ਸਲਮਾਨ ਦੀ ਫਿਲਮ ‘ਬਜਰੰਗੀ ਭਾਈਜਾਨ’ ਦੇ 10 ਸਾਲ ਮੁਕੰਮਲ
ਸਲਮਾਨ ਖ਼ਾਨ ਦੀ ਫਿਲਮ ‘ਬਜਰੰਗੀ ਭਾਈਜਾਨ’ ਦੇ ਅੱਜ ਦਸ ਸਾਲ ਮੁਕੰਮਲ ਹੋ ਗਏ ਹਨ। ਇਹ ਫਿਲਮ 17 ਜੁਲਾਈ 2015 ਨੂੰ ਰਿਲੀਜ਼ ਹੋਈ ਸੀ ਤੇ ਇਸ ਫਿਲਮ ਨੇ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਥਾਂ ਬਣਾਈ ਹੈ। ਇਸ ਖਾਸ ਦਿਨ ਮੌਕੇ ਫਿਲਮ ਦੇ ਨਿਰਦੇਸ਼ਕ ਕਬੀਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫਿਲਮ ਦੀ ਸ਼ੂਟਿੰਗ ਕਰਨ ਵੇਲੇ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਇਸ ਫਿਲਮ ਬਾਰੇ ਇਕ ਭਾਵਨਾਤਮਕ ਨੋਟ ਵੀ ਲਿਖਿਆ ਹੈ। ਕਬੀਰ ਨੇ ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ਵਿੱਚ ਲਿਖਿਆ, ‘ਬਜਰੰਗੀ ਦਿਵਸ ਮੁਬਾਰਕ! ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ‘ਬਜਰੰਗੀ ਭਾਈਜਾਨ’ ਨੂੰ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਏ 10 ਸਾਲ ਹੋ ਗਏ ਹਨ। ਇਸ ਫਿਲਮ ਲਈ ਪਿਛਲੇ ਦਹਾਕੇ ਦੌਰਾਨ ਮੈਨੂੰ ਬਹੁਤ ਪਿਆਰ ਮਿਲਿਆ ਹੈ। ਇਸ ਫਿਲਮ ਸਬੰਧੀ ਮੈਨੂੰ ਬਹੁਤ ਜਣੇ ਮਿਲੇ ਹਨ ਜਿਹੜੇ ਕਹਿੰਦੇ ਹਨ ਕਿ ਇਹ ਫਿਲਮ ਉਨ੍ਹਾਂ ਨੂੰ ਹਰ ਵਾਰ ਕਿਵੇਂ ਹਸਾਉਂਦੀ ਹੈ ਅਤੇ ਰੁਆਉਂਦੀ ਹੈ।’ ਕਬੀਰ ਵਲੋਂ ਇਹ ਪੋਸਟ ਸਾਂਝੀ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਤੇ ਦੋਸਤਾਂ ਮਿੱਤਰਾਂ ਨੇ ਫਿਲਮ ਬਾਰੇ ਹਾਂਪੱਖੀ ਟਿੱਪਣੀਆਂ ਵੀ ਕੀਤੀਆਂ ਹਨ।