ਦਿਲੀਪ ਕੁਮਾਰ ਦੀ ਬਰਸੀ ’ਤੇ ਭਾਵੁਕ ਹੋਈ ਸਾਇਰਾ ਬਾਨੋ
ਨਵੀਂ ਦਿੱਲੀ:
ਅਦਾਕਾਰਾ ਸਾਇਰਾ ਬਾਨੋ ਨੇ ਸੋਮਵਾਰ ਨੂੰ ਆਪਣੇ ਮਰਹੂਮ ਪਤੀ ਅਦਾਕਾਰ ਦਿਲੀਪ ਕੁਮਾਰ ਨੂੰ ਉਨ੍ਹਾਂ ਦੀ ਚੌਥੀ ਬਰਸੀ ’ਤੇ ਯਾਦ ਕਰਦਿਆਂ ਭਾਵੁਕ ਸੁਨੇਹਾ ਸਾਂਝਾ ਕੀਤਾ ਹੈ। ਅਦਾਕਾਰਾ ਨੇ ਲਿਖਿਆ ਹੈ ਕਿ ਦਿਲੀਪ ਕੁਮਾਰ ਛੇ ਪੀੜ੍ਹੀਆਂ ਦੇ ਕਲਾਕਾਰਾਂ ਲਈ ਪ੍ਰੇਰਨਾਸ੍ਰੋਤ ਰਹੇ ਹਨ ਤੇ ਭਵਿੱਖ ਵਿੱਚ ਵੀ ਰਹਿਣਗੇ। ਅਦਾਕਾਰ ਵੱਲੋਂ ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਦਿਲੀਪ ਕੁਮਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ਾਮਲ ਹਨ। ਅਦਾਕਾਰਾ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ, ‘‘ਦਲੀਪ ਸਾਹਿਬ ਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ। ਫਿਰ ਵੀ ਮੈਂ ਸੋਚਾਂ ਵਿੱਚ ਅਤੇ ਜੀਵਨ ਵਿੱਚ ਹਰ ਪਲ ਉਨ੍ਹਾਂ ਦੇ ਨਾਲ ਹਾਂ, ਇਸ ਜੀਵਨ ਤੇ ਅਗਲੇ ਜੀਵਨ ਵਿੱਚ ਵੀ। ਮੇਰੀ ਆਤਮਾ ਨੇ ਉਨ੍ਹਾਂ ਦੇ ਨਾਲ ਚੱਲਣਾ ਸਿੱਖ ਲਿਆ ਹੈ।’’ ਉਨ੍ਹਾਂ ਕਿਹਾ ਕਿ ਇਸ ਮਹਾਨ ਸ਼ਖ਼ਸੀਅਤ ਦੇ ਪਿੱਛੇ ਕੋਮਲ ਅਤੇ ਹਾਜ਼ਰਜਵਾਬ ਇਨਸਾਨ ਸੀ। ਉਨ੍ਹਾਂ ਕਿਹਾ ਕਿ ਦਿਲੀਪ ਹਮੇਸ਼ਾ ਸਾਡੇ ਜ਼ਿਹਨ ’ਚ ਰਹਿਣਗੇ। ਸਾਇਰਾ ਬਾਨੋ ਅਤੇ ਦਿਲੀਪ ਕੁਮਾਰ ਦਾ ਵਿਆਹ 11 ਅਕਤੂਬਰ 1966 ਨੂੰ ਹੋਇਆ ਸੀ। ਦਿਲੀਪ ਕੁਮਾਰ ਦਾ ਲੰਬੀ ਬਿਮਾਰੀ ਮਗਰੋਂ ਸਾਲ 2021 ਨੂੰ 98 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। -ਪੀਟੀਆਈ