ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵਧ ਰਿਹੈ: ਗੀਤਾ ਬਸਰਾ
ਅਦਾਕਾਰਾ ਗੀਤਾ ਬਸਰਾ ਨੇ ਕਿਹਾ ਕਿ ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਸ ਨੇ ਕਿਹਾ ਕਿ ਪੰਜਾਬੀ ਸਿਨੇਮਾ ਭਾਰਤ ਵਿਚਲੀਆਂ ਸਾਰੀਆਂ ਖੇਤਰੀ ਫਿਲਮਾਂ ਵਿੱਚੋਂ ਤੇਜ਼ੀ ਨਾਲ ਉੱਭਰ ਕੇ ਅੱਗੇ ਆ ਰਿਹਾ ਹੈ। ਅਦਾਕਾਰਾ ਦੀਆਂ ਫਿਲਮਾਂ ‘ਦਿ ਟਰੇਨ’ ਅਤੇ ‘ਦਿਲ ਦੀਆ ਹੈ’ ਦੀ ਕਾਫ਼ੀ ਸ਼ਲਾਘਾ ਹੋਈ ਸੀ। ਉਹ ਹੁਣ ਕਰੀਬ ਦਹਾਕੇ ਮਗਰੋਂ ‘ਮਿਹਰ’ ਫਿਲਮ ਵਿੱਚ ਦੁਬਾਰਾ ਨਜ਼ਰ ਆਵੇਗੀ। ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਰਾਕੇਸ਼ ਮਹਿਤਾ ਹਨ। ਗੀਤਾ ਨੇ ਕਿਹਾ ਕਿ ਦਰਸ਼ਕ ਇੱਕੋ ਤਰ੍ਹਾਂ ਦੀਆਂ ਫਿਲਮਾਂ ਦੇਖ ਕੇ ਅੱਕ ਚੁੱਕੇ ਹਨ। ਉਹ ਹੁਣ ਅਸਲੀ ਅਤੇ ਨਵੇਂ ਵਿਸ਼ਿਆਂ ’ਤੇ ਆਧਾਰਿਤ ਫਿਲਮਾਂ ਦੇਖਣੀਆਂ ਚਾਹੁੰਦੇ ਹਨ। ਪੰਜਾਬੀ ਸਿਨੇਮਾ ਲੋਕਾਂ ਦੀ ਇਸ ਮੰਗ ’ਤੇ ਖ਼ਰਾ ਉੱਤਰ ਰਿਹਾ ਹੈ। ਇੰਟਰਵਿਊ ਵਿੱਚ ਗੀਤਾ ਨੇ ਕਿਹਾ ਕਿ ਜੇ ਭਾਰਤ ਦੀਆਂ ਖੇਤਰੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਿਨੇਮਾ ਸਭ ਤੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪੰਜਾਬੀ ਸਿਨੇਮਾ ਸਹੀ ਦਿਸ਼ਾ ਵਿੱਚ ਜਾ ਰਿਹਾ ਹੈ, ਇਸੇ ਸਦਕਾ ਅੱਜ ਬਹੁਤ ਹੀ ਚੰਗੀਆਂ ਫਿਲਮਾਂ ਬਣ ਰਹੀਆਂ ਹਨ। ਉਸ ਨੇ ਕਿਹਾ ਕਿ ਲੋਕ ਇੱਕੋ ਤਰ੍ਹਾਂ ਦੀਆਂ ਫਿਲਮਾਂ ਦੇਖ-ਦੇਖ ਅੱਕ ਚੁੱਕੇ ਸਨ। ਉਹ ਨਵੇਂ ਵਿਸ਼ਿਆਂ ’ਤੇ ਆ ਰਹੀਆਂ ਫਿਲਮਾਂ ਨੂੰ ਪਸੰਦ ਕਰ ਰਹੇ ਹਨ। ਉਸ ਨੇ ਕਿਹਾ ਕਿ ਪੰਜਾਬੀ ਫਿਲਮਾਂ ਅੱਜ ਉਹ ਸਥਾਨ ਹਾਸਲ ਕਰ ਗਈਆਂ ਹਨ ਕਿ ਲੋਕ ਫਿਲਮ ਦੇਖਣ ਲਈ ਸਿਨੇਮਾ ਘਰਾਂ ’ਚ ਜਾ ਰਹੇ ਹਨ। ਇਹ ਹੀ ਸਿਨੇਮਾ ਦੀ ਖ਼ੂਬਸੂਰਤੀ ਹੈ। ਇਸ ਫਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਵੱਲੋਂ ਕੀਤਾ ਗਿਆ ਹੈ। ਇਸ ਫਿਲਮ ਵਿੱਚ ਬ੍ਰਿਟਿਸ਼-ਭਾਰਤੀ ਕਾਰੋਬਾਰੀ ਰਾਜ ਕੁੰਦਰਾ ਵੀ ਨਜ਼ਰ ਆਵੇਗਾ। ਉਹ ਇਸ ਫਿਲਮ ਤੋਂ ਆਪਣੇ ਅਦਾਕਾਰੀ ਦੇ ਸਫ਼ਰ ਦੀ ਸ਼ੁਰੂਆਤ ਕਰ ਰਿਹਾ ਹੈ।