ਸਾਬਕਾ ਪ੍ਰੇਮਿਕਾ ਸੰਗੀਤਾ ਦੀ ਜਨਮ ਦਿਨ ਪਾਰਟੀ ’ਚ ਪਹੁੰਚਿਆ ਸਲਮਾਨ ਖ਼ਾਨ
ਮੁੰਬਈ: ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਸਾਬਕਾ ਪ੍ਰੇਮਿਕਾ ਤੇ ਅਦਾਕਾਰਾ ਸੰਗੀਤਾ ਬਿਜਲਾਨੀ ਦੇ ਜਨਮ ਦਿਨ ਦੀ ਪਾਰਟੀ ’ਚ ਸ਼ਿਰਕਤ ਕੀਤੀ। ਇਹ ਪਾਰਟੀ ਮੁੰਬਈ ਦੇ ਬਾਂਦਰਾ ਸਥਿਤ ਰੈਸਤਰਾਂ ’ਚ ਕੀਤੀ ਗਈ ਸੀ। ਸਲਮਾਨ ਕਾਲੀ ਟੀ-ਸ਼ਰਟ ਤੇ ਨੀਲੀ ਜੀਨਸ ਪਾ ਕੇ ਪਾਰਟੀ ’ਚ ਪਹੁੰਚਿਆ। ਉਹ ਕਾਫੀ ਫਿੱਟ ਨਜ਼ਰ ਆ ਰਿਹਾ ਸੀ ਤੇ ਵਾਲਾਂ ਨੂੰ ਨਵਾਂ ਰੰਗ ਕੀਤਾ ਹੋਇਆ ਸੀ। ਸਲਮਾਨ ਸਖ਼ਤ ਸੁਰੱਖਿਆ ਘੇਰੇ ਹੇਠ ਰੈਸਤਰਾਂ ’ਚ ਦਾਖ਼ਲ ਹੋਇਆ। ਇਸ ਪਾਰਟੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰ ’ਚ ਸਲਮਾਨ ਪਾਪਰਾਜ਼ੀ ਲਈ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ। ਉਸ ਨੇ ਪਾਰਟੀ ਸਥਾਨ ਦੇ ਬਾਹਰ ਉਡੀਕ ਕਰ ਰਹੇ ਨੌਜਵਾਨ ਪ੍ਰਸ਼ੰਸਕ ਨਾਲ ਗਰਮਜੋਸ਼ੀ ਤੇ ਖੁਸ਼ੀ ਨਾਲ ਗੱਲਬਾਤ ਕੀਤੀ ਤੇ ਬੱਚੇ ਨੂੰ ਪਿਆਰ ਵੀ ਕੀਤਾ। ਪਤਨੀ ਸਣੇ ਪਾਰਟੀ ਵਿੱਚ ਸ਼ਾਮਲ ਹੋਏ ਅਦਾਕਾਰ ਅਰਜੁਨ ਬਿਜਲਾਨੀ ਨੇ ਪਾਰਟੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਇੱਕ ਫੋਟੋ ਵਿੱਚ ਅਰਜੁਨ, ਉਸ ਦੀ ਪਤਨੀ, ਸਲਮਾਨ ਖਾਨ ਤੇ ਸੰਗੀਤਾ ਬਿਜਲਾਨੀ ਪੋਜ਼ ਦੇ ਰਹੇ ਹਨ। ਇਸ ਤਸਵੀਰ ਦੀ ਕੈਪਸ਼ਨ ’ਚ ਅਰਜੁਨ ਨੇ ਲਿਖਿਆ,‘ਸੰਗੀਤਾ ਬਿਜਲਾਨੀ ਤੁਹਾਨੂੰ ਜਨਮ ਦਿਨ ਮੁਬਾਰਕ! ਬਿਜਲਾਨੀ ਬੇਹੱਦ ਖ਼ਾਸ ਹਨ, ਜਿਨ੍ਹਾਂ ਦੀ ਖੁਸ਼ੀ ਵਿੱਚ ਸਲਮਾਨ ਖ਼ਾਨ ਸ਼ਾਮਲ ਹੋਏ ਹਨ। ਬਹੁਤ ਸਾਰਾ ਪਿਆਰ ਭਾਈ!’ ਦੱਸਣਯੋਗ ਹੈ ਕਿ ਬੌਲੀਵੁੱਡ ਦੇ ਸ਼ੁਰੂਆਤੀ ਦੌਰ ’ਚ ਸਲਮਾਨ ਤੇ ਸੰਗੀਤਾ ਇਕ ਟੀਵੀ ਵਿਗਿਆਪਨ ਲਈ ਇਕੱਠੇ ਹੋਏ ਸਨ। ਉਹ ਕਾਫੀ ਸਾਲ ਰਿਸ਼ਤੇ ’ਚ ਰਹੇ ਤੇ 90 ਦੇ ਦਹਾਕੇ ਵੇਲੇ ਦੋਵਾਂ ਨੇ ਵਿਆਹ ਕਰਵਾਉਣ ਦਾ ਫੈ਼ਸਲਾ ਵੀ ਕਰ ਲਿਆ ਸੀ ਪਰ ਅਚਾਨਕ ਵਿਆਹ ਰੱਦ ਕਰ ਦਿੱਤਾ ਗਿਆ ਸੀ। -ਏਐੱਨਆਈ