ਸ਼ਾਹਰੁਖ਼ ਦੀ ਅਕਸ਼ੈ ਤੋਂ ‘ਖਿਲਾੜੀ ਕਲਾ’ ਸਿੱਖਣ ਦੀ ਇੱਛਾ
ਬੌਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਇੰਡਸਟਰੀ ਦੇ ਦੋਸਤਾਂ ਅਤੇ ਸਹਿਯੋਗੀਆਂ ਵੱਲੋਂ ਉਸ ਦੇ ਜਨਮ ਦਿਨ ’ਤੇ ਦਿੱਤੀਆਂ ਸ਼ੁਭਕਾਮਨਾਵਾਂ ਦਾ ਜਵਾਬ ਨਿਵਕੇਲੇ ਅੰਦਾਜ਼ ਵਿੱਚ ਦਿੱਤਾ ਹੈ। ਇਸੇ ਅੰਦਾਜ਼ ’ਚ ਸ਼ਾਹਰੁਖ ਨੇ ਸਾਥੀ ਅਦਾਕਾਰ ਅਕਸ਼ੈ ਕੁਮਾਰ ਨੂੰ ਹਾਸੋਹੀਣੀ ਬੇਨਤੀ ਵੀ ਕੀਤੀ। ਇਸ ਤੋਂ ਪਹਿਲਾਂ ਐਤਵਾਰ ਨੂੰ ਅਕਸ਼ੈ ਨੇ ਐੱਸ ਕੇ ਆਰ ਲਈ ਜਨਮ ਦਿਨ ਦੀਆਂ ਮੁਬਾਰਕਾਂ ਦਾ ਸੰਦੇਸ਼ ਭੇਜਿਆ ਸੀ, ਜਿਸ ’ਚ ਲਿਖਿਆ ਸੀ, ‘‘ਸ਼ਾਹਰੁਖ਼, ਤੁਹਾਡੇ ਖਾਸ ਦਿਨ ਦੀਆਂ ਬਹੁਤ-ਬਹੁਤ ਵਧਾਈਆਂ। 60 ਕਾ ਲਗਤਾ ਨਹੀਂ ਹੈ ਵੈਸੇ ਤੂ ਕਹੀਂ ਸੇ। ਸ਼ਕਲ ਸੇ 40, ਅਕਲ ਸੇ 120। ਜਨਮ ਦਿਨ ਮੁਬਾਰਕ ਦੋਸਤ। ਖੁਸ਼ ਰਹੋ।’’ ਇਸ ’ਤੇ ਸ਼ਾਹਰੁਖ਼ ਨੇ ਜਵਾਬ ’ਚ ਕਿਹਾ, ‘‘ਮੈਨੂੰ ਜਨਮ ਦਿਨ ਮੁਬਾਰਕ ਕਹਿਣ ਲਈ ਅੱਕੀ ਦਾ ਧੰਨਵਾਦ... ਤੁਸੀਂ ਮੈਨੂੰ ਚੰਗੇ ਦਿਖਣ ਅਤੇ ਬਿਹਤਰ ਸੋਚਣ ਦਾ ਰਾਜ਼ ਸਿਖਾਇਆ ਹੈ।’’ ਉਸ ਨੇ ਅਕਸ਼ੈ ਕੁਮਾਰ ਨੂੰ ਸਵੇਰੇ ਜਲਦੀ ਉੱਠਣ ਦੇ ਗੁਰ ਸਿਖਾਉਣ ਲਈ ਕਿਹਾ। ‘‘ਅਬ ਖਿਲਾੜੀ ਕੀ ਤਰ੍ਹਾਂ ਜਲਦੀ ਉਠਨਾ ਭੀ ਸਿਖਾ ਦੇ। ਹਾ-ਹਾ।’’ ਸ਼ਾਹਰੁਖ ਨੇ ਕਾਜੋਲ, ਜੂਹੀ ਚਾਵਲਾ, ਸ਼ਿਲਪਾ ਸ਼ੈੱਟੀ ਅਤੇ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਸਮੇਤ ਹੋਰ ਬਾਲੀਵੁੱਡ ਹਸਤੀਆਂ ਵੱਲੋਂ ਦਿੱਤੀਆਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਾ ਵੀ ਜਵਾਬ ਦਿੱਤਾ ਅਤੇ ਸੋਸ਼ਲ ਮੀਡੀਆ ’ਤੇ ਆਪਣਾ ਟ੍ਰੇਡਮਾਰਕ ਹਾਸਾ ਜੋੜਿਆ।
