ਪੰਜਾਬ ਦੀ ਜ਼ਮੀਨ ਅਤੇ ਕਾਰਪੋਰੇਟ
ਗੁਰਬਾਣੀ ਵਿਚ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਇਸ ਦਾ ਕਾਰਨ ਹੈ ਕਿ ਇਨਸਾਨ ਜਦੋਂ ਪੈਦਾ ਹੁੰਦਾ ਹੈ ਮਾਂ ਦੀ ਗੋਦ ’ਚੋਂ ਹੀ ਉਸ ਦੀਆਂ ਸਾਰੀਆਂ ਦੁਨਿਆਵੀ ਅਤੇ ਸਰੀਰਕ (ਖਾਣ-ਪੀਣ) ਲੋੜਾਂ ਪੂਰੀਆਂ ਹੁੰਦੀਆਂ ਹਨ ਪਰ ਜਦੋਂ ਉਹ ਧਰਤੀ ’ਤੇ ਪੈਰ ਰੱਖਦਾ ਹੈ ਤਾਂ ਉਸ ਦੀਆਂ ਇਹ ਸਾਰੀਆਂ ਜ਼ਰੂਰਤਾਂ ਧਰਤੀ ਦੇ ਉਤੋਂ ਜਾਂ ਹੇਠੋਂ ਪੂਰੀਆਂ ਹੁੰਦੀਆਂ ਹਨ। ਇਸ ਵੇਲੇ ਧਰਤੀ ਦਾ ਆਕਾਰ 51 ਕਰੋੜ ਵਰਗ ਕਿਲੋਮੀਟਰ ਹੈ ਜਿਸ ਦਾ ਦੋ-ਤਿਹਾਈ ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ ਅਤੇ ਇੱਕ-ਤਿਹਾਈ ਹਿੱਸੇ ਵਿਚ ਪਹਾੜ, ਜੰਗਲ, ਸ਼ਹਿਰ ਤੇ ਪਿੰਡ ਵਸਦੇ ਹਨ, ਖੇਤੀ ਹੁੰਦੀ ਹੈ ਜਿਸ ਤੋਂ ਰੋਟੀ ਤੇ ਕੱਪੜਾ ਮਿਲਦਾ ਹੈ। ਇਸ ਵੇਲੇ ਧਰਤੀ ਦੀ ਕੁੱਲ ਆਬਾਦੀ 820 ਕਰੋੜ ਹੈ। ਇਹ ਆਬਾਦੀ ਸਾਧਨਾਂ ਅਨੁਸਾਰ ਕਿਤੇ ਸੰਘਣੀ ਅਤੇ ਕਿਤੇ ਵਿਰਲੀ ਹੈ। ਇਸ ਕਰਕੇ ਇਸ ਦੀ ਕੀਮਤ ਵੀ ਵੱਧ-ਘੱਟ ਹੈ। ਆਬਾਦੀ ਤੋਂ ਇਲਾਵਾ ਧਰਤੀ ਦੀ ਕੀਮਤ ਖ਼ਰੀਦਣ ਵਾਲੇ ਦੀ ਲੋੜ ਅਤੇ ਵੇਚਣ ਵਾਲੇ ਦੀ ਇੱਛਾ ’ਤੇ ਵੀ ਨਿਰਭਰ ਕਰਦੀ ਹੈ। ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਮੁਗ਼ਲਾਂ ਕੋਲੋਂ ਜ਼ਮੀਨ ਸੋਨੇ ਦੀਆਂ ਮੋਹਰਾਂ ਨਾਲ ਢਕ ਕੇ ਖਰੀਦੀ ਸੀ।
ਧਰਤੀ ਅਤੇ ਜ਼ਮੀਨ ਵਿਚ ਫ਼ਰਕ:
