ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਭਰਾਵਾਂ ਦੀ ਜੰਗ ਦਾ ਨਾਇਕ ਸ਼ਾਮ ਸਿੰਘ ਅਟਾਰੀ

ਅਵਤਾਰ ਸਿੰਘ ਆਨੰਦ ਸਤਲੁਜ ਕੰਢੇ ਸਭਰਾਵਾਂ ਵਿੱਚ ਸਰਕਾਰ-ਏ-ਖਾਲਸਾ ਦੀ ਫ਼ੌਜ ਤੇ ਅੰਗਰੇਜ਼ਾਂ ਵਿਚਾਲੇ ਹੋਏ ਯੁੱਧ ਵਿੱਚ ਸਿੱਖ ਫ਼ੌਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪ ਿਆ। ਕਈ ਸਿੱਖ ਜਰਨੈਲ ਵੀ ਇਸ ਯੁੱਧ ਦੇ ਮੈਦਾਨ ’ਚ ਸ਼ਹੀਦੀ ਪਾ ਗਏ। ਸ਼ਹੀਦ ਹੋਣ ਵਾਲੇ...
Advertisement

ਅਵਤਾਰ ਸਿੰਘ ਆਨੰਦ

ਸਤਲੁਜ ਕੰਢੇ ਸਭਰਾਵਾਂ ਵਿੱਚ ਸਰਕਾਰ-ਏ-ਖਾਲਸਾ ਦੀ ਫ਼ੌਜ ਤੇ ਅੰਗਰੇਜ਼ਾਂ ਵਿਚਾਲੇ ਹੋਏ ਯੁੱਧ ਵਿੱਚ ਸਿੱਖ ਫ਼ੌਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪ ਿਆ। ਕਈ ਸਿੱਖ ਜਰਨੈਲ ਵੀ ਇਸ ਯੁੱਧ ਦੇ ਮੈਦਾਨ ’ਚ ਸ਼ਹੀਦੀ ਪਾ ਗਏ। ਸ਼ਹੀਦ ਹੋਣ ਵਾਲੇ ਜਰਨੈਲਾਂ ’ਚ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਨੇੜਲਾ ਤੇ ਵਫ਼ਾਦਾਰ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਵੀ ਸ਼ਾਮਲ ਸੀ। ਇਸ ਹਾਰ ਨੇ ਸਿੱਖ ਪੰਥ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਯੁੱਧ ਮਗਰੋਂ ਬਰਤਾਨਵੀ ਸਰਕਾਰ ਨੇ ਲਾਹੌਰ ਕਬਜ਼ੇ ’ਚ ਲੈ ਕੇ ਲਾਹੌਰ ਦੇ ਸ਼ਾਹੀ ਕਿਲ੍ਹੇ ਤੋਂ ਸਰਕਾਰ-ਏ-ਖਾਲਸਾ ਦਾ ਝੰਡਾ ਲਾਹ ਕੇ ਆਪਣਾ ਝੰਡਾ ਲਹਿਰਾਇਆ।

ਮਹਾਰਾਜਾ ਰਣਜੀਤ ਸਿੰਘ ਜਦੋਂ ਤੱਕ ਜਿਊਂਦੇ ਰਹੇ, ਉਦੋਂ ਤੱਕ ਖਾਲਸਾ ਪੰਥ ਚੜ੍ਹਦੀ ਕਲਾ ’ਚ ਰਿਹਾ। ਖਾਲਸਾ ਫ਼ੌਜ ਨੇ ਆਪਣੇ ਦਮ ’ਤੇ ਕਾਬਲ-ਕੰਧਾਰ ਤਕ ਖਾਲਸਾਈ ਝੰਡਾ ਝੁਲਾ ਕੇ ਆਪਣੀ ਕਾਬਲੀਅਤ ਦਾ ਲੋਹਾ ਪੂਰੀ ਦੁਨੀਆ ’ਚ ਮਨਵਾਇਆ ਸੀ। ਖਾਲਸੇ ਨੇ ਨਿੱਤ ਨਵੀਆਂ ਮੁਹਿੰਮਾਂ ਸਰ ਕੀਤੀਆਂ। ਅਟਕ, ਕਸ਼ਮੀਰ, ਕਸੂਰ, ਮੁਲਤਾਨ, ਪਿਸ਼ਾਵਰ ਅਤੇ ਨੌਸ਼ਹਿਰਾ ਸਣੇ ਹੋਰ ਕਈ ਜੰਗਾਂ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਦੀ ਸਥਾਪਨਾ ਕੀਤੀ। ਪਰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਵਿਸ਼ਵਾਸ ਪਾਤਰਾਂ ਡੋਗਰੇ ਭਰਾਵਾਂ ਨੇ ਸਿੱਖ ਰਾਜ ਦੀ ਬੇੜੀ ਵੱਟੇ ਪਾ ਕੇ ਸਿੱਖ ਰਾਜ ਖ਼ਤਮ ਕਰ ਦਿੱਤਾ। ਡੋਗਰਿਆਂ ਨੇ ਸ਼ੇਰ-ਏ-ਪੰਜਾਬ ਦੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਤੋਂ ਬਾਅਦ ਇੱਕ ਕਤਲ ਕਰਕੇ ਜਿਹੜੀ ਖੂਨ ਦੀ ਹੋਲੀ ਖੇਡੀ, ਉਸ ਦਾ ਵਰਨਣ ਕਰਨਾ ਬਹੁਤ ਔਖਾ ਹੈ।

