ਸਲਮਾਨ ਖ਼ਾਨ ਨੇ ਧਰਮਿੰਦਰ ਨੂੰ ਯਾਦ ਕੀਤਾ
ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਮਰਹੂਮ ਅਦਾਕਾਰ ਧਰਮਿੰਦਰ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਸ ਨੇ ਕਿਹਾ ਕਿ ਧਰਮਿੰਦਰ ਦੀ ਮੌਤ ਫਿਲਮ ਸਨਅਤ ਦੇ ਨਾਲ ਨਾਲ ਪੂਰੇ ਮੁਲਕ ਲਈ ਵੱਡਾ ਘਾਟਾ ਹੈ। 89 ਸਾਲਾ ਅਦਾਕਾਰ ਦਾ ਲੰਘੇ ਸੋਮਵਾਰ ਨੂੰ ਦੇਹਾਂਤ ਹੋ...
ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਮਰਹੂਮ ਅਦਾਕਾਰ ਧਰਮਿੰਦਰ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਸ ਨੇ ਕਿਹਾ ਕਿ ਧਰਮਿੰਦਰ ਦੀ ਮੌਤ ਫਿਲਮ ਸਨਅਤ ਦੇ ਨਾਲ ਨਾਲ ਪੂਰੇ ਮੁਲਕ ਲਈ ਵੱਡਾ ਘਾਟਾ ਹੈ। 89 ਸਾਲਾ ਅਦਾਕਾਰ ਦਾ ਲੰਘੇ ਸੋਮਵਾਰ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਕਰੀਬ ਛੇ ਦਹਾਕਿਆਂ ਤਕ ਵੱਖ ਵੱਖ ਫਿਲਮਾਂ ਵਿੱਚ ਕੰਮ ਕੀਤਾ। ਰੀਐਲਟੀ ਸ਼ੋਅ ‘ਬਿੱਗ ਬੌਸ 19’ ਵਿੱਚ ਸਲਮਾਨ ਖ਼ਾਨ ਨੇ ਕਿਹਾ, ‘‘ਇਹ ਹਫ਼ਤਾ ਦੁਆਵਾਂ ਮੰਗਦਿਆਂ, ਪ੍ਰਾਰਥਨਾ ਕਰਦਿਆਂ ਅਤੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਲੰਘਾਇਆ ਹੈ। ਇਸ ਹਫ਼ਤੇ ਫਿਲਮ ਸਨਅਤ ਦੇ ਨਾਲ ਨਾਲ ਪੂਰੇ ਦੇਸ਼ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਵੱਡੀ ਸ਼ਖ਼ਸੀਅਤ ਦੇ ਤੁਰ ਜਾਣ ਨਾਲ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਪ੍ਰਸ਼ੰਸਕ ਡੂੰਘੇ ਸਦਮੇ ਵਿੱਚ ਹਨ। ਮੈਂ ਜਾਣਦਾ ਹਾਂ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕਿਨ੍ਹਾਂ ਦੀ ਗੱਲ ਕਰ ਰਿਹਾ ਹਾਂ। ਪਰਮਾਤਮਾ ਉਸ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ। ਮੈਂ ਸੋਚਦਾ ਹਾਂ ਕਿ ਇਸ ਹਫ਼ਤੇ ‘ਵੀਕਐਂਡ ਕਾ ਵਾਰ’ ਨਾ ਕੀਤਾ ਜਾਵੇ। ਇਹ ਜ਼ਿੰਦਗੀ ਭਾਵੇਂ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ ਪਰ ਮੈਂ ਸੋਚਦਾ ਹਾਂ ਕਿ ਇਸ ਹਫ਼ਤੇ ‘ਵੀਕਐਂਡ ਕਾ ਵਾਰ’ ਨਾ ਕੀਤਾ ਜਾਵੇ।’’ ਸਲਮਾਨ ਖ਼ਾਨ ਵੀਰਵਾਰ ਨੂੰ ਧਰਮਿੰਦਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੀਤੀ ਸਭਾ ਵਿੱਚ ਵੀ ਹਾਜ਼ਰ ਹੋਇਆ ਸੀ। ਦਿਓਲ ਪਰਿਵਾਰ ਵੱਲੋਂ ਹੋਟਲ ਤਾਜ ਲੈਂਡਜ਼ ਐਂਡ ਵਿੱਚ ‘ਸੈਲੀਬ੍ਰੇਸ਼ਨ ਆਫ ਲਾਈਫ’ ਦੇ ਨਾਂ ’ਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ ਸੀ। ਇਸ ਦੌਰਾਨ ਸਲਮਾਨ ਖ਼ਾਨ ਤੋਂ ਇਲਾਵਾ ਬੌਲੀਵੁੱਡ ਦੀਆਂ ਕਈ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਸੀ। ਇਨ੍ਹਾਂ ਵਿੱਚ ਐਸ਼ਵਰਿਆ ਰਾਏ ਬੱਚਨ, ਰੇਖਾ, ਮਾਧੂਰੀ ਦੀਕਸ਼ਿਤ, ਵਿੱਦਿਆ ਬਾਲਨ, ਸ਼ਬਾਨਾ ਆਜ਼ਮੀ, ਜੈਕੀ ਸ਼ਰੌਫ, ਸਿਧਾਰਥ ਮਲਹੋਤਰਾ, ਸੁਨੀਲ ਸ਼ੈਟੀ, ਅਮਿਸ਼ਾ ਪਾਟੇਲ, ਫਰਦੀਨ ਖ਼ਾਨ, ਨਿਮਰਤ ਕੌਰ, ਸੋਨੂ ਸੂਦ, ਅਨੂ ਮਲਿਕ, ਸੁਭਾਸ਼ ਘਈ, ਕਰਨ ਜੌਹਰ ਸਣੇ ਹੋਰ ਹਾਜ਼ਰ ਹੋਏ ਸਨ।
ਕਮਾਲ ਦੀ ਸ਼ਖ਼ਸੀਅਤ ਸਨ ਧਰਮਿੰਦਰ: ਸ਼ਤਰੂਘਨ ਸਿਨਹਾ
ਨਵੀਂ ਦਿੱਲੀ: ਬੌਲੀਵੁੱਡ ਦੇ ਅਦਾਕਾਰ ਸ਼ਤਰੂਘਨ ਸਿਨਹਾ ਨੇ ਮਰਹੂਮ ਅਦਾਕਾਰ ਧਰਮਿੰਦਰ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ’ਤੇ ਲੰਬੀ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਸਿਨਹਾ ਨੇ ਮਰਹੂਮ ਅਦਾਕਾਰ ਨੂੰ ‘ਕਮਾਲ ਦੀ ਸ਼ਖ਼ਸੀਅਤ’ ਕਿਹਾ ਹੈ। ਧਰਮਿੰਦਰ ਨੇ 300 ਫਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦੀਆਂ ਫਿਲਮਾਂ ‘ਸੱਤਿਆਕਾਮ’ ਤੇ ‘ਸ਼ੋਲੇ’ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ। ਸ਼ਤਰੂਘਨ ਨੇ ਧਰਮਿੰਦਰ ਨਾਲ ਕਈ ਫਿਲਮਾਂ ਜਿਵੇਂ ‘ਬਲੈਕਮੇਲ’ (1973), ‘ਦੋਸਤ’ (1974), ‘ਜਲਜਲਾ’ (1988) ਵਿੱਚ ਇਕੱਠੇ ਕੰਮ ਕੀਤਾ ਸੀ। ਉਸ ਨੇ ਆਪਣੇ ‘ਐਕਸ’ ਖਾਤੇ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਮਰਹੂਮ ਧਰਮਿੰਦਰ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਸਨੀ ਦਿਓਲ ਅਤੇ ਬੌਬੀ ਦਿਓਲ ਵੀ ਨਜ਼ਰ ਆ ਰਹੇ ਹਨ। ਸਿਨਹਾ ਨੇ ਕਿਹਾ ਕਿ ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮਰਹੂਮ ਅਦਾਕਾਰ ਦੇ ਘਰ ਗਏ ਸਨ। ਇਸ ਦੌਰਾਨ ਉਹ ਧਰਮਿੰਦਰ ਦੇ ਪੁੱਤਰਾਂ ਸਨੀ ਦਿਓਲ ਅਤੇ ਬੌਬੀ ਦਿਓਲ ਸਣੇ ਉਨ੍ਹਾਂ ਦੇ ਪੋਤਰਿਆਂ ਨੂੰ ਵੀ ਮਿਲੇ। ਸਿਨਹਾ ਨੇ ਕਿਹਾ ਕਿ ਧਰਮਿੰਦਰ ਵੱਡੀ ਸ਼ਖ਼ਸੀਅਤ ਸਨ, ਉਹ ਸਦਾ ਸਾਡੇ ਦਿਲਾਂ ਵਿੱਚ ਜਿਊਂਦੇ ਰਹਿਣਗੇ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। -ਪੀਟੀਆਈ