ਸੌਰ ਮੰਡਲ ਵਿਚ ਪ੍ਰਿਥਵੀ ਇਕ ਗ੍ਰਹਿ ਹੈ ਜੋ ਸੂਰਜ ਦੁਆਲੇ ਘੁੰਮਦੀ ਹੈ। ਪਰ ਨਿੱਤ ਦੀ ਵਰਤੋਂ ਵਿੱਚ ਸ਼ਬਦ ‘ਧਰਤੀ’ ਪ੍ਰਿਥਵੀ ਦੇ ਉਸ ਹਿੱਸੇ ਲਈ ਵਰਤਿਆ ਜਾਂਦਾ ਹੈ ਜੋ ਪਾਣੀ ਹੇਠ ਨਹੀਂ ਹੈ ਭਾਵ ਸਮੁੰਦਰ ਤੋਂ ਪਾਸੇ ਹੈ। ਮੁੱਖ ਤੌਰ ’ਤੇ ਘਰ, ਸੜਕਾਂ, ਪਹਾੜ ਆਦਿ ਸਭ ਧਰਤੀ ਦੇ ਉਤੇ ਹੀ ਹਨ। ਧਰਤੀ ਵਿੱਚੋਂ ਹੀ ਕਈ ਪ੍ਰਕਾਰ ਦੇ ਖਣਿਜ ਅਤੇ ਧਾਤਾਂ ਕੱਢੀਆਂ ਜਾਂਦੀਆਂ ਹਨ।
ਦੂਜੇ ਪਾਸੇ ਜ਼ਮੀਨ ਧਰਤੀ ਦਾ ਉਹ ਉੱਪਰਲਾ ਹਿੱਸਾ ਹੈ ਜੋ ਉਪਜਾਊ ਹੈ ਅਤੇ ਬਨਸਪਤੀ ਉਗਾਉਣ ਦੇ ਅਨੁਕੂਲ ਹੈ ਭਾਵ ਧਰਤੀ ਦੀ ਉਹ ਉੱਪਰਲੀ ਪਰਤ ਜਿਸ ਵਿਚ ਤੁਸੀਂ ਅਨਾਜ, ਫਲ, ਫੁੱਲ, ਸਬਜ਼ੀਆਂ ਆਦਿ ਉਗਾ ਸਕੋ, ਉਸ ਨੂੰ ਜ਼ਮੀਨ ਕਿਹਾ ਜਾਂਦਾ ਹੈ ਜਾਂ ਕਹਿ ਲਿਆ ਜਾਵੇ ਜ਼ਮੀਨ ਗਲਤ ਵਰਤੋਂ ਕਾਰਨ ਜਾਂ ਸੇਮ ਕਾਰਨ ਬੰਜਰ ਹੋ ਸਕਦੀ ਹੈ, ਪਰ ਫਿਰ ਵੀ ਧਰਤੀ ਤਾਂ ਰਹੇਗੀ। ਧਰਤੀ ਤੋਂ ਉਪਜਾਊ ਜ਼ਮੀਨ ਬਣਦਿਆਂ ਹਜ਼ਾਰਾਂ ਸਾਲ ਲੱਗ ਜਾਂਦੇ ਹਨ। ਜਦੋਂ ਮਨੁੱਖ ਨੇ ਇੱਕ ਜਗ੍ਹਾ ਰਹਿਣਾ ਸ਼ੁਰੂ ਕੀਤਾ ਤਾਂ ਵਸੋਂ ਉਥੋਂ ਸ਼ੁਰੂ ਹੋਈ ਜਿੱਥੇ ਜ਼ਮੀਨ ਉਪਜਾਊ ਸੀ ਅਤੇ ਪੀਣ ਲਈ ਪਾਣੀ ਉਪਲਬਧ ਸੀ। ਇਹ ਵੀ ਕਥਨ ਹੈ ‘ਜਿਹੋ ਜਿਹੀ ਜ਼ਮੀਨ, ਉਹੋ ਜਿਹੇ ਮਨੁੱਖ’, ਮਤਲਬ ਜੇ ਜ਼ਮੀਨ ਸਿਹਤਮੰਦ ਹੈ ਤਾਂ ਉੱਥੇ ਆਬਾਦੀ ਵੀ ਸਿਹਤਮੰਦ ਹੋਵੇਗੀ।
ਜ਼ਮੀਨ ਸੰਭਾਲਣ ਲਈ ਕਈ ਤਰ੍ਹਾਂ ਦੀਆਂ ਪ੍ਰਣਾਲੀਆਂ ਬਣੀਆਂ। ਜਿਮੀਂਦਾਰੀ, ਜਾਗੀਰਦਾਰੀ, ਮਹਾਲਵਾਰੀ ਆਦਿ ਅਤੇ ਕਈ ਤਰ੍ਹਾਂ ਦੇ ਕਰਮਚਾਰੀ/ਅਹੁਦੇਦਾਰ ਵੀ ਨਿਯੁਕਤ ਕੀਤੇ ਗਏ ਜਿਵੇਂ ਕਿ ਕਰੋੜੀ, ਆਮੀਲ ਅਤੇ ਪਟਵਾਰੀ ਆਦਿ। ਕਿਸਾਨ ਕੋਲ ਜ਼ਮੀਨ ਵਾਹੁਣ ਦਾ ਹੱਕ ਓਨਾ ਚਿਰ ਹੀ ਸੀ ਜਿੰਨਾ ਚਿਰ ਉਹ ਮਾਲੀਆ ਦਿੰਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ (1709-15) ਆਪਣੇ ਰਾਜਕਾਲ ਵਿਚ ਪੰਜਾਬ ਵਿੱਚ ਜਿਮੀਂਦਾਰੀ ਸਿਸਟਮ ਖ਼ਤਮ ਕਰ ਦਿੱਤਾ। ਜ਼ਮੀਨ ਦੀ ਮਾਲਕੀ ਸਰਕਾਰ ਤੋਂ ਕਿਸਾਨ ਨੂੰ ਮਿਲ ਗਈ ਜੋ ਪ੍ਰਬੰਧ ਅੱਜ ਵੀ ਚੱਲ ਰਿਹਾ ਹੈ।
ਦੇਸ਼ ਦੀ ਵੰਡ:
ਸੰਨ 1947 ਵਿੱਚ ਦੇਸ਼ ਦੀ ਵੰਡ ਸਮੇਂ ਸਾਂਝੇ ਪੰਜਾਬ ਦਾ ਉਹ ਹਿੱਸਾ ਜਿਹੜਾ ਜ਼ਿਆਦਾ ਵਿਕਸਿਤ ਸੀ, ਜ਼ਿਆਦਾ ਉਪਜਾਊ ਸੀ ਅਤੇ ਜਿਥੇ ਪਾਣੀ ਦੇ ਸਾਧਨ ਜ਼ਿਆਦਾ ਸਨ, ਉਹ ਪਾਕਿਸਤਾਨ ਵਿੱਚ ਚਲਾ ਗਿਆ। ਇੱਧਰਲੇ ਪੰਜਾਬ ਵਿੱਚ ਜ਼ਮੀਨ ਜ਼ਿਆਦਾਤਰ ਰੇਤਲੀ, ਟਿੱਬਿਆਂ ਵਾਲੀ, ਉੱਚੀ-ਨੀਵੀਂ ਅਤੇ ਕੱਲਰ ਵਾਲੀ ਸੀ। ਖ਼ਾਸ ਕਰ ਕੇ ਮਾਲਵੇ ਦਾ ਬਹੁਤਾ ਹਿੱਸਾ ਰੇਤਲਾ ਅਤੇ ਖ਼ੁਸ਼ਕੀ ਦਾ ਮਾਰਿਆ ਸੀ। ਅੱਜ ਜੋ ਪੱਧਰ ਜ਼ਮੀਨ ਉੱਪਰ ਇਕਸਾਰ ਕਣਕ-ਝੋਨਾ ਦਿਖਦਾ ਹੈ ਇਹ ਕਿਸਾਨਾਂ ਦੀ ਦਹਾਕਿਆਂ ਦੀ ਮਿਹਨਤ ਦਾ ਨਤੀਜਾ ਹੈ ਜਿਸ ਵਿਚ ਸਮੇਂ ਦੀ ਸਰਕਾਰ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜਿਸ ਨੇ ਮੁਰੱਬਾਬੰਦੀ ਕਰਵਾਈ ਤਾਂ ਕਿ ਕਿਸਾਨਾਂ ਦੀ ਵੱਖ-ਵੱਖ ਟੁਕੜਿਆਂ ਵਿਚ ਪਈ ਜ਼ਮੀਨ ਇਕੱਠੀ ਹੋ ਸਕੇ। ਇਸ ਨਾਲ ਪਿੰਡਾਂ ਅਤੇ ਖੇਤਾਂ ਨੂੰ ਜਾਂਦੇ ਰਸਤੇ ਵੀ ਸਿੱਧੇ ਹੋਏ। ਤਕਨੀਕੀ ਵਿਕਾਸ ਲਈ ਯੂਨੀਵਰਸਿਟੀਆਂ, ਇੰਜਨੀਅਰਿੰਗ ਕਾਲਜ, ਆਈ.