ਮਾਰੂਥਲ ਬਣਨ ਵੱਲ ਵਧ ਰਿਹਾ ਪੰਜਾਬ
ਪ੍ਰਿੰ. (ਰਿਟਾ.) ਤਰਸੇਮ ਸਿੰਘ
ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ; ਭਾਵ, ਪਾਣੀ ਅਤੇ ਖੁਸ਼ਹਾਲੀ ਨਾਲ ਭਰਪੂਰ ਧਰਤੀ। ਧਰਮ ਦੀ ਰਾਜਨੀਤੀ ਅਤੇ ਸੱਤਾ ਦੇ ਲਾਲਚੀਆਂ ਨੇ ਪੰਜ ਦਰਿਆਵਾਂ ਦੀ ਇਸ ਧਰਤੀ ਦੇ ਟੁਕੜੇ ਕਰ ਦਿੱਤੇ। ਸਾਡੇ ਦੋ ਦਰਿਆ ਜਿਹਲਮ ਤੇ ਚਨਾਬ ਇਸੇ ਰਾਜਨੀਤੀ ਅਤੇ ਸੰਪਰਦਾਇਕਤਾ ਦੀ ਭੇਂਟ ਚੜ੍ਹ ਗਏ। ਬਾਕੀ ਬਚੇ ਤਿੰਨ ਦਰਿਆਵਾਂ ਦੇ ਸਹਾਰੇ ਹੀ ਪੰਜਾਬ ਆਪਣੀ ਮਿਹਨਤ ਸਦਕਾ ਦੇਸ਼ ਦੇ ਅੰਨ ਭੰਡਾਰ ਵਿੱਚ ਯੋਗਦਾਨ ਪਾਉਣ ਵਿੱਚ ਮੋਹਰੀ ਰਿਹਾ। ਪੰਜਾਬ ਵਿੱਚ ਕੋਈ ਵੱਡੀ ਸਨਅਤ ਨਾ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਬਣਾਇਆ ਅਤੇ ਇੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ। ਇਹ ਸਭ ਪੰਜਾਬ ਵਿੱਚ ਵਗਦੇ ਦਰਿਆਵਾਂ ਦੀ ਬਦੌਲਤ ਹੀ ਸੰਭਵ ਹੋਇਆ। ਹਰੇ ਇਨਕਲਾਬ ਦੌਰਾਨ ਰਸਾਇਣਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਸ਼ੁਰੂ ਹੋਈ ਪਰ ਹੁਣ ਇਨ੍ਹਾਂ ਦੀ ਅੰਨ੍ਹੇਵਾਹ ਵਰਤੋਂ ਨੇ ਪੰਜਾਬ ਦੇ ਪਾਣੀ ਦੀ ਤਬੀਅਤ ਹੀ ਬਦਲ ਦਿੱਤੀ। ਹੁਣ ਪੰਜਾਬ ਦਾ ਪਾਣੀ ਨਾ ਪੀਣ ਯੋਗ ਰਿਹਾ ਨਾ ਸਿੰਜਾਈ ਯੋਗ। ਨਤੀਜਾ ਇਹ ਹੋਇਆ ਕਿ ਲੋਕਾਂ ਨੇ ਡੂੰਘੇ ਬੋਰ ਕਰਵਾਉਣੇ ਸ਼ੁਰੂ ਕਰ ਦਿੱਤੇ। ਕੁਝ ਕੁ ਦਹਾਕਿਆਂ ਬਾਅਦ ਫਿਰ ਉਹ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ; ਦਰਿਆਵਾਂ ਦੀ ਧਰਤੀ ਅਖਵਾਉਣ ਵਾਲੇ ਪੰਜਾਬ ਦੇ ਸਿਰ ਉੱਤੇ ਪਾਣੀ ਦਾ ਸੰਕਟ ਮੰਡਰਾਉਣ ਲੱਗਾ। ਇਹ ਸੰਕਟ ਹੁਣ ਆਏ ਦਿਨ ਡੂੰਘਾ ਹੋ ਰਿਹਾ ਹੈ। ਮਾਹਿਰ ਕਹਿ ਰਹੇ ਹਨ ਕਿ ਪੰਜਾਬ ਪਾਣੀ ਨੂੰ ਤਰਸ ਜਾਣਗੇ।
ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਸੂਬੇ ਦੀਆਂ ਸਰਕਾਰਾਂ ਹਰਕਤ ਵਿੱਚ ਜ਼ਰੂਰ ਆਈਆਂ ਪਰ ਉਨ੍ਹਾਂ ਦੀਆਂ ਕਾਰਵਾਈਆਂ ਜ਼ਮੀਨ ’ਤੇ ਘੱਟ ਅਤੇ ਕਾਗਜ਼ਾਂ ਵਿੱਚ ਜ਼ਿਆਦਾ ਨਜ਼ਰ ਆਈਆਂ। ਉਂਝ, ਜੇਕਰ ਸਮੇਂ ਸਿਰ ਲੋੜੀਂਦੇ ਕਦਮ ਚੁੱਕੇ ਹੁੰਦੇ ਤਾਂ ਹਾਲਾਤ ਇਹ ਨਹੀਂ ਸੀ ਹੋਣੇ ਜੋ ਅੱਜ ਹਨ।
ਕੀ ਹਨ ਅੱਜ ਦੇ ਹਾਲਾਤ?
ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਨਵੰਬਰ 2024 ਦੀ ਰਿਪੋਰਟ ਅਨੁਸਾਰ, ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਖ਼ਤਰੇ ਦੀ ਘੰਟੀ ਤੋਂ ਕਾਫੀ ਉਪਰ ਹੈ। ਪਿਛਲੇ ਪੰਜ ਸਾਲਾਂ ’ਤੇ ਹੀ ਜੇਕਰ ਝਾਤ ਮਾਰ ਲਈਏ ਤਾਂ ਕੁਝ ਜ਼ਿਲ੍ਹਿਆਂ ਵਿੱਚ ਤਾਂ ਪਾਣੀ ਦਾ ਪੱਧਰ 2-4 ਮੀਟਰ ਤੋਂ ਵੀ ਵੱਧ ਹੇਠਾਂ ਚਲਿਆ ਗਿਆ ਹੈ। ਜੇਕਰ ਇਹ ਪੱਧਰ ਇਸੇ ਤਰ੍ਹਾਂ ਹੀ ਹੇਠ ਜਾਂਦਾ ਰਿਹਾ ਤਾਂ ਫਿਰ ਸ਼ਾਇਦ ਕੋਈ ਵੀ ਪੰਜਾਬ ਨੂੰ ਮਾਰੂਥਲ ਵਿੱਚ ਬਦਲਣ ਤੋਂ ਨਹੀਂ ਰੋਕ ਸਕੇਗਾ।
ਜ਼ਮੀਨੀ ਪਾਣੀ ਘਟਣ ਦੇ ਕਾਰਨ
ਜ਼ਮੀਨੀ ਪਾਣੀ ਦੀ ਭਰਪਾਈ ਮੁੱਖ ਤੌਰ ’ਤੇ ਇਲਾਕੇ ਵਿੱਚ ਪੈਂਦੇ ਮੀਂਹ ’ਤੇ ਨਿਰਭਰ ਕਰਦੀ ਹੈ। ਪੰਜਾਬ ਵਿੱਚ ਪਾਣੀ ਦੀ ਭਰਪਾਈ 80% ਦੱਖਣ-ਪੱਛਮ ਮੌਨਸੂਨ ਨਾਲ ਜੁਲਾਈ ਤੋਂ ਸਤੰਬਰ ਤੱਕ ਅਤੇ 20% ਭਰਪਾਈ ਦਸੰਬਰ ਤੋਂ ਮਾਰਚ ਵਿੱਚ ਪੈਂਦੇ ਮੀਂਹ ਨਾਲ ਹੁੰਦੀ ਹੈ। ਸਰਦੀਆਂ ਵਿੱਚ ਪੈਂਦੇ ਮੀਂਹ ਨੂੰ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਵੇਲਿਆਂ ਵਿੱਚ ਪਏ ਮੀਂਹਾਂ ਦਾ ਜ਼ਿਆਦਾਤਰ ਪਾਣੀ ਧਰਤੀ ਵਿੱਚ ਹੀ ਸਮਾਉਂਦਾ ਹੈ। 