ਕਮਾਈ ਪੱਖੋਂ ‘ਸਯਾਰਾ’ ਬੌਲੀਵੁੱਡ ਦੀ ਦੂਜੀ ਵੱਡੀ ਫਿਲਮ ਬਣੀ
ਭਾਰਤੀ ਬਾਕਸ ਆਫਿਸ ’ਤੇ 9 ਦਿਨਾਂ ’ਚ 200 ਕਰੋੜ ਰੁਪਏ ਕਮਾਉਣ ਵਾਲੀ ਹਿੰਦੀ ਫ਼ਿਲਮ ‘ਸਯਾਰਾ’ ਸਾਲ 2025 ’ਚ ਰਿਲੀਜ਼ ਹੋਣ ਵਾਲੀ ਫਿਲਮ ‘ਛਾਵਾ’ ਤੋਂ ਬਾਅਦ ਕਮਾਈ ਕਰਨ ਵਾਲੀ ਬੌਲੀਵੁੱਡ ਦੀ ਦੂਜੀ ਵੱਡੀ ਫਿਲਮ ਬਣ ਗਈ ਹੈ। ਇਸ ਫਿਲਮ ’ਚ ਅਹਾਨ ਪਾਂਡੇ ਅਤੇ ਅਨੀਤ ਪੱਡਾ ਨੇ ਕਿਰਦਾਰ ਨਿਭਾਏ ਹਨ। ਮੋਹਿਤ ਸੂਰੀ ਦੀ ਰੋਮਾਂਟਿਕ ਫਿਲਮ ‘ਸਯਾਰਾ’ ਨੇ ਘਰੇਲੂ ਤੌਰ ’ਤੇ ਅੰਦਾਜ਼ਨ 217.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜਦਕਿ ਵਿਸ਼ਵ ਭਰ ਵਿੱਚ 280 ਕਰੋੜ ਰੁਪਏ ਤੋਂ ਵੱਧ ਕਮਾਏ ਹਨ, ਜਿਸ ਕਾਰਨ ਇਹ ਸਾਲ 2025 ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਆਪਣੇ ਸ਼ਰੂਆਤੀ ਹਫ਼ਤੇ ਵਿੱਚ 83 ਕਰੋੜ ਰੁਪਏ ਤੋਂ ਵੱਧ ਕਮਾਉਣ ਮਗਰੋਂ ‘ਸਯਾਰਾ’ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਨੌਵੇਂ ਦਿਨ 26.5 ਕਰੋੜ ਰੁਪਏ ਕਮਾ ਕੇ ਇਹ ਫਿਲਮ ਅਧਿਕਾਰਤ ਤੌਰ ’ਤੇ 200 ਕਰੋੜ ਰੁਪਏ ਦੇ ਕਲੱਬ ਵਿੱਚ ਦਾਖ਼ਲ ਹੋ ਗਈ ਹੈ। ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਫਿਲਮ ਦੀ ਸ਼ਲਾਘਾ ਕੀਤੀ। ਫਿਲਮ ਦੇ ਦੋਵੇਂ ਲੀਡ ਅਦਾਕਾਰਾਂ ਵੱਲੋਂ ਇਸ ਫਿਲਮ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਦੇ ਬਾਵਜੂਦ ‘ਸਯਾਰਾ’ ਨੇ ‘ਹਾਊਸਫੁੱਲ 5’, ‘ਰੇਡ 2’ ਅਤੇ ‘ਸਿਤਾਰੇ ਜ਼ਮੀਨ ਪਰ’ ਵਰਗੀਆਂ ਸਥਾਪਿਤ ਫਿਲਮਾਂ ਨੂੰ ਪਛਾੜ ਦਿੱਤਾ ਹੈ। ਵਿਸ਼ਲੇਸ਼ਕਾਂ ਅਨੁਸਾਰ ‘ਸਯਾਰਾ’ ਦੂਜੇ ਹਫ਼ਤੇ ਦੇ ਅੰਤ ਤੱਕ ਵਿਸ਼ਵ ਭਰ ’ਚ 300 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਜਾਵੇਗੀ।