‘ਮਰਦਾਨੀ 3’ ਨਾਲ ਵਾਪਸੀ ਕਰੇਗੀ ਰਾਣੀ ਮੁਖਰਜੀ
ਬੌਲੀਵੁਡ ਅਦਾਕਾਰਾ ਰਾਣੀ ਮੁਖਰਜੀ ਦੇ ਪ੍ਰਸ਼ੰਸਕਾਂ ਵੱਲੋਂ ਉਸ ਦੀ ਫਿਲਮ ‘ਮਰਦਾਨੀ 3’ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਫਿਲਮ ਵਿੱਚ ਅਦਾਕਾਰਾ ਪੁਲੀਸ ਅਧਿਕਾਰੀ ਸ਼ਿਵਾਨੀ ਸ਼ਿਵਾਜੀ ਰਾਏ ਦੇ ਰੂਪ ਵਿੱਚ ਸਿਨੇਮਾ ਘਰਾਂ ਵਿੱਚ ਵਾਪਸੀ ਕਰ ਰਹੀ ਹੈ। ਬਲਾਕਬਾਸਟਰ ਫਰੈਂਚਾਇਜ਼ੀ ਦੀ ਤੀਜੀ ਫਿਲਮ ਵਿੱਚ ਅਦਾਕਾਰਾ ਰਾਣੀ ਨੂੰ ਪੁਲੀਸ ਦੀ ਵਰਦੀ ਵਿੱਚ ਉਸ ਦੇ ਪ੍ਰਸ਼ੰਸਕਾਂ ਦੇ ਸਾਹਮਣੇ ਲਿਆਵੇਗੀ। ਇਸ ਵਿੱਚ ਉਸ ਨੂੰ ਗੰਭੀਰ ਕੇਸ ਨੂੰ ਹੱਲ ਕਰਦੇ ਹੋਏ ਦਿਖਾਇਆ ਗਿਆ ਹੈ। ਇਸ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਨੇ ਪੁਲੀਸ ਸ਼ਹੀਦੀ ਯਾਦਗਾਰੀ ਦਿਵਸ ਮੌਕੇ ਭਾਰਤੀ ਪੁਲੀਸ ਨੂੰ ਸਲਾਮ ਕੀਤਾ ਹੈ। ਪੁਲੀਸ ਫੋਰਸ ਲਈ ਸਤਿਕਾਰ ਭੇਟ ਕਰਦਿਆਂ ਅਦਾਕਾਰਾ ਨੇ ਕਿਹਾ ਕਿ ਭਾਰਤੀ ਪੁਲੀਸ ਫੋਰਸ ਨੂੰ ਸਤਿਕਾਰ ਭੇਟ ਕਰਨਾ ਉਸ ਲਈ ਮਾਣ ਵਾਲੀ ਗੱਲ ਹੈ। ਇਹ ਫਿਲਮ ਪੁਲੀਸ ਫੋਰਸ ਨੂੰ ਸਮਰਪਿਤ ਹੈ। ਰਾਣੀ ਨੇ ਕਿਹਾ ਕਿ ਸਾਡੇ ਮੁਲਕ ਦੇ ਹਰ ਕੋਨੇ ਵਿੱਚ ਪੁਲੀਸ ਮੁਲਾਜ਼ਮ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਉਹ ਸਾਡੀ ਰਾਖੀ ਕਰਦੇ ਹੋਏ ਆਪਣੀ ਜਾਨ ਖ਼ਤਰੇ ਵਿੱਚ ਪਾਉਂਦੇ ਹਨ। ਉਹ ਆਪਣੇ ਪਰਿਵਾਰ ਨੂੰ ਦੇਣ ਵਾਲਾ ਕੀਮਤੀ ਸਮਾਂ ਮੁਲਕ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਲਾਉਂਦੇ ਹਨ। ਸਾਡੇ ਦੇਸ਼ ਦੀ ਪੁਲੀਸ ਮੁਲਕ ਅਤੇ ਲੋਕਾਂ ਦੀ ਸੁਰੱਖਿਆ ਲਈ ਜੋ ਕਰਦੀ ਹੈ ਉਸ ਲਈ ਸਿਰਫ਼ ਸ਼ਬਦ ਇਨਸਾਫ਼ ਨਹੀਂ ਕਰ ਸਕਦੇ।