Advertisement

ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਬਰਤਾਨਵੀ ਸਰਕਾਰ ਲਾਹੌਰ ਦਰਬਾਰ ’ਤੇ ਕਬਜ਼ਾ ਕਰਨਾ ਚਾਹੁੰਦੀ ਸੀ। ਲੁਧਿਆਣੇ ਅਤੇ ਫਿਰੋਜ਼ਪੁਰ ਸਤਲੁਜ ਦੇ ਕੰਢੇ ’ਤੇ ਅੰਗਰੇਜ਼ ਆ ਬੈਠੇ ਸਨ। 1841 ਦੇ ਅਕਤੂਬਰ ਵਿਚ ਲਾਰਡ ਐਲਬਰਾ ਨੇ ਇੰਗਲੈਂਡ ਤੋਂ ਹਿੰਦੋਸਤਾਨ ਨੂੰ ਤੁਰਨ ਤੋਂ ਪਹਿਲਾਂ ਲੈਫਟੀਨੈਂਟ ਡੀਊਰੈਂਡ ਨੂੰ ਪੰਜਾਬ ਸਬੰਧੀ ਇਕ ਨਕਸ਼ਾ ਤਿਆਰ ਕਰਨ ਲਈ ਹੁਕਮ ਦਿੱਤਾ ਤੇ ਨਾਲ ਹੀ ਪੰਜਾਬ ਦੀ ਹੱਦ ਦੇ ਲਾਗੇ-ਲਾਗੇ ਅੰਗਰੇਜ਼ ਫ਼ੌਜ ਇਕੱਠੀ ਕਰਨੀ ਸ਼ੁਰੂ ਕਰਨ ਦਾ ਹੁਕਮ ਦਿੱਤਾ। ਇਹ ਸਭ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਇਕ-ਦੋ ਸਾਲ ਦੇ ਅੰਦਰ-ਅੰਦਰ ਸ਼ੁਰੂ ਹੋ ਗਿਆ ਸੀ।

ਖਾਲਸਾ ਰਾਜ ’ਤੇ ਕੁਦਰਤ ਦੀ ਕਰੋਪੀ ਹੀ ਕਹਿ ਸਕਦੇ ਹਾਂ ਕਿ ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਸਾਰਾ ਪਰਿਵਾਰ ਡੋਗਰਿਆਂ ਦੀ ਬਦਨੀਤੀ ਦਾ ਸ਼ਿਕਾਰ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਅਤੇ ਪੋਤਰੇ ਕਤਲ ਕਰਨ ਤੋਂ ਬਾਅਦ ਡੋਗਰੇ ਸਿੱਧੇ ਗੋਰਿਆਂ ਦੀ ਝੋਲੀ ਜਾ ਪਏ। ਸਿੱਖ ਰਾਜ ਦੇ ਮਾਲ ਅਸਬਾਬ ਨੂੰ ਇਨ੍ਹਾਂ ਪਿਓ-ਪੁੱਤਰਾਂ ਨੇ ਰੱਜ ਕੇ ਲੁੱਟਿਆ। ਧਿਆਨ ਸਿੰਘ ਡੋਗਰਾ, ਜੋ ਸੋਚ ਕੇ ਲਾਹੌਰ ਦਰਬਾਰ ਵਿਚ ਆਇਆ ਸੀ, ਉਸ ਵਿੱਚ ਕਾਮਯਾਬ ਹੋਇਆ। ਪਰ ਕੁਦਰਤ ਦਾ ਇਕ ਨਿਯਮ ਹੈ ਕੇ ਅੰਤ ਦਾ ਵੀ ਇਕ ਦਿਨ ਅੰਤ ਹੁੰਦਾ ਹੈ। ਡੋਗਰਿਆਂ ਦਾ ਵੀ ਅੰਤ ਹੋਇਆ। ਰਾਜਾ ਧਿਆਨ ਸਿੰਘ ਡੋਗਰੇ ਅਤੇ ਉਸ ਦੇ ਪੁੱਤਰ ਹੀਰਾ ਸਿੰਘ ਡੋਗਰੇ ਨੂੰ 1844 ’ਚ ਕਤਲ ਕਰਨ ਤੋਂ ਬਾਅਦ ਸਿੱਖ ਰਾਜ ’ਚ ਕੁਝ ਚਿਰ ਲਈ ਸ਼ਾਂਤੀ ਹੋਈ।

ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦਾਂ ਨੇ ਸ਼ਾਮ ਸਿੰਘ ਨਾਲ ਸਲਾਹ ਕਰਕੇ ਲਾਹੌਰ ਦਰਬਾਰ ਦੇ ਖ਼ਜ਼ਾਨੇ ਦਾ ਮਾਲ ਅਸਬਾਬ, ਜਿਹੜਾ ਡੋਗਰਿਆਂ ਨੇ ਲੁੱਟ ਕੇ ਜੰਮੂ ਲਿਆਂਦਾ ਸੀ, ਨੂੰ ਵਾਪਸ ਲਾਹੌਰ ਲਿਆਉਣ ਨੂੰ ਕਿਹਾ। ਲੁੱਟ ਦਾ ਮਾਲ ਵਾਪਸ ਲਾਹੌਰ ਤਾਂ ਲਿਆਂਦਾ ਗਿਆ ਪਰ ਜੰਮੂ ਦੇ ਡੋਗਰਿਆਂ ਨੇ ਸਿੱਖ ਰਾਜ ਦੇ ਜਰਨੈਲ ਸਰਦਾਰ ਫ਼ਤਹਿ ਸਿੰਘ ਮਾਨ, ਵਜ਼ੀਰ ਬਚਨਾ, ਮੁਣਸ਼ੀ ਗਣਪਤ ਰਾਇ ਮਾਰ ਮੁਕਾਏ। ਇਹ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮਹਾਰਾਣੀ ਜਿੰਦਾਂ ਦੇ ਫ਼ੈਸਲੇ ਦਾ ਪਹਿਲਾ ਨੁਕਸਾਨ ਸੀ, ਜਿਸ ਵਿਚ ਤਿੰਨ ਯੋਧੇ ਜਾਨ ਗੁਆ ਬੈਠੇ।

ਸਿੱਖ ਰਾਜ ਦੇ ਲੁੱਟੇ ਹੋਏ ਮਾਲ ਦੇ ਨਾਲ-ਨਾਲ ਰਾਜਾ ਗੁਲਾਬ ਸਿੰਘ ਡੋਗਰਾ ਵੀ ਮਹਾਰਾਣੀ ਜਿੰਦਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਮਹਾਰਾਣੀ ਜਿੰਦਾਂ ਸ਼ੇਰ-ਏ-ਪੰਜਾਬ ਵਾਂਗ ਰਹਿਮ ਦਿਲ ਸੀ। ਡੋਗਰੇ ਗੁਲਾਬ ਸਿੰਘ ਨੂੰ ਮਾਫ਼ ਕਰ ਦਿੱਤਾ ਅਤੇ ਇਸ ਦੀਆਂ ਸਾਰੀਆਂ ਤਾਕਤਾਂ ਵਾਪਸ ਕਰਕੇ ਰਾਣੀ ਜਿੰਦਾਂ ਨੇ ਪਹਿਲੀ ਗਲਤੀ ਕੀਤੀ।

ਸ਼ੇਰ-ਏ-ਪੰਜਾਬ ਵਾਂਗ ਮਹਾਰਾਣੀ ਜਿੰਦਾਂ ਵੀ ਸਿੱਖ ਰਾਜ ਦੇ ਗੱਦਾਰ ਨਾ ਪਛਾਣ ਸਕੀ। ਉਸ ਨੇ ਮਿਸਰ ਲਾਲ ਸਿੰਘ ਨੂੰ ਪਛਾਣਨ ’ਚ ਦੇਰੀ ਕਰ ਦਿੱਤੀ। ਲਾਲ ਸਿੰਘ ਡੋਗਰਿਆਂ ਦਾ ਹੀ ਨਿਯੁਕਤ ਕੀਤਾ ਹੋਇਆ ਦਰੋਗਾ-ਏ-ਤੋਸ਼ਾਖਾਨਾ ਸੀ, ਜਿਹੜਾ ਹੌਲੀ-ਹੌਲੀ ਡੋਗਰੇ ਧਿਆਨ ਸਿੰਘ ਵਾਂਗ ਆਪਣੇ ਮਨਸੂਬਿਆਂ ’ਚ ਕਾਮਯਾਬ ਹੋਇਆ। ਜਦੋਂ ਮਹਾਰਾਣੀ ਜਿੰਦਾਂ ਦੀ ਰਾਜਾ ਹੀਰਾ ਸਿੰਘ ਡੋਗਰੇ ਨਾਲ ਖੜਕੀ ਤਾਂ ਉਸ ਨੇ ਰਾਣੀ ਜਿੰਦਾਂ ਦਾ ਸਾਥ ਦਿੱਤਾ (ਇਸ ਤੋਂ ਪਹਿਲਾਂ ਇਹ ਹੀਰਾ ਸਿੰਘ ਦਾ ਵਫ਼ਾਦਾਰ ਸੀ)। ਮਹਾਰਾਣੀ ਜਿੰਦਾਂ ਨੇ ਖੁਸ਼ ਹੋ ਕੇ ਲਾਲ ਸਿੰਘ ਨੂੰ ਬਹੁਤ ਸਾਰੀਆਂ ਫ਼ੌਜੀ ਤਾਕਤਾਂ ਦਿੱਤੀਆਂ ਹੋਈਆਂ ਸਨ।

ਦੂਜੇ ਪਾਸੇ ਅੰਗਰੇਜ਼ਾਂ ਨੇ ਯੁੱਧ ਦੀਆਂ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਫਿਰੋਜ਼ਪੁਰ ਵਿੱਚ ਪਿਛਲੇ ਚਾਰ ਸਾਲ ਤੋਂ ਤਿਆਰੀਆਂ ਚਲ ਰਹੀਆਂ ਸਨ। ਮੇਰਠ, ਸਹਾਰਨਪੁਰ, ਅੰਬਾਲਾ ਅਤੇ ਕਰਨਾਲ ਦੀਆਂ ਛਾਉਣੀਆਂ ’ਚੋਂ ਸਾਰਾ ਸਾਮਾਨ ਫਿਰੋਜ਼ਪੁਰ ਵਿੱਚ ਜਮ੍ਹਾ ਕਰ ਲਿਆ ਗਿਆ ਸੀ। ਕਨਿੰਘਮ ਲਿਖਦਾ ਹੈ ਕਿ 18 ਦਸੰਬਰ ਨੂੰ ਸਰ ਹੀਓ ਗੌਫ ਅਤੇ ਰਾਜਾ ਲਾਲ ਸਿੰਘ ਸਿੱਖ ਰਾਜ ਦੀਆਂ ਫੌਜਾਂ ਦੇ ਕਮਾਂਡਰ ਆਹਮੋ-ਸਾਹਮਣੇ ਸਨ। ਲਾਲ ਸਿੰਘ ਅਗਵਾਈ ਕਰ ਰਿਹਾ ਸੀ ਪਰ ਉਹ ਲੜਾਈ ਸ਼ੁਰੂ ਕਰਵਾ ਕੇ ਪਿੱਛੇ ਹਟ ਗਿਆ। ਭਾਰੀ ਲਾਮ ਲਸ਼ਕਰ ਹੋਣ ਦੇ ਬਾਵਜੂਦ ਖ਼ਾਲਸਾ ਫ਼ੌਜ ਦੀ ਮੁਦਕੀ ਵਿੱਚ ਹਾਰ ਹੋਈ। ਖ਼ਾਲਸਾ ਫ਼ੌਜ ਨੇ ਕਮਾਂਡਰ ਲਾਲ ਸਿੰਘ ਨੂੰ ਮੌਤ ਦੀ ਸਜ਼ਾ ਦੇਣ ਦੀ ਵਕਾਲਤ ਕੀਤੀ ਪਰ ਤੇਜ ਸਿੰਘ ਅਤੇ ਬੂੜ ਸਿੰਘ ਨੇ ਮਿੰਨਤਾਂ ਕਰਕੇ ਬਚਾ ਲਿਆ। ਮਹਾਰਾਣੀ ਜਿੰਦਾਂ ਨੇ ਲਾਲ ਸਿੰਘ ਨੂੰ ਕੁਝ ਨਾ ਕਿਹਾ। ਰਾਣੀ ਜਿੰਦਾਂ ਆਪਣੇ ਅੱਖੀਂ ਬਰਬਾਦੀ ਦਾ ਮੰਜ਼ਰ ਦੇਖ ਰਹੀ ਸੀ। ਮੁਦਕੀ ਤੋਂ ਬਾਅਦ ਫੇਰੂ ਸ਼ਹਿਰ ਦੀ ਹਾਰ ਵੀ ਲਾਲ ਸਿੰਘ ਅਤੇ ਚੀਫ ਕਮਾਂਡਰ ਤੇਜ ਸਿੰਘ ਦੀ ਬੇਈਮਾਨੀ ਕਰਕੇ ਹੋਈ। ਕਨਿੰਘਮ ਲਿਖਦਾ ਹੈ, ‘ਮੈਂ ਹੈਰਾਨ ਹਾਂ ਕਿ ਐਨੀ ਜ਼ਬਰਦਸਤ ਫ਼ੌਜੀ ਪਲਟਨਾਂ ਹੋਣ ਦੇ ਬਾਵਜੂਦ ਖ਼ਾਲਸਾ ਫ਼ੌਜ ਆਪਣੇ ਗੱਦਾਰ ਕਮਾਂਡਰਾਂ ਕਰਕੇ ਹਾਰ ਗਈ।’