1960 ਤੋਂ ਲੈ ਕੇ 2000 ਤੱਕ ਜੇਕਰ ਹਰੇਕ ਦਹਾਕੇ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਹਰੇਕ ਦਹਾਕੇ ਵਿੱਚ ਪੰਜਾਬ ਵਿੱਚ ਸਾਲਾਨਾ ਔਸਤਨ 700 ਐੱਮਐੱਮ ਮੀਂਹ ਪਏ। 2000 ਤੋਂ ਬਾਅਦ ਪੰਜਾਬ ਵਿੱਚ ਮੀਂਹ ਹੌਲੀ-ਹੌਲੀ ਘਟਣੇ ਸ਼ੁਰੂ ਹੋਏ ਅਤੇ 2000-2020 ਤੱਕ ਪੰਜਾਬ ਵਿੱਚ ਔਸਤਨ 450 ਐੱਮਐੱਮ ਮੀਂਹ ਪਿਆ। ਸਰਦੀਆਂ ਵਿੱਚ ਪੈਣ ਵਾਲੇ ਮੀਂਹ ਜਿਹੜੇ ਜ਼ਮੀਨੀ ਪਾਣੀ ਦੀ ਭਰਪਾਈ ਕਰਦੇ ਸਨ, ਉਹ ਤਾਂ ਹੁਣ ਲਗਭਗ ਖਤਮ ਵਰਗੇ ਹੀ ਹੋ ਗਏ ਹਨ, ਬਰਸਾਤਾਂ ਦੀਆਂ ਝੜੀਆਂ ਬਾਰੇ ਵੀ ਸ਼ਾਇਦ ਨਵੀਂ ਪੀੜ੍ਹੀ ਨੂੰ ਪਤਾ ਹੀ ਨਾ ਹੋਵੇ ਅਤੇ ‘ਝੜੀ’ ਸ਼ਬਦ ਸ਼ਾਇਦ ਕੁਝ ਸਮੇਂ ਬਾਅਦ ਲੋਕਾਂ ਦੇ ਅਵਚੇਤਨ ਵਿੱਚੋਂ ਵੀ ਖ਼ਤਮ ਹੋ ਜਾਵੇ।
ਮੀਂਹ ਦੀ ਕਮੀ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ ਜਿਨ੍ਹਾਂ ਵਿੱਚੋਂ ਵਧ ਰਹੀ ਜਨਸੰਖਿਆ, ਝੋਨੇ ਦੀ ਖੇਤੀ ਵਿੱਚ ਵਾਧਾ, ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਬਿਜਲੀ ਤੇ ਪਾਣੀ ਦੀ ਬਰਬਾਦੀ ਮੁੱਖ ਕਾਰਨ ਹਨ।
ਸਰਕਾਰ ਦਾ ਸ਼ਲਾਘਾਯੋਗ ਕਦਮ
ਵੈਸੇ ਤਾਂ ਪੰਜਾਬ ਵਿੱਚ ਨਹਿਰਾਂ ਤੇ ਸੂਇਆਂ ਦਾ ਜਾਲ ਵਿਛਿਆ ਹੋਇਆ ਹੈ ਪਰ ਕਿਸਾਨਾਂ ਵੱਲੋਂ ਜ਼ਿਆਦਾਤਰ ਸੂਇਆਂ ਤੇ ਖਾਲਿਆਂ ਦੀ ਜ਼ਮੀਨ ਆਪਣੇ ਖੇਤਾਂ ਵਿੱਚ ਹੀ ਮਿਲਾ ਲਈ ਗਈ ਸੀ ਜਿਸ ਕਰ ਕੇ ਨਹਿਰੀ ਪਾਣੀ ਸਾਰੇ ਖੇਤਾਂ ਤੱਕ ਨਹੀਂ ਸੀ ਪਹੁੰਚ ਰਿਹਾ। ਸਰਕਾਰ ਨੇ ਜ਼ਿਆਦਾਤਰ ਸੂਏ ਤੇ ਖਾਲੇ ਮੁੜ ਤੋਂ ਪੱਕੇ ਕਰਵਾ ਕੇ ਦੂਰ ਦਰਾਡੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਬੋਰਾਂ ਰਾਹੀਂ ਨਿਕਲ ਰਹੇ ਪਾਣੀ ਨੂੰ ਵੀ ਠੱਲ੍ਹ ਪਵੇਗੀ। ਜਦੋਂ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਪਰ ਨਹਿਰਾਂ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ; ਇਸ ਨਾਲ ਵੀ ਜ਼ਮੀਨੀ ਪਾਣੀ ਦੇ ਪੱਧਰ ਵਿੱਚ ਥੋੜ੍ਹਾ ਹੀ ਸਹੀ ਪਰ ਵਾਧਾ ਜ਼ਰੂਰ ਹੋਵੇਗਾ।
ਕੀ ਹੋ ਸਕਦੇ ਹਨ ਹੱਲ
ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਹੇਠ ਜਾਣ ਦਾ ਮੁੱਖ ਕਾਰਨ ਮੀਂਹ ਦਾ ਘਟਣਾ ਮੰਨਿਆ ਜਾ ਸਕਦਾ ਹੈ। ਆਮ ਲੋਕਾਂ ਦੀ ਧਾਰਨਾ ਹੈ ਕਿ ਮੀਂਹ ਤਾਂ ਰੱਬ ਦੀ ਮਿਹਰ ਹੁੰਦਾ ਹੈ ਪਰ ਹਕੀਕਤ ਇਹ ਹੈ ਕਿ ਕਿਸੇ ਖੇਤਰ ਜਾਂ ਇਲਾਕੇ ਵਿੱਚ ਵਧੀਆ ਮੀਂਹ ਪੈਣ ਲਈ ਉਸ ਦਾ 33% ਹਿੱਸਾ ਦਰੱਖ਼ਤਾਂ ਹੇਠ ਹੋਣਾ ਜ਼ਰੂਰੀ ਹੈ। ਸਾਡੇ ਪੰਜਾਬ ਵਿੱਚ ਇਹ ਅੰਕੜਾ ਦਹਾਈ ਦਾ ਅੰਕ ਵੀ ਨਹੀਂ ਛੂ ਰਿਹਾ। ਮੰਨਿਆ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਦਾ 80% ਹਿੱਸਾ ਖੇਤੀ ਹੇਠਾਂ ਹੈ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਬਜ਼ੁਰਗ ਖੇਤਾਂ ਵਿੱਚ ਦੋ-ਚਾਰ ਦਰਖਤ ਜ਼ਰੂਰ ਲਗਾ ਕੇ ਰੱਖਦੇ ਸਨ ਅਤੇ ਉਨ੍ਹਾਂ ਦੀ ਛਾਂ ਹੇਠ ਲੇਟ ਕੇ ਆਰਾਮ ਕਰ ਲੈਂਦੇ ਸੀ। ਅੱਜ ਖੇਤਾਂ ਵਿੱਚ ਝਾਤ ਮਾਰ ਲਓ, ਨਵੇਂ ਤਾਂ ਕੀ ਲਗਾਉਣੇ ਸੀ, ਅਸੀਂ ਪੁਰਾਣੇ ਦਰੱਖ਼ਤ ਵੀ ਨਹੀਂ ਰਹਿਣ ਦਿੱਤੇ। ਜੇਕਰ ਅਸੀਂ ਸੱਚਮੁੱਚ ਪੰਜਾਬ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਖੇਤਾਂ ਵਿੱਚ, ਮੋਟਰਾਂ ’ਤੇ ਕੁਝ ਦਰੱਖ਼ਤ ਜ਼ਰੂਰ ਲਗਾਉਣੇ ਚਾਹੀਦੇ ਹਨ।
