ਅਧਿਆਪਕ ਦਾ ਸਤਿਕਾਰ
ਜਦੋਂ ਅਸੀਂ ਪੜ੍ਹਦੇ ਸੀ ਤਾਂ ਉਸ ਸਮੇਂ ਅਧਿਆਪਕ ਦਾ ਬਹੁਤ ਮਾਣ ਸਤਿਕਾਰ ਹੁੰਦਾ ਸੀ। ਬੱਚੇ, ਬਜ਼ੁਰਗ ਸਾਰੇ ਹੀ ਅਧਿਆਪਕ ਨੂੰ ਗੁਰੂ ਆਖਦੇ ਸਨ। ਹੁਣ ਕਈ ਵਾਰ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਮਾਣ ਸਤਿਕਾਰ ਕਿਤੇ ਗੁੰਮ ਹੋ ਗਿਆ ਹੈ। ਪਰ...
ਜਦੋਂ ਅਸੀਂ ਪੜ੍ਹਦੇ ਸੀ ਤਾਂ ਉਸ ਸਮੇਂ ਅਧਿਆਪਕ ਦਾ ਬਹੁਤ ਮਾਣ ਸਤਿਕਾਰ ਹੁੰਦਾ ਸੀ। ਬੱਚੇ, ਬਜ਼ੁਰਗ ਸਾਰੇ ਹੀ ਅਧਿਆਪਕ ਨੂੰ ਗੁਰੂ ਆਖਦੇ ਸਨ। ਹੁਣ ਕਈ ਵਾਰ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਮਾਣ ਸਤਿਕਾਰ ਕਿਤੇ ਗੁੰਮ ਹੋ ਗਿਆ ਹੈ।
ਪਰ ਨਹੀਂ। ਮੇਰੀ ਸੋਚ ਨੂੰ ਮੇਰੇ ਕੋਲੋਂ ਹੀ ਪੜ੍ਹ ਕੇ ਗਈ ਇੱਕ ਬੱਚੀ ਨੇ ਗ਼ਲਤ ਸਾਬਿਤ ਕਰ ਦਿੱਤਾ। ਪੰਜਵੀਂ ਪਾਸ ਕਰਕੇ ਗਏ ਬਹੁਤ ਸਾਰੇ ਬੱਚੇ ਵੱਡੇ ਸਕੂਲ ਵਿੱਚ ਗਏ ਤਾਂ ਕੁਝ ਦਿਨਾਂ ਬਾਅਦ ਮੈਨੂੰ ਮਿਲਣ ਲਈ ਆਉਂਦੇ ਤੇ ਆਖਦੇ, ‘‘ਮੈਡਮ ਜੀ, ਤੁਸੀਂ ਇਸ ਸਕੂਲ ਵਿੱਚ ਹੀ ਹੋਰ ਕਮਰੇ ਬਣਾ ਕੇ ਵੱਡੀਆਂ ਜਮਾਤਾਂ ਇੱਥੇ ਹੀ ਸ਼ੁਰੂ ਕਰ ਲਓ। ਉੱਥੇ ਸਾਡਾ ਜੀਅ ਨਹੀਂ ਲੱਗਦਾ।’’ ਮੈਂ ਉਨ੍ਹਾਂ ਨੂੰ ਆਖਦੀ ਕਿ ਕੋਈ ਨਾ ਕੋਸ਼ਿਸ਼ ਕਰਦੇ ਹਾਂ। ਓਨੀ ਦੇਰ ਉੱਥੇ ਹੀ ਦਿਲ ਲਗਾ ਕੇ ਪੜ੍ਹਾਈ ਕਰੋ।’’ ਇਹ ਸੁਣ ਬੱਚੇ ਇੱਕ ਆਸ ਜਿਹੀ ਲੈ ਕੇ ਮੁੜ ਜਾਂਦੇ ਤੇ ਮੈਂ ਗੇਟ ਤੱਕ ਉਨ੍ਹਾਂ ਨੂੰ ਜਾਂਦੇ ਦੇਖਦੀ ਰਹਿੰਦੀ। ਉਨ੍ਹਾਂ ਵਿੱਚੋਂ ਹੀ ਇੱਕ ਬੱਚੀ ਹਰ ਰੋਜ਼ ਸਵੇਰ ਨੂੰ ਜਾਂ ਛੁੱਟੀ ਵੇਲੇ ਮੈਨੂੰ ਸਕੂਲ ਦੇ ਗੇਟ ਦੇ ਬਾਹਰ ਮਿਲਦੀ ਤੇ ਆਖਦੀ, ‘‘ਮੈਡਮ ਜੀ, ਮੇਰਾ ਉੱਥੇ ਜੀਅ ਨਹੀਂ ਲੱਗਦਾ।’’ ਮੈਂ ਉਸ ਨੂੰ ਆਖਦੀ, ‘‘ਕੋਈ ਨਾ ਬੇਟਾ, ਜਦੋਂ ਵੀ ਅਸੀਂ ਨਵੀਂ ਥਾਂ ਜਾਂਦੇ ਹਾਂ ਤਾਂ ਇੰਝ ਹੀ ਲਗਦਾ ਹੈ। ਹੌਲੀ-ਹੌਲੀ ਜੀਅ ਲੱਗ ਜਾਵੇਗਾ।’’ ਤੇ ਉਹ ਚਲੀ ਜਾਂਦੀ।
