DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਹੀਨ ਵਿਗਿਆਨੀ ਓਪਨਹਾਇਮਰ

ਆਪਣੇ ਲੇਖ ਦੇ ਪਹਿਲੇ ਸ਼ਬਦਾਂ ਵਿਚ ਰਾਮਚੰਦਰ ਗੁਹਾ ਨੇ ਫਿਲਮ ‘ਓਪਨਹਾਇਮਰ’ ਦਾ ਜ਼ਿਕਰ ਕੀਤਾ ਹੈ। ਇਸ ਸਮੇਂ ਦੁਨੀਆ ਵਿਚ ‘ਓਪਨਹਾਇਮਰ’ ਫਿਲਮ ਦੀ ਧਮਕ ਸੁਣਾਈ ਦੇ ਰਹੀ ਹੈ। ਇਹ ਫਿਲਮ ਵੀਹਵੀਂ ਸਦੀ ਦੇ ਉੱਘੇ ਵਿਗਿਆਨੀ ਜੇ ਰਾਬਰਟ ਓਪਨਹਾਇਮਰ ਦੀ ਜ਼ਿੰਦਗੀ ’ਤੇ...
  • fb
  • twitter
  • whatsapp
  • whatsapp
featured-img featured-img
ਫਿਲਮ ‘ਓਪਨਹਾਇਮਰ’ ਦਾ ਪੋਸਟਰ।
Advertisement

ਆਪਣੇ ਲੇਖ ਦੇ ਪਹਿਲੇ ਸ਼ਬਦਾਂ ਵਿਚ ਰਾਮਚੰਦਰ ਗੁਹਾ ਨੇ ਫਿਲਮ ‘ਓਪਨਹਾਇਮਰ’ ਦਾ ਜ਼ਿਕਰ ਕੀਤਾ ਹੈ। ਇਸ ਸਮੇਂ ਦੁਨੀਆ ਵਿਚ ‘ਓਪਨਹਾਇਮਰ’ ਫਿਲਮ ਦੀ ਧਮਕ ਸੁਣਾਈ ਦੇ ਰਹੀ ਹੈ। ਇਹ ਫਿਲਮ ਵੀਹਵੀਂ ਸਦੀ ਦੇ ਉੱਘੇ ਵਿਗਿਆਨੀ ਜੇ ਰਾਬਰਟ ਓਪਨਹਾਇਮਰ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਯਹੂਦੀ ਮੂਲ ਦੇ ਓਪਨਹਾਇਮਰ ਦੇ ਮਾਪੇ ਯੂਰੋਪ ਤੋਂ ਪਰਵਾਸ ਕਰ ਕੇ ਅਮਰੀਕਾ ਪਹੁੰਚੇ ਸਨ। ਉਹ ਅਮਰੀਕਾ ਦੇ ਹਾਰਵਰਡ ਕਾਲਜ (ਹੁਣ ਯੂਨੀਵਰਸਿਟੀ), ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਅਤੇ ਜਰਮਨੀ ਦੀ ਗੋਟਿਨਜਨ (Gottingen) ਯੂਨੀਵਰਸਿਟੀ ਵਿਚ ਪੜ੍ਹਿਆ। ਉਸ ਨੇ ਭੌਤਿਕ ਵਿਗਿਆਨ, ਪਰਮਾਣੂ ਵਿਗਿਆਨ, ਕੁਆਂਟਮ ਫਿਜ਼ਿਕਸ, ਤਾਰਾ ਵਿਗਿਆਨ ਤੇ ਹੋਰ ਖੇਤਰਾਂ ਵਿਚ ਵੱਡੀਆਂ ਖੋਜਾਂ ਕੀਤੀਆਂ। 1941 ਵਿਚ ਉਹ ਅਮਰੀਕਾ ਦੇ ਐਟਮ ਬੰਬ ਬਣਾਉਣ ਦੇ ਪ੍ਰੋਗਰਾਮ ਨਾਲ ਜੁੜਿਆ ਅਤੇ 1942 ਵਿਚ ਅਮਰੀਕੀ ਫ਼ੌਜ ਦੇ ਮਨਹਟਨ ਪ੍ਰੋਜੈਕਟ ਨਾਲ ਜਿਸ ਵਿਚ ਐਟਮ ਬੰਬ ਬਣਾਉਣ ਲਈ ਦੁਨੀਆ ਦੇ ਸਭ ਵੱਡੇ ਵਿਗਿਆਨੀ ਇਕੱਠੇ ਕੀਤੇ ਗਏ। 1942 ਵਿਚ ਉਸ ਨੂੰ ਨਿਊ ਮੈਕਸਿਕੋ ਵਿਚ ਬਣਾਈ ਗਈ ਗੁਪਤ ਲੈਬਾਰਟਰੀ ਦਾ ਡਾਇਰੈਕਟਰ ਬਣਾ ਦਿੱਤਾ ਗਿਆ। ਸੈਂਕੜੇ ਵਿਗਿਆਨੀਆਂ ਦੇ ਸਹਿਯੋਗ ਨਾਲ ਐਟਮ ਬੰਬ ਬਣਾਇਆ ਗਿਆ ਅਤੇ ਓਪਨਹਾਇਮਰ ਨੂੰ ‘ਐਟਮ ਬੰਬ ਦਾ ਪਿਤਾ’ ਕਿਹਾ ਜਾਂਦਾ ਹੈ।

