ਸਲਮਾਨ ਖ਼ਾਨ ਵੱਲੋਂ ਸੰਗੀਤਕਾਰ ਜੋਨਸ ਕੌਨਰ ਦੀ ਸ਼ਲਾਘਾ
ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ 15 ਸਾਲਾ ਗਾਇਕ-ਸੰਗੀਤਕਾਰ ਜੋਨਸ ਕੌਨਰ ਦੀ ਸ਼ਲਾਘਾ ਕੀਤੀ ਹੈ। ਉਸ ਨੇ ਲੋਕਾਂ ਨੂੰ ਅਜਿਹੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀ ਵੀ ਅਪੀਲ ਕੀਤੀ ਹੈ। ਖਾਨ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਦਾ ਸਕਰੀਨ ਸ਼ਾਟ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਉਸ ਨੇ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਸ਼ਖ਼ਸੀਅਤਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਦੇਸ਼ ਵਿੱਚ ਕਈ ਪ੍ਰਤਿਭਾਸ਼ਾਲੀ ਬੱਚੇ ਹਨ। ਉਸ ਨੇ ਲਿਖਿਆ,‘ਮੈਂ ਜ਼ਿੰਦਗੀ ਵਿੱਚ ਅਜਿਹਾ ਕਦੇ ਨਹੀਂ ਦੇਖਿਆ ਕਿ ਕੋਈ ਪੰਦਰਾਂ ਸਾਲ ਦਾ ਬੱਚਾ ਆਪਣੇ ਦਰਦ ਨੂੰ ਇੰਨੀ ਖ਼ੂਬਸੂਰਤੀ ਨਾਲ ਪੇਸ਼ ਕਰ ਸਕੇ। ਪਰਮਾਤਮਾ ਤੈਨੂੰ ਆਸ਼ੀਰਵਾਦ ਦੇਵੇ ਜੋਨਸ।’ ਖ਼ਾਨ ਨੇ ਜੋਨਸ ਦੇ ਉਨ੍ਹਾਂ ਗੀਤਾਂ ਦੀ ਸੂਚੀ ਵੀ ਸ਼ੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਨ੍ਹਾਂ ਨੂੰ ਉਹ ਸੁਣ ਰਿਹਾ ਹੈ। ਉਸ ਨੇ ਲਿਖਿਆ ਕਿ ਉਹ ‘ਫਾਦਰ ਇਨ ਏ ਬਾਈਬਲ’, ‘ਪੀਸ ਵਿਦ ਪੇਨ’, ਅਤੇ ‘ਓ ਅਪਲਾਚੀਆ’ ਨੂੰ ਵਾਰ-ਵਾਰ ਸੁਣ ਰਿਹਾ ਹੈ। ਸਲਮਾਨ ਨੇ ਕਿਹਾ ਕਿ ਜੇ ਅਜਿਹੇ ਬੱਚਿਆਂ ਦਾ ਸਮਰਥਨ ਨਹੀਂ ਕੀਤਾ ਤਾਂ ਫੇਰ ਕੀ ਕੀਤਾ। ਇਨ੍ਹਾਂ ਨੂੰ ਉਤਸ਼ਾਹਿਤ ਕਰੋ, ਸੋਸ਼ਣ ਨਹੀਂ। ਸਲਮਾਨ ਖ਼ਾਨ ਹੁਣ ਆਪਣੀ ਅਗਾਮੀ ਫ਼ਿਲਮ ‘ਬੈਟਲ ਆਫ਼ ਗਲਵਾਨ’ ਵਿੱਚ ਨਜ਼ਰ ਆਵੇਗਾ। ਇਸ ਫ਼ਿਲਮ ਦੀ ਸ਼ੂਟਿੰਗ ਉਸ ਨੇ ਇਸੇ ਹਫ਼ਤੇ ਸ਼ੁਰੂ ਕੀਤੀ ਹੈ। ਅਪੂਰਵਾ ਲਾਖੀਆ ਵੱਲੋਂ ਨਿਰਦੇਸ਼ਤ ਇਹ ਫ਼ਿਲਮ ਭਾਰਤ ਅਤੇ ਚੀਨ ਵਿੱਚ 2020 ਵਿੱਚ ਗਲਵਾਨ ਵਾਦੀ ਸੰਘਰਸ਼ ’ਤੇ ਆਧਾਰਿਤ ਹੈ। ਖ਼ਾਨ ਦੀ ਫ਼ਿਲਮ ‘ਸਿਕੰਦਰ’ ਮਾਰਚ ਵਿੱਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਏ ਆਰ ਮੁਰਗਦਾਸ ਨੇ ਕੀਤਾ ਸੀ। ਇਸ ਵਿੱਚ ਸਲਮਾਨ ਨਾਲ ਰਸ਼ਮਿਕਾ ਮੰਦਾਨਾ, ਕਾਜਲ ਅਗਰਵਾਲ, ਪ੍ਰਤੀਕ ਸਮਿਤਾ ਪਾਟਿਲ ਅਤੇ ਅੰਜਨੀ ਧਵਨ ਵੀ ਹੈ। ਹੁਣ ਸਲਮਾਨ ਰਿਐਲਟੀ ਸ਼ੋਅ ‘ਬਿੱਗ ਬਾਸ 19’ ਦੀ ਮੇਜ਼ਬਾਨੀ ਕਰ ਰਿਹਾ ਹੈ।