ਫੇਰੂ ਸ਼ਹਿਰ ’ਚ ਆਪੇ ਹਾਰ ਕੇ ਦੌੜੇ ਰਾਜਾ ਲਾਲ ਸਿੰਘ ਦੀ ਖ਼ਬਰ ਜਦੋਂ ਮਹਾਰਾਣੀ ਜਿੰਦਾਂ ਨੂੰ ਮਿਲੀ ਤਾਂ ਜਿੰਦਾਂ ਨੇ ਦਸ ਘੋੜ ਸਵਾਰ 25 ਦਸੰਬਰ 1845 ਨੂੰ ਅਟਾਰੀ ਪਿੰਡ ਸਰਦਾਰ ਸ਼ਾਮ ਸਿੰਘ ਵੱਲ ਭੇਜ ਕੇ ਸਿੱਖ ਰਾਜ ਦੀਆਂ ਫੌਜਾਂ ਦਾ ਸਾਥ ਦੇਣ ਦੀ ਬੇਨਤੀ ਕੀਤੀ। ਸ਼ਾਮ ਸਿੰਘ ਅਟਾਰੀ ਅਜੇ ਆਪਣੇ ਵੱਡੇ ਪੁੱਤਰ ਕਾਹਨ ਸਿੰਘ ਦੇ ਵਿਆਹ ਤੋਂ ਵਿਹਲਾ ਹੀ ਹੋਇਆ ਸੀ ਕਿ ਜੰਗ ਛਿੜ ਪਈ।

ਸਰ ਲੈਪਲ ਗ੍ਰਿਫਨ ਲਿਖਦਾ ਹੈ, ‘ਸਰਦਾਰ ਸ਼ਾਮ ਸਿੰਘ ਦੀ ਇਮਾਨਦਾਰੀ ਅਤੇ ਬਹਾਦਰੀ ’ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ। ਪਰ ਦੋਵੇਂ ਪਾਸੇ ਬੇਈਮਾਨ ਸਨ। ਅੰਗਰੇਜ਼ ਵੀ ਅਤੇ ਸਿੱਖ ਰਾਜ ਦੇ ਕਮਾਂਡਰ ਵੀ।’

ਮਹਾਰਾਣੀ ਜਿੰਦਾਂ ਨੇ ਅਗਲਾ ਖ਼ਤ ਰਾਜਾ ਗੁਲਾਬ ਸਿੰਘ ਡੋਗਰੇ ਨੂੰ ਲਿਖ ਕੇ ਸਭਰਾਵਾਂ ਦੀ ਜੰਗ ’ਚ ਸਿੱਖ ਰਾਜ ਦੀ ਫੌਜ ਦਾ ਸਾਥ ਦੇਣ ਲਈ ਕਿਹਾ। ਇਹ ਰਾਣੀ ਜਿੰਦਾਂ ਦੀ ਦੂਜੀ ਗਲਤੀ ਕਹਿ ਸਕਦੇ ਹਾਂ ਕਿ ਉਸ ਨੇ ਫਿਰ ਗੁਲਾਬ ਸਿੰਘ ਨੂੰ ਖ਼ਤ ਲਿਖਿਆ। ਗੁਲਾਬ ਸਿੰਘ ਵੀ ਇਹੀ ਲੋਚਦਾ ਸੀ। ਬਦਲੇ ਦੀ ਭਾਵਨਾ ’ਚ ਉਸ ਨੇ ਅੰਗਰੇਜ਼ਾਂ ਨੂੰ ਸਾਰੀ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਜੇ ਗੁਲਾਬ ਸਿੰਘ ਚਾਹੁੰਦਾ ਤਾਂ ਜੰਗ ਟਾਲੀ ਜਾ ਸਕਦੀ ਸੀ।

ਪੂਰਾ ਮਹੀਨਾ ਸਤਲੁਜ ਦੇ ਕੰਢੇ ਤੇ ਸਭਰਾਵਾਂ ਵਾਲੀ ਜੰਗ ਦੀ ਤਿਆਰੀ ਹੁੰਦੀ ਰਹੀ। ਲਾਲ ਸਿੰਘ ਦੇ ਫੇਰੂ ਸ਼ਹਿਰ ’ਚੋਂ ਹਾਰ ਕੇ ਦੌੜਨ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣੇ ਲਾਮ ਲਸ਼ਕਰ ਨਾਲ ਸਿੱਖ ਫੌਜ ਵਿੱਚ ਜਾ ਕੇ ਫੌਜ ਦੇ ਹੌਸਲੇ ਵਧਾਏ। ਦੋ ਜੰਗੀ ਜਰਨੈਲ ਮਿਸਰ ਤੇਜ ਸਿੰਘ ਕਮਾਂਡਰ ਇਨ ਚੀਫ ਅਤੇ ਸਰਦਾਰ ਸ਼ਾਮ ਸਿੰਘ ਦੋਵੇਂ ਸਭਰਾਵਾਂ ਵਾਲੀ ਜੰਗ ਨੂੰ ਆਪੋ-ਆਪਣੇ ਨੁਕਤੇ-ਨਿਗਾਹ ਨਾਲ ਦੇਖ ਰਹੇ ਸਨ। ਪਰ ਤੇਜ ਸਿੰਘ ਅੰਦਰਖਾਤੇ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਸੀ। ਇਸ ਗੱਲ ਦਾ ਸ਼ਾਮ ਸਿੰਘ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਕੁਝ ਕਰ ਨਹੀਂ ਸੀ ਸਕਦਾ।

7 ਫਰਵਰੀ ਨੂੰ ਲਾਲ ਸਿੰਘ ਨੇ ਲਾਹੌਰ ਸਰਕਾਰ ਦੀਆਂ ਸਾਰੀਆਂ ਤਿਆਰੀਆਂ ਦਾ ਨਕਸ਼ਾ ਫਿਰੋਜ਼ਪੁਰ ਅੰਗਰੇਜ਼ਾਂ ਨੂੰ ਭੇਜ ਦਿੱਤਾ। ਗ੍ਰਿਫਨ ਲਿਖਦਾ ਹੈ, ‘ਆਖਿਆ ਜਾਂਦਾ ਹੈ ਕਿ 9 ਫਰਵਰੀ ਨੂੰ ਗੱਦਾਰ ਕਮਾਂਡਰ ਚੀਫ ਤੇਜ ਸਿੰਘ ਨੇ ਸ਼ਾਮ ਸਿੰਘ ਅਟਾਰੀ ਨੂੰ ਅੰਗਰੇਜ਼ ਸਰਕਾਰ ਨਾਲ ਮਿਲ ਕੇ ਲਾਹੌਰ ਦਰਬਾਰ ਨਾਲ ਗੱਦਾਰੀ ਕਰਨ ਲਈ ਕਿਹਾ ਪਰ ਸ਼ਾਮ ਸਿੰਘ ਵੱਖਰੀ ਮਿੱਟੀ ਦਾ ਬਣਿਆ ਹੋਇਆ ਸੀ, ਨਹੀਂ ਮੰਨਿਆ।’

ਕਮਾਂਡਰ ਤੇਜ ਸਿੰਘ ਨੇ ਗੁੱਸੇ ’ਚ ਕਿਹਾ, ‘ਜੇ ਤੂੰ ਐਨਾ ਹੀ ਵਫ਼ਾਦਾਰ ਹੈ ਤਾਂ ਸਹੁੰ ਖਾ ਕਿ ਮੈਂ ਜਿਊਂਦਾ ਵਾਪਸ ਨਹੀਂ ਜਾਵਾਂਗਾ।’ ਸ਼ਾਮ ਸਿੰਘ ਨੇ ਉਸੇ ਵੇਲੇ ਅਰਦਾਸ ਕੀਤੀ ਕਿ ਮਰਨਾ ਕਬੂਲ ਹੈ ਪਰ ਗੱਦਾਰੀ ਨਹੀਂ। 10 ਫਰਵਰੀ ਨੂੰ ਸਵੇਰ ਹੁੰਦਿਆਂ ਹੀ ਅੰਗਰੇਜ਼ਾਂ ਨੇ ਹਮਲਾ ਕਰ ਦਿੱਤਾ। ਹਮਲਾ ਰਾਜਾ ਗੁਲਾਬ ਸਿੰਘ, ਕਮਾਂਡਰ ਤੇਜ ਸਿੰਘ ਅਤੇ ਲਾਲ ਸਿੰਘ ਦੇ ਭੇਜੇ ਹੋਏ ਨਕਸ਼ੇ ਮੁਤਾਬਕ ਅਤੇ ਉਨ੍ਹਾਂ ਦੇ ਮਰਜ਼ ਦੇ ਅਨੁਸਾਰ ਹੋਇਆ।