16 ਜਨਵਰੀ 1945 ਨੂੰ ਨਿਊ ਮੈਕਸਿਕੋ ਦੇ ਮਾਰੂਥਲ ਵਿਚ ਐਟਮ ਬੰਬ ਦਾ ਪਹਿਲਾ ਟੈਸਟ ਧਮਾਕਾ ਕੀਤਾ ਗਿਆ। ਓਪਨਹਾਇਮਰ ਨੇ ਇਸ ਥਾਂ ਦਾ

Advertisement

ਪ੍ਰਤੀਕਮਈ (ਕੋਡ) ਨਾਂ ‘ਟਰਿਨਟੀ (Trinity)’ ਰੱਖਿਆ। ਇਹ ਨਾਂ ਉਸ ਨੇ ਅੰਗਰੇਜ਼ੀ ਕਵੀ ਜੌਹਨ ਡੰਨ ਦੀ ਇਕ ਕਵਿਤਾ ’ਚੋਂ ਲਿਆ ਸੀ। ਧਮਾਕੇ ਤੋਂ ਅੱਗ ਦੀਆਂ ਭਿਅੰਕਰ ਲਾਟਾਂ ਤੇ ਧੂੰਏਂ ਦਾ ਖੁੰਭ ਵਰਗਾ ਬੱਦਲ (Mushroom Cloud) ਉੱਠਿਆ। ਇਹ ਧਮਾਕਾ ਟੀਐੱਨਟੀ 18.6 ਕਿਲੋਟਨ ਦੇ ਬਰਾਬਰ ਸੀ। ਜਿਸ ਵੇਲੇ ਇਹ ਧਮਾਕਾ ਹੋਇਆ, ਉਸ ਸਮੇਂ ਓਪਨਹਾਇਮਰ ਭਗਵਤ ਗੀਤਾ ਦੀਆਂ ਕੁਝ ਸਤਰਾਂ ਬਾਰੇ ਸੋਚ ਰਿਹਾ ਸੀ।

ਓਪਨਹਾਇਮਰ ਨਾਲ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ।

ਓਪਨਹਾਇਮਰ ਅੰਗਰੇਜ਼ੀ, ਜਰਮਨ, ਸੰਸਕ੍ਰਿਤ, ਡੱਚ ਆਦਿ ਭਾਸ਼ਾਵਾਂ ਦਾ ਵਿਦਵਾਨ ਸੀ। ਉਸ ਨੇ ਭਗਵਤ ਗੀਤਾ ਨੂੰ ਮੁੜ ਮੁੜ ਪੜ੍ਹਿਆ ਤੇ ਉਸ ਦੇ ਬਹੁਤ ਸਾਰੇ ਸਲੋਕ ਉਸ ਨੂੰ ਜ਼ੁਬਾਨੀ ਯਾਦ ਸਨ।

