ਸਲਮਾਨ ਖ਼ਾਨ ਵੱਲੋਂ ‘ਬੈਟਲ ਆਫ ਗਲਵਾਨ’ ਦੀ ਸ਼ੂਟਿੰਗ ਸ਼ੁਰੂ
ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਆਪਣੀ ਆਉਣ ਵਾਲੀ ਫਿਲਮ ‘ਬੈਟਲ ਆਫ ਗਲਵਾਨ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਦਾਕਾਰ ਨੇ ਇਹ ਖੁ਼ਲਾਸਾ ਸੋਸ਼ਲ ਮੀਡੀਆ ’ਤੇ ਪੋਸਟ ਵਿੱਚ ਕੀਤਾ ਹੈ। ਇਸ ਤੋਂ ਪਹਿਲਾਂ ਸਲਮਾਨ ਨੂੰ ਫਿਲਮ ‘ਸਿਕੰਦਰ’ ਵਿੱਚ ਦੇਖਿਆ ਗਿਆ ਸੀ। ਇਸ ਪੋਸਟ ਵਿੱਚ ਪਾਈ ਫੋਟੋ ’ਚ ਅਦਾਕਾਰ ਕਲੈਪਰਬੋਰਡ ਦੇ ਪਿੱਛੇ ਖੜ੍ਹਾ ਦਿਖਾਈ ਦੇ ਰਿਹਾ ਹੈ। ਇਸ ਉੱਪਰ ਫਿਲਮ ਦਾ ਟਾਈਟਲ ਲਿਖਿਆ ਹੋਇਆ ਹੈ। ਇਸ ਪੋਸਟ ਨਾਲ ਪਾਈ ਕੈਪਸ਼ਨ ਵਿੱਚ ‘#ਬੈਟਲ ਆਫ਼ ਗਲਵਾਨ’ ਲਿਖਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਅਪੂਰਵ ਲੱਖੀਆ ਨੇ ਕੀਤਾ ਹੈ। ਇਸ ਤੋਂ ਪਹਿਲਾਂ ਅਪੂਰਵਾ ਨੇ ‘ਸ਼ੂਟਆਊਟ ਐਟ ਲੋਖੰਡਵਾਲਾ’ ਦਾ ਨਿਰਦੇਸ਼ਨ ਕੀਤਾ ਸੀ। ‘ਬੈਟਲ ਆਫ ਗਲਵਾਨ’ ਸਾਲ 2020 ਵਿੱਚ ਭਾਰਤ ਅਤੇ ਚੀਨ ਦਰਮਿਆਨ ਗਲਵਾਨ ਘਾਟੀ ਵਿੱਚ ਹੋਏ ਵਿਵਾਦ ’ਤੇ ਆਧਾਰਿਤ ਹੈ। ਇੰਟਰਵਿਊ ਵਿੱਚ ਅਦਾਕਾਰ ਨੇ ਇਸ ਫਿਲਮ ਬਾਰੇ ਗੱਲਬਾਤ ਕਰਦਿਆਂ ਇਸ ਨੂੰ ਸਰੀਰਕ ਤੌਰ ’ਤੇ ਔਖਾ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਇਸ ਫਿਲਮ ਵਿੱਚ ਕੰਮ ਕਰਨਾ ਔਖਾ ਹੋਵੇਗਾ। ਹਰ ਸਾਲ, ਹਰ ਮਹੀਨਾ ਅਤੇ ਹਰ ਦਿਨ ਹੋਰ ਔਖਾ ਹੁੰਦਾ ਜਾਵੇਗਾ। ਇਸ ਲਈ ਉਸ ਨੂੰ ਸਿਖਲਾਈ ਲਈ ਜ਼ਿਆਦਾ ਸਮਾਂ ਦੇਣਾ ਪਵੇਗਾ। ਇਸ ਦੌਰਾਨ ਉਸ ਨੇ ਫਿਲਮ ਦੀ ਲੋੜ ਮੁਤਾਬਕ ਸਿਖਲਾਈ ਲਈ ਹੈ। ਉਸ ਨੇ ਕਿਹਾ ਕਿ ਫਿਲਮ ਸਿਕੰਦਰ ’ਚ ਐਕਸ਼ਨ ਅਤੇ ਕਿਰਦਾਰ ਵੱਖਰੇ ਸਨ। ਇਹ ਨਵੀਂ ਫਿਲਮ ਸੌਖੀ ਨਹੀਂ ਹੈ। ਇਸ ਦੀ ਸ਼ੂਟਿੰਗ ਲੱਦਾਖ ਵਿੱਚ ਹੋਵੇਗੀ। ਉਚਾਈ ਅਤੇ ਠੰਢੇ ਮੌਸਮ ਵਿੱਚ ਸ਼ੂਟਿੰਗ ਕਰਨਾ ਆਪਣੇ-ਆਪ ’ਚ ਇੱਕ ਚੁਣੌਤੀ ਹੈ। ਸਲਮਾਨ ਦੀ ਫਿਲਮ ਸਿਕੰਦਰ ਇਸ ਸਾਲ ਮਾਰਚ ਵਿੱਚ ਰਿਲੀਜ਼ ਹੋਈ ਸੀ। ਹਾਲ ਹੀ ਵਿੱਚ ਸਲਮਾਨ ਖ਼ਾਨ ‘ਬਿੱਗ ਬੌਸ 19’ ਦੀ ਮੇਜ਼ਬਾਨੀ ਕਰ ਰਹੇ ਹਨ। ਇਹ ਸ਼ੋਅ 24 ਅਗਸਤ ਨੂੰ ਜੀਓ ਹੌਟਸਟਾਰ ’ਤੇ ਦੇਖਿਆ ਜਾ ਸਕੇਗਾ।