ਅੰਮ੍ਰਿਤ ਵੇਲੇ ਸਰਦਾਰ ਸ਼ਾਮ ਸਿੰਘ ਚਿੱਟਾ ਬਾਣਾ ਸਜਾ, ਹੱਥ ਵਿਚ ਤਲਵਾਰ ਅਤੇ ਚੀਨੀ ਘੋੜੀ ’ਤੇ ਸਵਾਰ ਹੋ ਕੇ ਅਰਦਾਸਾ ਸੋਧ ਕੇ ਜੰਗ ਦੇ ਮੈਦਾਨ ’ਚ ਕੁਦ ਪਿਆ। ਸਰਦਾਰ ਸ਼ਾਮ ਸਿੰਘ, ਸਰਦਾਰ ਮੇਵਾ ਸਿੰਘ ਮਜੀਠੀਆ, ਕਾਨ ਸਿੰਘ ਮਾਨ, ਮਹਿਤਾਬ ਸਿੰਘ ਮਜੀਠੀਆ, ਗੁਲਾਬ ਸਿੰਘ ਪਹੂਵਿੰਡੀਆ ਉਹ ਜਰਨੈਲ ਸਨ, ਜਿਨ੍ਹਾਂ ’ਤੇ ਸ਼ਾਮ ਸਿੰਘ ਅਟਾਰੀ ਨੂੰ ਮਾਣ ਸੀ। ਲਾਲ ਸਿੰਘ ਅਤੇ ਤੇਜ ਸਿੰਘ ਪਹਿਲੇ ਹਮਲੇ ’ਚ ਭੱਜ ਨਿਕਲਿਆ ਅਤੇ ਦੋ ਮਹੀਨੇ ਦੀ ਮਿਹਨਤ ਨਾਲ ਬਣੇ ਪੁਲ ਨੂੰ ਤੋੜ ਕੇ ਸਿੱਖ ਫੌਜ ਦੇ ਇਨ੍ਹਾਂ ਨੇ ਹੌਸਲੇ ਪਸਤ ਕਰ ਦਿੱਤੇ। ਗੱਦਾਰਾਂ ਦੇ ਭੱਜਣ ਕਰਕੇ ਸਿੱਖ ਫੌਜ ਨੂੰ ਹੌਸਲਾ ਬਣਾ ਕੇ ਰੱਖਣ ਦਾ ਕਹਿਣ ਲਈ ਸ਼ਾਮ ਸਿੰਘ ਮੈਦਾਨ ’ਚ ਇਧਰੋਂ-ਉਧਰ ਜਾ ਰਿਹਾ ਸੀ ਕਿ ਅਚਾਨਕ ਇੱਕ ਗੋਲੀ ਘੋੜੀ ਦੇ ਲੱਗਣ ਕਰਕੇ ਉਹ ਮਰ ਗਈ। ਸ਼ਾਮ ਸਿੰਘ ਦਾ ਸਾਥੀ ਸਾਇਸ ਵਹਾਬੀ ਨਾਲ ਸੀ। ਸ਼ਾਮ ਸਿੰਘ ਨੇ ਉਸ ਨੂੰ ਪਿੰਡ ਅਟਾਰੀ ਵਿੱਚ ਵਾਪਸ ਭੇਜ ਦਿੱਤਾ ਅਤੇ ਕਹਿ ਦਿਤਾ ਕਿ ਸਰਦਾਰ ਹੁਣ ਜਿਊਂਦਾ ਵਾਪਸ ਨਹੀਂ ਆਵੇਗਾ। ਇਹ ਕਹਿ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਲਲਕਾਰਾ ਮਾਰਿਆ ਅਤੇ ਪੰਜਾਹ ਕੁ ਸਿੱਖ ਸਿਪਾਹੀ ਮਗਰ ਹੀ ਉਨ੍ਹਾਂ ਨਾਲ ਜੰਗ-ਦੇ-ਮੈਦਾਨ ’ਚ ਨਿੱਤਰ ਪਏ। ਤਲਵਾਰ ਨਾਲ ਸਰਦਾਰ ਅਟਾਰੀ ਨੇ ਅੰਗਰੇਜ਼ਾਂ ਦੇ ਪਰਖੱਚੇ ਉਡਾ ਦਿੱਤੇ।