ਛੇ ਅਗਸਤ 1945 ਨੂੰ ਹੀਰੋਸ਼ੀਮਾ ਜਪਾਨ ’ਤੇ ਪਹਿਲਾ ਪਰਮਾਣੂ ਬੰਬ ਸੁੱਟਿਆ ਗਿਆ। ਓਪਨਹਾਇਮਰ ਤੇ ਉਸ ਦੇ ਕੁਝ ਸਾਥੀਆਂ ਨੂੰ ਵਿਸ਼ਵਾਸ ਸੀ ਕਿ ਇਸ ਬੰਬ ਦੀ ਵਰਤੋਂ ਇਕ ਵਾਰ ਹੀ ਕੀਤੀ ਜਾਵੇਗੀ ਕਿਉਂਕਿ ਤਬਾਹੀ ਇੰਨੀ ਭਿਆਨਕ ਹੋਵੇਗੀ ਕਿ ਦੂਸਰੀ ਵਾਰ ਵਰਤੋਂ ਦੀ ਜ਼ਰੂਰਤ ਨਹੀਂ ਪਵੇਗੀ। ਉਸ ਸਮੇਂ ਸੋਵੀਅਤ ਯੂਨੀਅਨ ਨੇ ਵੀ ਜਪਾਨ ’ਤੇ ਹਮਲਾ ਕਰਨ ਦਾ ਐਲਾਨ ਕਰ ਦਿੱਤਾ। ਕੁਝ ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਨੇ ਸੋਵੀਅਤ ਯੂਨੀਅਨ ਨੂੰ ਜਪਾਨ ਵਿਚ ਦਖ਼ਲ ਦੇਣ ਤੋਂ ਰੋਕਣ ਲਈ 8 ਅਗਸਤ 1945 ਦੂਸਰਾ ਬੰਬ ਨਾਗਾਸਾਕੀ

’ਤੇ ਸੁੱਟਿਆ। ਭਿਅੰਕਰ ਤਬਾਹੀ ਹੋਈ, ਹੀਰੋਸ਼ੀਮਾ ਵਿਚ 70,000 ਅਤੇ ਨਾਗਾਸਾਕੀ ਵਿਚ 80,000 ਲੋਕ ਮਾਰੇ ਗਏ, ਲੱਖਾਂ ਜ਼ਖ਼ਮੀ ਤੇ ਰੇਡੀਏਸ਼ਨ ਨਾਲ ਪ੍ਰਭਾਵਿਤ ਹੋਏ। ਦਸ ਅਗਸਤ 1945 ਨੂੰ ਜਪਾਨ

ਨੇ ਹਥਿਆਰ ਸੁੱਟ ਦਿੱਤੇ। 17 ਅਗਸਤ 1945 ਨੂੰ ਓਪਨਹਾਇਮਰ ਵਾਸ਼ਿੰਗਟਨ ਗਿਆ ਅਤੇ ਅਮਰੀਕਾ ਦੇ ਯੁੱਧ ਮੰਤਰੀ ਹੈਨਰੀ ਸਿੰਮਸਨ ਨੂੰ ਮਿਲ ਕੇ

ਪੱਤਰ ਦਿੱਤਾ ਜਿਸ ਵਿਚ ਪਰਮਾਣੂ ਹਥਿਆਰਾਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ। ਅਕਤੂਬਰ 1945 ਵਿਚ ਉਹ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਨੂੰ ਮਿਲਿਆ; ਮੁਲਾਕਾਤ ਵਿਚ ਉਸ ਨੇ ਕਿਹਾ, ‘‘ਮੇਰੇ (ਓਪਨਹਾਇਮਰ ਦੇ) ਹੱਥ ਖ਼ੂਨ ਵਿਚ ਰੰਗੇ ਹੋਏ ਹਨ।’’ ਰਾਸ਼ਟਰਪਤੀ ਨਾਲ ਝਗੜਾ ਹੋਇਆ, ਰਾਸ਼ਟਰਪਤੀ ਨੇ ਕਿਹਾ, ‘‘ਇਸ ਰੋਂਦੂ ਨੂੰ ਫਿਰ ਮੇਰੇ ਦਫ਼ਤਰ ਵਿਚ ਵੜਨ ਨਾ ਦੇਣਾ।’’ ਰਾਸ਼ਟਰਪਤੀ ਨੇ 1946 ਵਿਚ ਉਸ ਨੂੰ ‘ਮੈਡਲ ਫਾਰ ਮੈਰਿਟ’ ਨਾਲ ਨਿਵਾਜਿਆ। 1947 ਵਿਚ ਉਹ ਪ੍ਰਿੰਸਟਨ ਦੇ ‘ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼’ ਦਾ ਡਾਇਰੈਕਟਰ ਬਣ ਗਿਆ।

