ਸਟੇਜ ’ਤੇ ਸ਼ਾਹਰੁਖ਼ ਤੇ ਕਾਜੋਲ ਨੇ ਬੰਨ੍ਹਿਆ ਰੰਗ
ਬੌਲੀਵੁੱਡ ਵਿੱਚ ਪਰਦੇ ’ਤੇ ਜੋੜੀ ਵਜੋਂ ਦਰਸ਼ਕਾਂ ਦਾ ਪਿਆਰ ਖੱਟਣ ਵਾਲੇ ਅਦਾਕਾਰ ਸ਼ਾਹਰੁਖ਼ ਖ਼ਾਨ ਅਤੇ ਅਦਾਕਾਰਾ ਕਾਜੋਲ ਨੇ 70ਵੇਂ ਹੁੰਦੇਈ ਫਿਲਮਫੇਅਰ ਐਵਾਰਡਜ਼ 2025 ਦੀ ਸਟੇਜ ’ਤੇ ਇਕੱਠੇ ਨਜ਼ਰ ਆਏ। ਸਟੇਜ ’ਤੇ ਪੁੱਜਣ ’ਤੇ ਦਰਸ਼ਕਾਂ ਨੇ ਅਦਾਕਾਰ ਜੋੜੀ ਦਾ ਤਾੜੀਆਂ ਨਾਲ ਸਵਾਗਤ ਕੀਤਾ। ਇਸ ਦੌਰਾਨ ਦੋਵਾਂ ਜਣਿਆਂ ਨੇ ਦਰਸ਼ਕਾਂ ਨੂੰ ‘ਕੁਛ ਕੁਛ ਹੋਤਾ ਹੈ’ ਦੇ ਦਿਨ ਮੁੜ ਯਾਦ ਕਰਵਾ ਦਿੱਤੇ। ਉਨ੍ਹਾਂ ਸਾਲ 1998 ਆਈ ਇਸ ਫਿਲਮ ਦੇ ਗੀਤ ‘ਲੜਕੀ ਬੜੀ ਅਨਜਾਨੀ ਹੈ’ ਉੱਤੇ ਪੇਸ਼ਕਾਰੀ ਦਿੱਤੀ ਜਿਸ ਨੇ ਦਰਸ਼ਕਾਂ ਨੂੰ ਇਸ ਫਿਲਮ ਦੇ ਕਿਰਦਾਰ ਰਾਹੁਲ ਅਤੇ ਅੰਜਲੀ ਮੁੜ ਚੇਤੇ ਕਰਵਾ ਦਿੱਤੇ। ਦੋਵੇਂ ਕਲਾਕਾਰ ਕਾਲੇ ਰੰਗ ਦੇ ਕੱਪੜਿਆਂ ਵਿੱਚ ਬਹੁਤ ਫੱਬ ਰਹੇ ਸਨ। ਇਸੇ ਦੌਰਾਨ ਇਨ੍ਹਾਂ ਦੋਵਾਂ ਨਾਲ ਫਿਲਮ ਦਾ ਨਿਰਦੇਸ਼ਕ ਕਰਨ ਜੌਹਰ ਵੀ ਸਟੇਜ ’ਤੇ ਪੁੱਜਿਆ। ਇਸ ਤੋਂ ਇਲਾਵਾ ਸ਼ਾਹਰੁਖ਼ ਅਤੇ ਕਾਜੋਲ ਨੇ ‘ਕਭੀ ਖ਼ੁਸ਼ੀ ਕਭੀ ਗ਼ਮ’ ਦੇ ਗੀਤ ’ਤੇ ਵੀ ਪੇਸ਼ਕਾਰੀ ਦਿੱਤੀ। ਇਸੇ ਦੌਰਾਨ ਅਦਾਕਾਰ ਅਭਿਸ਼ੇਕ ਬੱਚਨ ਨੇ ਆਪਣੇ ਪਿਤਾ ਅਮਿਤਾਭ ਬੱਚਨ ਲਈ ਸ਼ਰਧਾ ਦਾ ਪ੍ਰਗਟਾਵਾ ਕੀਤਾ। ਅਭਿਸ਼ੇਕ ਨੇ ਬਿੱਗ ਬੀ ਦੇ ਪ੍ਰਸਿੱਧ ਗੀਤਾਂ ’ਤੇ ਪੇਸ਼ਕਾਰੀ ਦਿੱਤੀ। ਇਸ ਨੇ ਦਰਸ਼ਕਾਂ ਵਿੱਚ ਅਮਿਤਾਭ ਵੱਲੋਂ ਪਾਏ ਯੋਗਦਾਨ ਨੂੰ ਚੇਤੇ ਕਰਵਾ ਦਿੱਤਾ। ਅਦਾਕਾਰ ਨੇ ਆਪਣੀ ਮਾਂ ਜਯਾ ਬੱਚਨ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਤੇ ਭਾਵੁਕ ਹੋ ਗਿਆ ਕਿਉਂਕਿ ਉਸ ਦੀ ਮਾਂ ਦਰਸ਼ਕਾਂ ’ਚ ਬੈਠੀ ਆਪਣੇ ਪੁੱਤਰ ਦੀ ਪੇਸ਼ਕਾਰੀ ਨੂੰ ਦੇਖ ਰਹੀ ਸੀ। ਇਹ ਰਾਤ ਅਭਿਸ਼ੇਕ ਲਈ ਖ਼ਾਸ ਅਹਿਮੀਅਤ ਰੱਖਦੀ ਸੀ ਕਿਉਂਕਿ ਇਸ ਦੌਰਾਨ ਉਸ ਨੂੰ ਮੁੱਖ ਕਿਰਦਾਰ ਵਜੋਂ ਬਿਹਤਰੀਨ ਅਦਾਕਾਰ ਦਾ ਐਵਾਰਡ ਮਿਲਿਆ ਹੈ।