‘ਹੈਵਾਨ’ ’ਚ ਨਜ਼ਰ ਆਵੇਗੀ ਸਯਾਮੀ ਖੇਰ
ਬੌਲੀਵੁੱਡ ਅਦਾਕਾਰਾ ਸਯਾਮੀ ਖੇਰ ਆਉਣ ਵਾਲੀ ਫਿਲਮ ‘ਹੈਵਾਨ’ ਵਿੱਚ ਅਦਾਕਾਰ ਅਕਸ਼ੈ ਕੁਮਾਰ ਅਤੇ ਸੈਫ਼ ਅਲੀ ਖ਼ਾਨ ਨਾਲ ਨਜ਼ਰ ਆਵੇਗੀ। ਇਸ ਦਾ ਨਿਰਦੇਸ਼ਨ ਪ੍ਰਿਯਦਰਸ਼ਨ ਵੱਲੋਂ ਕੀਤਾ ਜਾ ਰਿਹਾ ਹੈ। ਪ੍ਰਿਯਦਰਸ਼ਨ ਨੂੰ ਉਸ ਦੀਆਂ ਹਾਸਰਸ ਫਿਲਮਾਂ ‘ਹੇਰਾ ਫੇਰੀ’, ‘ਹਲਚਲ’ ਅਤੇ ‘ਹੰਗਾਮਾ’ ਆਦਿ ਲਈ ਜਾਣਿਆ ਜਾਂਦਾ ਹੈ। ਇਸ ਫਿਲਮ ਦੀ ਸ਼ੂਟਿੰਗ 23 ਅਗਸਤ ਨੂੰ ਸ਼ੁਰੂ ਹੋਈ ਸੀ। ਇਸ ਫਿਲਮ ਵਿੱਚ ਅਦਾਕਾਰ ਅਕਸ਼ੈ ਕੁਮਾਰ ਅਤੇ ਸੈਫ ਅਲੀ ਖ਼ਾਨ 17 ਸਾਲ ਬਾਅਦ ਸਕਰੀਨ ’ਤੇ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਨੇ ਸਾਲ 2008 ਵਿੱਚ ਆਈ ਫਿਲਮ ‘ਟਸ਼ਨ’ ਵਿੱਚ ਇਕੱਠੇ ਕੰਮ ਕੀਤਾ ਸੀ। ਅਦਾਕਾਰਾ ਖੇਰ ਵੱਲੋਂ ਫਿਲਮ ‘ਮਿਰਜ਼ਿਆ’, ‘ਚੋਕਡ’ ਅਤੇ ‘ਸ਼ਰਮਾਜੀ ਕੀ ਬੇਟੀ’ ਵਿੱਚ ਕੀਤੇ ਕੰਮ ਦੀ ਸ਼ਲਾਘਾ ਹੋਈ ਸੀ। ਅਦਾਕਾਰਾ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਅਕਸ਼ੈ ਅਤੇ ਸੈਫ਼ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਅਦਾਕਾਰਾ ਨੇ ਕਿਹਾ ਕਿ ਉਸ ਲਈ ‘ਹੈਵਾਨ’ ਦੇ ਸੈੱਟ ’ਤੇ ਪੁੱਜਣ ਦਾ ਤਜਰਬਾ ਬਹੁਤ ਵਧੀਆ ਰਿਹਾ। ਅਦਾਕਾਰਾ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਉਨ੍ਹਾਂ ਕਲਾਕਾਰਾਂ ਨਾਲ ਕੰਮ ਕਰੇਗੀ ਜਿਨ੍ਹਾਂ ਦੀਆਂ ਫਿਲਮਾਂ ਦੇਖ ਕੇ ਉਸ ਨੂੰ ਸਿਨੇਮਾ ਨਾਲ ਪਿਆਰ ਹੋਇਆ ਸੀ। ਉਸ ਨੇ ਕਿਹਾ ਕਿ ਅਸੀਂ ਹੁਣੇ ਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਫਿਲਮ ਦੀ ਕਹਾਣੀ ਬਾਰੇ ਅਜੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਇਸ ਫਿਲਮ ਦੀ ਸ਼ੂਟਿੰਗ ਕੋਚੀ ਵਿੱਚ ਚੱਲ ਰਹੀ ਹੈ। -