ਸਿਆਸੀ ਵਿਚਾਰਧਾਰਾ ਪੱਖੋਂ ਓਪਨਹਾਇਮਰ ਖੱਬੇ ਪੱਖੀ ਸੀ। ਉਸ ਨੇ ਅਮਰੀਕਾ ਦੀ ਕਮਿਊਨਿਸਟ ਪਾਰਟੀ ਦੀਆਂ ਕਈ ਜਥੇਬੰਦੀਆਂ ਦੀਆਂ ਮੀਟਿੰਗਾਂ ਵਿਚ ਹਿੱਸਾ ਲਿਆ। 1949 ਵਿਚ ਅਮਰੀਕਾ ਵਿਚ ਕਮਿਊਨਿਸਟਾਂ ਅਤੇ ਉਨ੍ਹਾਂ ਦੇ ਹਮਦਰਦਾਂ ਨੂੰ ਸਜ਼ਾਵਾਂ ਦੇਣ ਲਈ ਸੰਸਦ ਦੀ ਅਣ ਅਮਰੀਕੀ ਕਾਰਵਾਈਆਂ ਸਬੰਧੀ ਕਮੇਟੀ (Un American Activities Committee) ਬਣਾਈ ਗਈ। ਓਪਨਹਾਇਮਰ ਨੂੰ ਉਸ ਕਮੇਟੀ ਸਾਹਮਣੇ ਪੇਸ਼ ਕੀਤਾ ਗਿਆ। ਓਪਨਹਾਇਮਰ ਦੀਆਂ ਦੋਵੇਂ ਪਤਨੀਆਂ ਕਮਿਊਨਿਸਟ ਪਾਰਟੀ ਦੀਆਂ ਮੈਂਬਰ ਰਹੀਆਂ ਸਨ। ਉਸ ਨੂੰ ਅਮਰੀਕਾ ਦੇ ਪਰਮਾਣੂ ਪ੍ਰੋਗਰਾਮ ਨਾਲ ਜੋੜਨ ਵੇਲੇ ਵੀ ਸਰਕਾਰ ਨੂੰ ਉਸ ਦੀ ਕਮਿਊਨਿਸਟਾਂ ਨਾਲ ਹਮਦਰਦੀ ਤੇ ਮੇਲ-ਜੋਲ ਦਾ ਪਤਾ ਸੀ ਪਰ ਉਸ ਦੀ ਪ੍ਰਤਿਭਾ ਕਾਰਨ ਉਸ ਨੂੰ ਪਰਮਾਣੂ ਪ੍ਰੋਗਰਾਮ ਨਾਲ ਜੋੜਿਆ ਗਿਆ। ਉਸ ’ਤੇ ਸਖ਼ਤ ਨਿਗਾਹਬਾਨੀ ਕੀਤੀ ਗਈ। ਓਪਨਹਾਇਮਰ ਦੇ ਛੋਟੇ ਭਰਾ ਫਰੈਂਕ ਓਪਨਹਾਇਮਰ ਤੇ ਉਸ ਦੀ ਪਤਨੀ ਜੈਕੀ ਨੇ ਮੰਨਿਆ ਕਿ ਉਹ ਕਮਿਊਨਿਸਟ ਪਾਰਟੀ ਦੇ ਮੈਂਬਰ ਰਹੇ ਸਨ। ਫਰੈਂਕ ਨੂੰ ਯੂਨੀਵਰਸਿਟੀ ਆਫ ਮਿਨੀਸੋਟਾ ਤੋਂ ਕੱਢ ਦਿੱਤਾ ਗਿਆ। ਓਪਨਹਾਇਮਰ ਨੂੰ ਅਮਰੀਕਾ ਦੇ ਅਟਾਮਿਕ ਐਨਰਜੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ। ਉਸ ਨੇ ਹਾਈਡਰੋਜਨ ਬੰਬ ਬਣਾਉਣ ਦੀ ਮੁਖ਼ਾਲਫਤ ਕੀਤੀ। 3 ਦਸੰਬਰ 1953 ਨੂੰ ਅਮਰੀਕਾ ਸਰਕਾਰ ਨੇ ਹੁਕਮ ਜਾਰੀ ਕੀਤੇ ਕਿ ਓਪਨਹਾਇਮਰ ਨੂੰ ਕਿਸੇ ਸੁਰੱਖਿਆ ਪ੍ਰੋਜੈਕਟ ਨਾਲ ਜੋੜਿਆ ਨਹੀਂ ਜਾਵੇਗਾ। 1963 ਵਿਚ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਨੇ ਉਸ ਨੂੰ ‘ਐਨਰਿਕੋ ਫਰਮੀ ਪੁਰਸਕਾਰ’ ਨਾਲ ਨਿਵਾਜਣ ਦਾ ਫ਼ੈਸਲਾ ਕੀਤਾ। 18 ਫਰਵਰੀ 1967 ਨੂੰ ਗਲੇ ਦੇ ਕੈਂਸਰ ਕਾਰਨ ਉਸ ਦੀ ਮੌਤ ਹੋ ਗਈ।