ਟੀ.ਆਈ. ਵਰਗੇ ਅਦਾਰੇ ਖੋਲ੍ਹੇ। ਪਾਣੀ ਦੇ ਇੰਤਜ਼ਾਮ ਲਈ ਸੱਤ-ਰੋਜ਼ੀ ਵਾਰੀ ਚਲਾਈ। ਕਿਸਾਨਾਂ ਦੀ ਸਹੂਲਤ ਲਈ ਪੀ ਏ ਡੀ ਬੀ (ਪੰਜਾਬ ਖੇਤੀ ਵਿਕਾਸ ਬੈਂਕ) ਅਤੇ ਸਹਿਕਾਰੀ ਬੈਂਕ ਤੇ ਸੁਸਾਇਟੀਆਂ ਖੋਲ੍ਹੀਆਂ। ਪਿੰਡਾਂ ਨੂੰ ਲਿੰਕ ਸੜਕਾਂ ਨਾਲ ਜੋੜਿਆ।
ਮੰਡੀਕਰਨ ਸੁਧਾਰਿਆ, ਫ਼ੋਕਲ ਪੁਆਇੰਟ ਬਣਾਏ ਜਿਸ ਦੇ ਸਿੱਟੇ ਵਜੋਂ ਹਰੀ ਕ੍ਰਾਂਤੀ ਆਈ। ਦੇਸ਼ ਦੀ ਭੁੱਖ ਮਿਟੀ। ਸੂਬਾ ਖੇਤੀ, ਉਦਯੋਗ ਅਤੇ ਪ੍ਰਤੀ ਜੀਅ ਆਮਦਨ ਦੇ ਮਾਮਲੇ ਵਿਚ ਨੰਬਰ ਇੱਕ ਬਣਿਆ। ਸਭ ਤੋਂ ਵੱਡੀ ਗੱਲ ਇਹ ਸਾਰੀ ਤਰੱਕੀ ਬਿਨਾਂ ਕੋਈ ਕਰਜ਼ਾ ਚੁੱਕਿਆਂ ਹੋਈ। ਜਿੰਨਾ ਚਿਰ ਸਰਕਾਰ ਨੇ ਕੋਈ ਕਰਜ਼ਾ ਨਹੀਂ ਲਿਆ; ਸੂਬਾ ਇੱਕ ਨੰਬਰ ਰਿਹਾ। ਮਗਰੋਂ ਕਰਜ਼ਾ ਚੁੱਕਣ ਦੀ ਅਜਿਹੀ ਪਿਰਤ ਪਈ ਕਿ ਨੱਬੇ ਦੇ ਦਹਾਕੇ ਤੋਂ ਬਾਅਦ ਸਰਕਾਰ ਨੇ ਲਗਾਤਾਰ ਕਰਜ਼ਾ ਚੁੱਕਿਆ।
ਜ਼ਮੀਨ ਦੀ ਬਣਤਰ:
ਪੰਜਾਬ ਦੀ ਜ਼ਮੀਨ ਦਰਿਆਵਾਂ ਨਾਲ ਰੁੜ੍ਹ ਕੇ ਆਈ ਮਿੱਟੀ ਨਾਲ ਬਣੀ ਹੈ ਅਤੇ ਇਸ ਨੂੰ “ਅਲੂਵੀਅਲ ਸਾਇਲ” ਕਿਹਾ ਜਾਂਦਾ ਹੈ। ਇਸੇ ਕਰਕੇ ਇਸ ਵਿਚ ਚੀਕਣੀ ਮਿੱਟੀ (ਕਲੇਅ) ਪਣਾ (ਸਿਲਟ) ਅਤੇ ਰੇਤੇ ਦੀ ਮਾਤਰਾ ਵਿਚ ਜਗ੍ਹਾ-ਜਗ੍ਹਾ ’ਤੇ ਫ਼ਰਕ ਮਿਲਦਾ ਹੈ। ਸਾਇੰਸਦਾਨਾਂ ਨੇ ਜਿੰਨੇ ਕੁਦਰਤੀ ਤੱਤਾਂ ਦੀ ਹੁਣ ਤੱਕ ਪਹਿਚਾਣ ਕੀਤੀ ਹੈ ਉਨ੍ਹਾਂ ਵਿਚੋਂ ਬਹੁਤੇ ਜ਼ਮੀਨ ਵਿਚ ਪਾਏ ਜਾਂਦੇ ਹਨ ਜੋ ਬਨਸਪਤੀ ਦੀ ਖੁਰਾਕ ਦਾ ਹਿੱਸਾ ਬਣਦੇ ਹਨ। ਬੂਟੇ ਦੇ ਵਧਣ-ਫੁੱਲਣ ਲਈ ਭਾਵੇਂ 16 ਤੱਤ ਜ਼ਰੂਰੀ ਹਨ ਪਰ ਆਮ ਬੂਟੇ ਵਿਚ 70 ਦੇ ਕਰੀਬ ਤੱਤ ਪਾਏ ਜਾਂਦੇ ਹਨ। ਇਨ੍ਹਾਂ 70 ਤੱਤਾਂ ਵਿਚੋਂ ਅੱਗੇ ਇਨਸਾਨਾਂ ਵਿਚ 60 ਤੱਤ ਪਾਏ ਜਾਂਦੇ ਹਨ। ਜ਼ਰੂਰੀ ਤੱਤ ਸਿਰਫ਼ 25 ਹੀ ਗਿਣੇ ਜਾਂਦੇ ਹਨ। ਬਹੁਤਾ ਇਨਸਾਨੀ ਢਾਂਚਾ ਸਿਰਫ਼ 6 ਤੱਤਾਂ ਦਾ ਬਣਿਆ ਹੈ ਜਿਸ ਵਿਚ ਕਾਰਬਨ, ਆਕਸੀਜਨ, ਹਾਈਡ੍ਰੋਜਨ, ਨਾਈਟ੍ਰੋਜਨ, ਕੈਲਸ਼ੀਅਮ ਅਤੇ ਫਾਸਫੋਰਸ ਹਨ। ਇਸ ਦੇ ਨਾਲ ਗੰਧਕ (ਸਲਫ਼ਰ), ਪੋਟਾਸ਼ੀਅਮ, ਸੋਡੀਅਮ, ਕਲੋਰੀਨ ਅਤੇ ਮੈਗਨੀਸ਼ੀਅਮ। ਇਨ੍ਹਾਂ ਤੋਂ ਇਲਾਵਾ ਕੁਝ ਸੂਖਮ ਤੱਤ ਜਿਨ੍ਹਾਂ ਦੀ ਮਾਤਰਾ 0.01 ਪ੍ਰਤੀਸ਼ਤ ਤੋਂ ਘੱਟ ਹੁੰਦੀ ਹੈ, ਉਹ ਹਨ ਬੋਰੋਨ, ਕੈਡਮੀਅਮ, ਕਰੋਮੀਅਮ, ਕੋਬਾਲਟ, ਕਾਪਰ, ਫਲੋਰੀਨ, ਆਇਓਡੀਨ, ਆਇਰਨ, ਮੈਗਨੀਜ਼, ਮੋਲੀਬਡਿਨਮ, ਸਿਲੀਕਾਨ, ਟਿਨ, ਵੈਨੇਡੀਅਮ ਅਤੇ ਜ਼ਿੰਕ। ਇਸੇ ਕਰਕੇ ਸ਼ਾਕਾਹਾਰੀ ਲੋਕ ਬਨਸਪਤੀ ਵਿੱਚੋਂ ਵੀ ਸੰਤੁਲਤ ਖੁਰਾਕ ਲੈ ਲੈਂਦੇ ਹਨ। ਜਿਹੜੇ ਪੰਜਾਬੀ ਫ਼ੌਜੀਆਂ ਨੇ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲਿਆ ਅਤੇ ਜੰਗਲਾਂ ਵਿਚ ਘਿਰ ਗਏ, ਉਨ੍ਹਾਂ ਵਿਚੋਂ ਕਈਆਂ ਨੇ ਕਈ-ਕਈ ਦਿਨ ਕੱਚੀ ਬਨਸਪਤੀ ’ਤੇ ਹੀ ਗੁਜ਼ਾਰਾ ਕੀਤਾ।
ਅੱਜ ਜ਼ਮੀਨ ਦੀ ਸਿਹਤ:
ਅੱਜਕਲ੍ਹ ਹਰ ਪੰਜਾਬੀ ਜਾਂ ਭਾਰਤੀ ਜੋ ਜ਼ਮੀਨ ਦੀ ਗੱਲ ਕਰਦਾ ਹੈ, ਉਹ ਇੱਕੋ ਗੱਲ ਕਰਦਾ ਹੈ ਕਿਸਾਨਾਂ ਨੇ ਰਸਾਇਣਕ ਖਾਦਾਂ ਅਤੇ ਜ਼ਹਿਰਾਂ (ਕੀਟਨਾਸ਼ਕ) ਪਾ ਕੇ ਜ਼ਮੀਨ ਦੀ ਸਿਹਤ ਖ਼ਰਾਬ/ਕਮਜ਼ੋਰ ਕਰ ਦਿੱਤੀ ਹੈ। ਇੱਥੋਂ ਤੱਕ ਕਹਿਣ ਵਿੱਚ ਵੀ ਗੁਰੇਜ਼ ਨਹੀਂ ਕਰਦੇ ਕਿ ਜ਼ਮੀਨਾਂ ਬੰਜਰ ਬਣਾ ਦਿੱਤੀਆਂ ਹਨ। ਇਨ੍ਹਾਂ ਕੋਲ ਹਾਲਾਂਕਿ ਪੇਸ਼ ਕਰਨ ਲਈ ਕੋਈ ਜਾਂਚ ਰਿਪੋਰਟ ਨਹੀਂ ਹੈ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਬੀਕਾਨੇਰ ਨੂੰ ਜਾਂਦੀ ‘ਕੈਂਸਰ ਟਰੇਨ’ ਜਾਂ ਇੱਥੋਂ ਦੇ ਹਸਪਤਾਲਾਂ ਵਿੱਚ ਵਧਦੇ ਮਰੀਜ਼ਾਂ ਲਈ ਕਿਸਾਨ ਜ਼ਿੰਮੇਵਾਰ ਨਹੀਂ ਬਲਕਿ ਇੱਥੋਂ ਦੀ ਇੰਡਸਟਰੀ, ਕਾਰਪੋਰੇਸ਼ਨਾਂ, ਨਗਰ ਪਾਲਿਕਾਵਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਜ਼ਿੰਮੇਵਾਰ ਹੈ। ਪੰਜਾਬ ਦੀ ਜ਼ਮੀਨ ਦੀਆਂ ਰਸਾਇਣਕ ਅਤੇ ਭੌਤਿਕ ਵਿਸ਼ੇਸ਼ਤਾਵਾਂ ਵਿਚ ਹਰੀ ਕ੍ਰਾਂਤੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸੁਧਾਰ ਹੋਇਆ ਹੈ। ਜਿਹੜੀ ਜ਼ਮੀਨ ਔਸਤ ਹੈਕਟੇਅਰ ਦੇ 12 ਟਨ ਦਾਣੇ ਹਰ ਸਾਲ ਪੈਦਾ ਕਰਦੀ ਹੈ ਉਹ ਮਾੜੀ ਕਿਵੇਂ ਹੋ ਸਕਦੀ ਹੈ। ਰਹੀ ਗੱਲ ਰਸਾਇਣਕ ਖਾਦਾਂ ਦੀ, ਪੰਜਾਬ ਵਿਚ ਜ਼ਿਆਦਾਤਰ ਦੋ ਤੱਤ ਨਾਈਟਰੋਜਨ ਅਤੇ ਫਾਸਫੋਰਸ ਵਰਤੇ ਜਾਂਦੇ ਹਨ, ਇਨ੍ਹਾਂ ਤੋਂ ਕਿਤੇ ਘੱਟ ਪੋਟਾਸ਼, ਜ਼ਿੰਕ, ਮੈਗਨੀਜ਼, ਆਇਰਨ ਜਾਂ ਕਾਪਰ ਆਦਿ ਹਨ। ਇਹ ਸਾਰੇ ਹੀ ਤੱਤ ਸਾਡੀ ਖ਼ੁਰਾਕ ਦਾ ਜ਼ਰੂਰੀ ਅੰਗ ਹਨ ਅਤੇ ਕਿਤੇ ਵੀ ਜ਼ਮੀਨ ਜਾਂ ਪਾਣੀ ’ਚ ਇਹ ਸਬੂਤ ਨਹੀਂ ਮਿਲਿਆ ਕਿ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਜਾਂ ਪਾਣੀ ਖ਼ਰਾਬ ਹੋ ਗਿਆ। ਜਿੱਥੋਂ ਤੱਕ ਕੀਟਨਾਸ਼ਕ ਦੀ ਵਰਤੋਂ ਦੀ ਗੱਲ ਹੈ, ਪੰਜਾਬ ਵਿਚ ਇਹ ਸਿਰਫ਼ 665 ਗ੍ਰਾਮ ਪ੍ਰਤੀ ਹੈਕਟੇਅਰ ਸਾਲਾਨਾ ਵਰਤੇ ਜਾਂਦੇ ਹਨ, ਜਦ ਕਿ ਚੀਨ ਵਿਚ 13 ਕਿਲੋ ਅਤੇ ਬਰਤਾਨੀਆ ਵਿਚ 6 ਕਿਲੋ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਵਰਤੇ ਜਾਂਦੇ ਹਨ। ਬਾਕੀ ਦੁਨੀਆ ਵਿਚ ਔਸਤ 2.37 ਕਿਲੋ ਪ੍ਰਤੀ ਹੈਕਟੇਅਰ ਹੈ। ਇਸ ਤੋਂ ਇਲਾਵਾ ਅੱਜ ਤੱਕ ਪੰਜਾਬ ਵਿਚ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਿਸੇ ਵੀ ਇਹੋ ਜਿਹੇ ਰਸਾਇਣ ਦੀ ਵਰਤੋਂ ਦੀ ਸਿਫ਼ਾਰਿਸ਼ ਨਹੀਂ ਕੀਤੀ ਗਈ ਜਿਹੜਾ ਕੁਦਰਤੀ ਤਰੀਕੇ ਨਾਲ ਸੜਨਸ਼ੀਲ ਨਾ ਹੋਵੇ। ਮਤਲਬ ਜਿਹੜਾ ਰਸਾਇਣ ਬੂਟੇ ਜਾਂ ਜ਼ਮੀਨ ਵਿਚ ਪਾਇਆ ਜਾਵੇਗਾ, ਉਸ ਦਾ ਅਣੂ ਸਮੇਂ ਨਾਲ ਐਲੀਮੈਟਲ ਫਾਰਮ (ਭਾਵ ਤੱਤ) ਵਿੱਚ ਬਦਲ ਜਾਵੇਗਾ ਜਾਂ ਕਹਿ ਲਓ ਉਸ ਦਾ ਜ਼ਹਿਰੀਲਾਪਣ ਖ਼ਤਮ ਹੋ ਜਾਵੇਗਾ। ਕੀ ਐਂਟੀਬਾਇਓਟਿਕਸ ਜਾਂ ਖੁਰਾਕੀ ਪਦਾਰਥਾਂ ਦੀ ਮਿਆਦ ਵਧਾਉਣ ਲਈ ਵਰਤੇ ਜਾਂਦੇ ਰਸਾਇਣ ਜ਼ਹਿਰ ਨਹੀਂ ਹਨ। ਇਸ ਵੇਲੇ ਭਾਰਤ ਦੀ ਕੀਟਨਾਸ਼ਕ ਇੰਡਸਟਰੀ 24,500 ਕਰੋੜ ਰੁਪਏ ਦੀ ਹੈ ਅਤੇ ਰਸਾਇਣਕ ਖਾਦਾਂ ਦੀ ਸਨਅਤ 92,000 ਕਰੋੜ ਦੀ। ਦੂਜੇ ਪਾਸੇ ਮਨੁੱਖੀ ਦਵਾਈਆਂ ਦਾ ਕੁੱਲ ਕਾਰੋਬਾਰ 5,16,000 ਕਰੋੜ ਰੁਪਏ ਦਾ ਹੈ ਜਿਸ ਵਿੱਚੋਂ ਤਕਰੀਬਨ ਅੱਧੇ ਮੁੱਲ ਦੀਆਂ ਦਵਾਈਆਂ ਬਾਹਰ ਭੇਜੀਆਂ ਜਾਂਦੀਆਂ ਹਨ।
