ਸਲਮਾਨ ਖ਼ਾਨ ਨੇ ਗਣੇਸ਼ ਚਤੁਰਥੀ ’ਤੇ ਮਾਪਿਆਂ ਨਾਲ ਕੀਤੀ ਆਰਤੀ
ਅਦਾਕਾਰ ਸਲਮਾਨ ਖ਼ਾਨ ਨੇ ਆਪਣੇ ਪਰਿਵਾਰ ਨਾਲ ਗਣੇਸ਼ ਚਤੁਰਥੀ ਮਨਾਈ। ਸਲਮਾਨ ਖ਼ਾਨ ਨੇ ਇਸ ਸਬੰਧੀ ਇੰਸਟਾਗ੍ਰਾਮ ’ਤੇ ਵੀਡੀਓ ਵੀ ਸਾਂਝੀ ਕੀਤੀ ਹੈ। ਵੀਡੀਓ ਵਿੱਚ ਅਦਾਕਾਰ ਨੂੰ ਉਸ ਦੀ ਮਾਂ ਸਲਮਾ ਖ਼ਾਨ ਅਤੇ ਪਿਤਾ ਸਲੀਮ ਖ਼ਾਨ ਤੋਂ ਪਹਿਲਾਂ ਆਰਤੀ ਕਰਦੇ ਦੇਖਿਆ ਗਿਆ। ਵੀਡੀਓ ਦੀ ਸ਼ੁਰੂਆਤ ਫੁੱਲਾਂ ਨਾਲ ਸਜਾਈ ਗਣਪਤੀ ਦੀ ਸੁੰਦਰ ਮੂਰਤੀ ਦੀ ਝਲਕ ਨਾਲ ਹੋਈ। ਪਹਿਲਾਂ, ਸਲਮਾਨ ਦੀ ਮਾਂ ਸਲਮਾ ਅਤੇ ਮਗਰੋਂ ਉਸ ਦੇ ਪਿਤਾ ਅਤੇ ਉੱਘੇ ਗੀਤਕਾਰ ਸਲੀਮ ਨੇ ਆਰਤੀ ਕੀਤੀ। ਇਸ ਵੇਲੇ ਸਲਮਾਨ ਨੇ ਕਾਲੀ ਕਮੀਜ਼ ਪਾਈ ਹੋਈ ਸੀ। ਮਗਰੋਂ ਸਲਮਾਨ ਦੇ ਭੈਣ-ਭਰਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਜੀਆਂ, ਜਿਨ੍ਹਾਂ ਵਿੱਚ ਅਰਬਾਜ਼ ਖ਼ਾਨ, ਸੋਹੇਲ ਖ਼ਾਨ, ਅਲਵੀਰਾ ਖ਼ਾਨ, ਅਲੀਜ਼ੇਹ ਅਗਨੀਹੋਤਰੀ, ਅਰਪਿਤਾ, ਆਯੂਸ਼ ਸ਼ਰਮਾ ਅਤੇ ਉਨ੍ਹਾਂ ਦੇ ਪੁੱਤਰ ਅਹਿਲ ਸ਼ਰਮਾ ਅਤੇ ਆਯਤ ਸ਼ਰਮਾ ਸ਼ਾਮਲ ਸਨ, ਨੇ ਸ਼ਿਰਕਤ ਕੀਤੀ। ਬੌਲੀਵੁੱਡ ਜੋੜੇ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਨੇ ਆਪਣੇ ਬੱਚਿਆਂ ਸਣੇ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਗਣੇਸ਼ ਚਤੁਰਥੀ ਦੇ ਜਸ਼ਨ ਵਿੱਚ ਹਿੱਸਾ ਲਿਆ। ਇਸ ਮੌਕੇ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੇ ਘਰ ਵੀ ਰੌਣਕਾਂ ਲੱਗੀਆਂ। ਪਿਛਲੇ ਸਾਲ ਫਰਵਰੀ ਵਿੱਚ ਵਿਆਹ ਕਰਵਾਉਣ ਵਾਲੇ ਇਸ ਜੋੜੇ ਨੇ ਮੁੰਬਈ ਵਿੱਚ ਆਪਣੇ ਘਰ ਵਿਸ਼ੇਸ਼ ਪੂਜਾ ਦਾ ਸਮਾਗਮ ਕੀਤਾ ਸੀ। ਇਸ ਮੌਕੇ ਅਨੰਨਿਆ ਪਾਂਡੇ ਵੀ ਸ਼ਾਮਲ ਹੋਈ। ਉਧਰ, ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਵੀ ਸੋਸ਼ਲ ਮੀਡੀਆ ’ਤੇ ਗਣੇਸ਼ ਚਤੁਰਥੀ ਮਨਾਏ ਜਾਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।