ਓਪਨਹਾਇਮਰ ਦੇ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਅਤੇ ਪ੍ਰਸਿੱਧ ਵਿਗਿਆਨੀ ਹੋਮੀ ਭਾਬਾ ਨਾਲ ਨਜ਼ਦੀਕੀ ਸਬੰਧ ਸਨ। ਜਦੋਂ ਅਮਰੀਕਾ ’ਚ ਓਪਨਹਾਇਮਰ ਦੇ ਕਮਿਊੁਨਿਸਟਾਂ ਨਾਲ ਸਬੰਧਾਂ ਬਾਰੇ ਸਵਾਲ ਉੱਠੇ ਤਾਂ ਨਹਿਰੂ ਨੇ ਉਸ ਨੂੰ ਗੁਪਤ ਪੱਤਰ ਲਿਖ ਕੇ ਭਾਰਤ ਦਾ ਨਾਗਰਿਕ ਬਣਾਉਣ ਦੀ ਪੇਸ਼ਕਸ਼ ਕੀਤੀ ਸੀ।

ਜੇ. ਰਾਬਰਟ ਓਪਨਹਾਇਮਰ ਦੀ ਕਹਾਣੀ ਆਪਣੇ ਸਮਿਆਂ ਦੇ ਵੱਡੇ ਵਿਰੋਧਾਭਾਸਾਂ ਦੀ ਦਾਸਤਾਨ ਹੈ। ਖੱਬੇ ਪੱਖੀ ਵਿਚਾਰਧਾਰਾ ਦਾ ਯਹੂਦੀ ਓਪਨਹਾਇਮਰ ਭੌਤਿਕ ਵਿਗਿਆਨ, ਹਿਸਾਬ ਤੇ ਤਾਰਾ ਵਿਗਿਆਨ ਦੇ ਖੇਤਰਾਂ ਵਿਚ ਵੱਡੀ ਪ੍ਰਤਿਭਾ ਦਾ ਮਾਲਕ ਸੀ। ਉਹ ਭਗਵਤ ਗੀਤਾ ਦਾ ਉਪਾਸ਼ਕ ਸੀ। ਉਹ ਤੇ ਉਸ ਦੇ ਸਾਥੀ ਚਾਹੁੰਦੇ ਸਨ ਕਿ ਅਮਰੀਕਾ ਜਰਮਨੀ ਤੋਂ ਪਹਿਲਾਂ ਐਟਮ ਬੰਬ ਬਣਾ ਲਏ। ਅਲਬਰਟ ਆਇੰਸਟਾਈਨ ਨੇ ਅਮਰੀਕਾ ਦੇ ਰਾਸ਼ਟਰਪਤੀ ਫਰੈਂਕਲਿਨ ਰੂਜ਼ਵੈਲਟ ਨੂੰ ਚਿੱਠੀ ਲਿਖ ਕੇ ਪਰਮਾਣੂ ਬੰਬ ਬਣਾਉਣ ਦੀ ਪ੍ਰੇਰਨਾ ਦਿੱਤੀ ਸੀ। ਓਪਨਹਾਇਮਰ ਦੀ ਕਹਾਣੀ ਵੀਹਵੀਂ ਸਦੀ ਦੀ ਸਿਆਸਤ, ਵਿਗਿਆਨ, ਤਬਾਹੀ, ਨਫ਼ਰਤ, ਫਾਸ਼ੀਵਾਦ ਤੇ ਨਿਰਾਸ਼ਾ ਦੇ ਨਾਲ ਨਾਲ ਇਕ ਮਨੁੱਖ ਅੰਦਰਲੇ ਪਣਪਦੇ ਅਨੰਤ ਵਿਰੋਧਾਭਾਸਾਂ ਦੀ ਕਹਾਣੀ ਹੈ।

Advertisement
×