ਜ਼ਮੀਨ ਦੀ ਸੁਚੱਜੀ ਵਰਤੋਂ:
ਪੰਜਾਬ ਦੀ ਆਬਾਦੀ 1971 ਵਿਚ ਇੱਕ ਕਰੋੜ ਪੈਂਤੀ ਲੱਖ ਸੀ ਜੋ 2023 ਵਿਚ ਵਧ ਕੇ ਤਿੰਨ ਕਰੋੜ ਬਾਰਾਂ ਲੱਖ ਹੋ ਗਈ। ਖੇਤੀਬਾੜੀ ਵਾਲੀ ਜ਼ਮੀਨ, ਜੋ ਉਸ ਸਮੇਂ ਪ੍ਰਤੀ ਜੀਅ 0.311 ਹੈਕਟੇਅਰ (ਤਕਰੀਬਨ 6 ਕਨਾਲ) ਸੀ ਉਹ ਘਟ ਕੇ 0.134 ਹੈਕਟੇਅਰ (2 ਕਨਾਲ 13 ਮਰਲੇ) ਰਹਿ ਗਈ। ਖੇਤੀਬਾੜੀ ਵਾਲੀ ਜ਼ਮੀਨ 43 ਫੀਸਦੀ ਤੱਕ ਹੀ ਰਹਿ ਗਈ ਹੈ ਜਿਸ ਵਿਚੋਂ ਹਰ ਪੰਜਾਬੀ ਨੇ ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਹਨ। ਅੱਜਕਲ੍ਹ ਖੇਤੀ ਵਿਚ ਵੀ ‘ਵਰਟੀਕਲ ਕਲਟੀਵੇਸ਼ਨ’ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਰ ਪੰਜਾਬੀਆਂ ਦਾ ਖ਼ਰਚੀਲਾ ਸੁਭਾਅ ਅਤੇ ਵਿੱਤੋਂ ਬਾਹਰ ਵਿਖਾਵਾ ਹਰ ਵਪਾਰੀ, ਕਾਰਪੋਰੇਟ ਘਰਾਣੇ ਨੂੰ ਆਪਣੇ ਵੱਲ ਖਿੱਚਦਾ ਹੈ। ਹਰੇਕ ਨੂੰ ਪੈਰ ਧਰਨ ਲਈ ਜ਼ਮੀਨ ਚਾਹੀਦੀ ਹੈ। ਪਰ ਜੇ ਜ਼ਮੀਨ ਬਚਦੀ ਹੈ ਤਾਂ ਇਸ ਨੂੰ ਲਾਜ਼ਮੀ ਬਚਾਉਣਾ ਚਾਹੀਦਾ ਹੈ ਕਿਉਂਕਿ ਜ਼ਮੀਨੋਂ ਵਾਂਝੇ ਕਿਸਾਨ ਜਾਂ ਜਿਮੀਂਦਾਰ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਖ਼ਿਆਲ ਰਹੇ ਹੋਰ ਹਰ ਚੀਜ਼ ਵਧਾਈ ਜਾ ਸਕਦੀ ਹੈ, ਜ਼ਮੀਨ ਨਹੀਂ।
ਸੰਪਰਕ: 99151-94104