ਇੱਕ ਵਾਰ ਉਹ ਅੱਧੀ ਛੁੱਟੀ ਵੇਲੇ ਆਈ ਤੇ ਪੇਸਟਰੀ ਦਾ ਡੱਬਾ ਵੀ ਨਾਲ ਲਿਆਈ। ਉਸ ਨੇ ਮੈਨੂੰ ਸ਼ੁਭ ਇੱਛਾਵਾਂ ਦਿੱਤੀਆਂ ਤਾਂ ਮਨ ਬਾਗੋ-ਬਾਗ ਹੋ ਗਿਆ ਕਿ ਉਸ ਨੂੰ ਮੇਰੇ ਜਨਮ ਦਿਨ ਦੀ ਤਾਰੀਖ਼ ਯਾਦ ਸੀ। ਉਸ ਨੇ ਕਿਹਾ, ‘‘ਮੈਡਮ ਜੀ, ਅੱਜ ਤਾਂ ਮੈਂ ਅਰਜ਼ੀ ਦੇ ਕੇ ਤੁਹਾਨੂੰ ਮਿਲਣ ਆਈ ਹਾਂ।’’ ਮੈਂ ਪੁੱਛਿਆ, ‘‘ਉਹ ਕਿਉਂ?’’ ਉਸ ਨੇ ਜਵਾਬ ਦਿੱਤਾ, ‘‘ਅੱਜ ਸਾਡੀ ਅਧਿਆਪਕਾ ਨੇ ਮੈਨੂੰ ਬਿਲਕੁਲ ਮਨ੍ਹਾਂ ਕਰ ਦਿੱਤਾ ਕਿ ਤੂੰ ਨਾਲ ਦੇ ਸਕੂਲ ਵਿੱਚ ਨਹੀਂ ਜਾ ਸਕਦੀ। ਉਨ੍ਹਾਂ ਮੈਨੂੰ ਕਿਹਾ ਕਿ ਹੁਣ ਤੂੰ ਪੁਰਾਣੇ ਅਧਿਆਪਕਾਂ ਨੂੰ ਭੁੱਲ ਜਾ।’’ ਅੱਗੋਂ ਉਸ ਬੱਚੀ ਨੇ ਆਪਣੀ ਅਧਿਆਪਕਾ ਨੂੰ ਹੀ ਪੁੱਛਿਆ, ‘‘ਕੀ ਤੁਸੀਂ ਆਪਣੇ ਮਾਂ ਬਾਪ ਨੂੰ ਭੁੱਲ ਸਕਦੇ ਹੋ?’’ ਅਧਿਆਪਕਾ ਨੇ ਜਵਾਬ ਦਿੱਤਾ, ‘‘ਨਹੀਂ।’’ ਫਿਰ ਅਧਿਆਪਕਾ ਨੇ ਪੁੱਛਿਆ, ‘‘ਇਸ ਗੱਲ ਦਾ ਕੀ ਮਤਲਬ?’’ ਉਹ ਬੱਚੀ ਪਰਵਾਸੀ ਮਾਪਿਆਂ ਦੀ ਧੀ ਸੀ। ਉਸ ਨੇ ਜਵਾਬ ਦਿੱਤਾ, ‘‘ਮੈਡਮ ਜੀ, ਮੈਨੂੰ ਆਪਣੇ ਉਹ ਅਧਿਆਪਕ ਮਾਂ ਬਾਪ ਤੋਂ ਵੀ ਵਧ ਕੇ ਹਨ। ਮੈਂ ਉਨ੍ਹਾਂ ਨੂੰ ਕਦੇ ਵੀ ਭੁਲਾ ਨਹੀਂ ਸਕਦੀ। ਮੈਂ ਜਦ ਪੰਜਾਬ ਆਈ ਸੀ ਤਾਂ ਮੈਨੂੰ ਸਿਰਫ਼ ਹਿੰਦੀ ਭਾਸ਼ਾ ਦਾ ਕੁਝ-ਕੁਝ ਗਿਆਨ ਸੀ ਪਰ ਉਨ੍ਹਾਂ ਦੀ ਬਦੌਲਤ ਅੱਜ ਮੈਨੂੰ ਤਿੰਨੋਂ ਭਾਸ਼ਾਵਾਂ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਦਾ ਵੀ ਗਿਆਨ ਹੈ। ਜੇਕਰ ਅੱਜ ਵੀ ਪੜ੍ਹਾਈ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਮੇਰੀ ਉਸ ਮੁਸ਼ਕਿਲ ਦਾ ਹੱਲ ਫੋਨ ’ਤੇ ਹੀ ਕਰ ਦਿੰਦੇ ਹਨ। ਅੱਜ ਮੇਰੀ ਉਸ ਅਧਿਆਪਕਾ ਦਾ ਜਨਮ ਦਿਨ ਹੈ। ਅੱਜ ਤਾਂ ਮੈਂ ਉਨ੍ਹਾਂ ਕੋਲ ਜਾਣਾ ਹੀ ਹੈ।’’ ਉਸ ਦੀ ਅਧਿਆਪਕਾ ਨੇ ਆਖਿਆ ਕਿ ਇਉਂ ਸਕੂਲ ਦੇ ਵਿਚਲੇ ਸਮੇਂ ਵਿੱਚ ਨਹੀਂ ਭੇਜ ਸਕਦੇ। ਉਹ ਅਧਿਆਪਕਾ ਆਪਣੀ ਥਾਂ ਬਿਲਕੁਲ ਸਹੀ ਸੀ ਕਿਉਂ ਜੋ ਅਜੋਕੇ ਸਮੇਂ ਨੂੰ ਦੇਖਦੇ ਹੋਏ ਬੱਚੇ ਨੂੰ ਇੰਝ ਭੇਜਣਾ ਵੀ ਨਹੀਂ ਚਾਹੀਦਾ। ਉਸ ਦੀ ਅਧਿਆਪਕਾ ਨੇ ਕਿਹਾ, ‘‘ਤੂੰ ਅਰਜ਼ੀ ਦੇ ਜਾ ਤੇ ਫਿਰ ਚਲੀ ਜਾਈਂ।’’ ਉਸ ਬੱਚੀ ਦੇ ਮਾਤਾ ਜੀ ਉੱਥੇ ਹੀ ਸਕੂਲ ਵਿੱਚ ਮਿੱਡ ਡੇਅ ਮੀਲ ਸੇਵਿਕਾ ਸਨ। ਉਹ ਭੱਜ ਕੇ ਆਪਣੀ ਮੰਮੀ ਕੋਲ ਗਈ, ਅਰਜ਼ੀ ਲਿਖੀ ਤੇ ਮਾਤਾ ਜੀ ਦੇ ਦਸਤਖ਼ਤ ਕਰਵਾ ਕੇ ਆਪਣੀ ਅਧਿਆਪਕਾ ਨੂੰ ਅਰਜ਼ੀ ਦੇ ਕੇ ਬੋਲੀ, ‘‘ਮੈਡਮ ਜੀ, ਹੁਣ ਮੈਂ ਜਾਵਾਂ?’’ ਅਧਿਆਪਕਾ ਨੇ ਅਰਜ਼ੀ ਪੜ੍ਹੀ। ਉਸ ਵਿੱਚ ਲਿਖਿਆ ਸੀ: ‘ਅੱਜ ਮੇਰੇ ਗੁਰੂ ਦਾ ਜਨਮ ਦਿਨ ਹੈ। ਇਸ ਲਈ ਮੈਨੂੰ ਛੁੱਟੀ ਦਿੱਤੀ ਜਾਵੇ।’ ਇਹ ਪੜ੍ਹ ਕੇ ਉਸ ਅਧਿਆਪਕਾ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਨ੍ਹਾਂ ਮੁਸਕਰਾ ਕੇ ਆਖਿਆ, ‘‘ਜਾਓ ਬੇਟਾ ਜੀ, ਮਿਲ ਆਓ ਆਪਣੇ ਗੁਰੂ ਨੂੰ।’’ ਬੱਚੀ ਦੀ ਇਹ ਗੱਲ ਸੁਣ ਕੇ ਮੇਰੀਆਂ ਵੀ ਅੱਖਾਂ ਨਮ ਹੋ ਗਈਆਂ ਤੇ ਮੈਂ ਉਸ ਦਾ ਮੱਥਾ ਚੁੰਮਦੇ ਹੋਏ, ਉਸ ਦਾ ਧੰਨਵਾਦ ਕੀਤਾ। ਉਸ ਨੇ ਮੇਰੇ ਜਨਮ ਦਿਨ ’ਤੇ ਮੈਨੂੰ ਅਨਮੋਲ ਤੋਹਫ਼ਾ ਦੇ ਕੇ ਉਸ ਦਿਨ ਨੂੰ ਯਾਦਗਾਰ ਬਣਾ ਦਿੱਤਾ ਸੀ ਤੇ ਉਸ ਸੋਚ ਨੂੰ ਵੀ ਗ਼ਲਤ ਸਾਬਿਤ ਕਰ ਦਿੱਤਾ ਸੀ ਕਿ ਅੱਜਕੱਲ੍ਹ ਦੇ ਬੱਚੇ ਅਧਿਆਪਕ ਦਾ ਸਤਿਕਾਰ ਨਹੀਂ ਕਰਦੇ।
ਸੰਪਰਕ: 98773-46150