ਅੰਤ, ਇੱਕ ਖੱਬੇ ਪਾਸੇ ਤੋਂ ਆਈ ਗੋਲੀ ਨੇ ਸਰਦਾਰ ਅਟਾਰੀ ਨੂੰ ਸੁੱਟ ਦਿੱਤਾ। ਇਸ ਮਗਰੋਂ ਇੱਕ ਤੋਂ ਬਾਅਦ ਇੱਕ ਸੱਤ ਗੋਲੀਆਂ ਵੱਜੀਆਂ। ਸ਼ਾਮ ਹੋਣ ਤਕ ਸਰਦਾਰ ਸ਼ਾਮ ਸਿੰਘ ਨਾਮ ਦਾ ਸੂਰਜ ਵੀ ਅਸਤ ਹੋ ਗਿਆ। ਵਾਈ ਕਾਊਟ ਹਾਰਡਿੰਗ ਲਿਖਦਾ ਹੈ, ‘ਇਹੋ ਜਿਹੀ ਜੰਗ ਅੰਗਰੇਜ਼ਾਂ ਨਾਲ ਨਾ ਕਿਸੇ ਕੌਮ ਨੇ ਲੜੀ ਸੀ ਅਤੇ ਨਾ ਕਦੀ ਅੰਗਰੇਜ਼ਾਂ ਨੇ ਵੇਖੀ ਸੀ। ਪੰਜਾਬ ਦੀ ਧਰਤੀ ’ਤੇ ਫ਼ੌਜ ਐਨੀ ਬਹਾਦਰੀ ਨਾਲ ਲੜੀ ਪਰ ਆਪਣੇ ਜਰਨੈਲ ਗੱਦਾਰਾਂ ਕਰਕੇ ਹਾਰ ਗਈ।’ ਅਟਾਰੀ ਪਿੰਡ ਦੇ ਵਾਸੀਆਂ ਨੇ ਫਿਰੋਜ਼ਪੁਰ ਜਾ ਕੇ ਬਰਤਾਨਵੀ ਜਰਨਲ ਕੋਲੋਂ ਸ਼ਾਮ ਸਿੰਘ ਦੀ ਮ੍ਰਿਤਕ ਦੇਹ ਦੀ ਮੰਗ ਕੀਤੀ। ਲਾਰਡ ਹਿਊ ਗਫ਼ ਨੇ ਇਜਾਜ਼ਤ ਦਿੱਤੀ ਕਿ ਸਰਦਾਰ ਸ਼ਾਮ ਸਿੰਘ ਅਟਾਰੀ ਅਤੇ ਬਾਕੀ ਜਰਨੈਲਾਂ ਦੀਆਂ ਲਾਸ਼ਾਂ ਲੈ ਜਾਣ। ਗੰਡਾ ਸਿੰਘ ਆਪਣੀ ਕਿਤਾਬ ‘ਸਰਦਾਰ ਸ਼ਾਮ ਸਿੰਘ ਅਟਾਰੀਵਾਲਾ’ ਵਿੱਚ ਲਿਖਦਾ ਹੈ, ‘ਸਰਦਾਰ ਅਟਾਰੀ ਦੀ ਮ੍ਰਿਤਕ ਦੇਹ 12 ਫਰਵਰੀ ਨੂੰ ਅਟਾਰੀ ਪਿੰਡ ਪੁੱਜੀ। ਉਨ੍ਹਾਂ ਦੀ ਸ਼ਹੀਦੀ ਦੀ ਖਬਰ 10 ਫਰਵਰੀ ਦੀ ਰਾਤ ਨੂੰ ਹੀ ਅਟਾਰੀ ਪੁੱਜ ਗਈ ਸੀ, ਜਿਸ ਨੂੰ ਸੁਣਦੇ ਸਾਰ ਹੀ ਉਨ੍ਹਾਂ ਦੀ ਸਿੰਘਣੀ ਸਰੀਰ ਤਿਆਗ ਗਈ ਸੀ।’ ਸਰਦਾਰ ਸ਼ਾਮ ਸਿੰਘ ਦਾ ਸਸਕਾਰ 12 ਫਰਵਰੀ ਨੂੰ ਉਨ੍ਹਾਂ ਦੀ ਸਿੰਘਣੀ ਦੀ ਸਮਾਧ ਦੇ ਨੇੜੇ ਹੀ ਕੀਤਾ ਗਿਆ।

ਸੰਪਰਕ: 98770-92505

Advertisement