾਂ ਨੇ ਪੋਸਟ ਵਿੱਚ ਫਿਲਮ ਬਣਾਉਂਦਿਆਂ ਦੀਆਂ ਕੁੱਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ। ਪੋਸਟ ਵਿੱਚ ਉਨ੍ਹਾਂ ਲਿਖਿਆ, ‘ਸ਼ੂਟਿੰਗ ਮੁਕੰਮਲ ਹੋ ਗਈ ਹੈ... ਸਫ਼ਰ ਸ਼ੁਰੂ ਹੁੰਦਾ ਹੈ। ਪੇਸ਼ ਹੈ ਕਾਂਤਾਰਾ ਦੀ ਦੁਨੀਆ। ਇਹ ਬਹੁਤ ਸ਼ਾਨਦਾਰ ਯਾਤਰਾ ਰਹੀ। ਇਹ ਫਿਲਮ ਸਾਡੇ ਸੱਭਿਆਚਾਰ ਦੀਆਂ ਡੂੰਘੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ ਅਤੇ ਪੂਰੀ ਟੀਮ ਨੇ ਪੂਰੀ ਸਮਰਪਣ ਭਾਵਨਾ ਅਤੇ ਅਣਥੱਕ ਮਿਹਨਤ ਨਾਲ ਕੰਮ ਕੀਤਾ ਹੈ। ਇਹ ਕਹਾਣੀ 2 ਅਕਤੂਬਰ ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ। ਸਿਨੇਮਾਘਰਾਂ ਵਿੱਚ ਤੁਹਾਨੂੰ ਸਾਰਿਆਂ ਨੂੰ ਦੇਖਣ ਲਈ ਉਤਸ਼ਾਹਿਤ ਹਾਂ।’ ਫਿਲਮ ‘ਕਾਂਤਾਰਾ’ ਦੀ ਕਹਾਣੀ ਦੱਖਣੀ ਤੱਟਵਰਤੀ ਰਾਜ ਕਰਨਾਟਕ ਦੇ ਕਾਡੂਬੇਟੂ ਦੇ ਜੰਗਲਾਂ ਵਿੱਚ ਰਹਿਣ ਵਾਲੇ ਇੱਕ ਛੋਟੇ ਜਿਹੇ ਭਾਈਚਾਰੇ ਦੇ ਆਲੇ-ਦੁਆਲੇ ਘੁੰਮਦੀ ਹੈ। ਲਗਪਗ 16 ਕਰੋੜ ਰੁਪਏ ਦੇ ਬਜਟ ਵਿੱਚ ਬਣੀ ਫਿਲਮ ‘ਕਾਂਤਾਰਾ’ ਨੇ ਦੁਨੀਆ ਭਰ ਵਿੱਚ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। 70ਵੇਂ ਨੈਸ਼ਨਲ ਫਿਲਮ ਐਵਾਰਡਜ਼ ਵਿੱਚ ਸ਼ੈੱਟੀ ਨੂੰ ‘ਪਹਿਲਾ ਸਰਵੋਤਮ ਅਦਾਕਾਰ’ ਐਵਾਰਡ ਮਿਲਿਆ ਸੀ।