ਸਰਕਾਰ ਵੱਲੋਂ ਪਿੰਡਾਂ ਦੇ ਪੁਰਾਣੇ ਟੋਭੇ/ਛੱਪੜ ਪੁਨਰ ਜੀਵਤ ਕਰ ਕੇ ਬਰਸਾਤਾਂ ਵਿੱਚ ਵਿਅਰਥ ਹੋਣ ਵਾਲੇ ਪਾਣੀ ਨੂੰ ਇਨ੍ਹਾਂ ਛੱਪੜਾਂ ਵਿੱਚ ਸੰਭਾਲਣਾ ਚਾਹੀਦਾ ਹੈ। ਸਕੂਲਾਂ, ਜਨਤਕ ਸੰਸਥਾਵਾਂ ਅਤੇ ਪਾਰਕਾਂ ਵਿੱਚ ਵਾਟਰ ਰੀਚਾਰਜਿੰਗ ਸਿਸਟਮ ਲਗਾਉਣੇ ਚਾਹੀਦੇ ਹਨ। ਨਹਿਰਾਂ ਹੇਠਲਾ ਜ਼ਮੀਨੀ ਖ਼ੇਤਰ ਵਧਾਉਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਜਿਨ੍ਹਾਂ ਖੇਤਰਾਂ ਵਿੱਚ ਨਹਿਰੀ ਜਾਲ ਵਿਛ ਚੁੱਕਾ ਹੈ, ਉਥੇ ਨਹਿਰੀ ਪਾਣੀ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਮੋਟਰਾਂ ਦਾ ਪਾਣੀ ਵਰਤਣ ਲਈ ਮਜਬੂਰ ਨਾ ਹੋਣਾ ਪਵੇ।
ਕਿਸੇ ਵੀ ਸਮਸਿਆ ਦਾ ਹੱਲ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਉਸ ਤੋਂ ਪ੍ਰਭਾਵਿਤ ਹੋਣ ਵਾਲੀ ਜਨਤਾ ਨੂੰ ਜਾਣੂ ਨਾ ਕਰਵਾਇਆ ਜਾਵੇ। ਇਸ ਲਈ ਸਰਕਾਰ ਨੂੰ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ’ਤੇ ਪਾਣੀ ਦੀ ਸੰਭਾਲ ਬਾਰੇ ਸੈਮੀਨਾਰ ਕਰਨੇ ਚਾਹੀਦੇ ਹਨ। ਜੇਕਰ ਅਸੀਂ ਇੰਝ ਨਾ ਕੀਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਲੋਕਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ-ਜਦੋਂ ਵੀ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਤਾਂ ਉਸ ਨਾਲ ਕੇਵਲ ਕੁਦਰਤ ਦਾ ਹੀ ਨਹੀਂ, ਮਨੁੱਖ ਦਾ ਵੀ ਨੁਕਸਾਨ ਹੋਇਆ ਹੈ। ਦੱਖਣੀ ਅਫਰੀਕਾ ਦਾ ਸਹਾਰਾ ਰੇਗਿਸਤਾਨ ਇਸ ਦੀ ਜਿਊਂਦੀ ਜਾਗਦੀ ਉਦਾਹਰਨ ਹੈ।
ਸੰਪਰਕ: 94647-30770