ਕੌਮੀ ਪੁਰਸਕਾਰ ਮਿਲਣਾ ਮਾਣ ਵਾਲੀ ਗੱਲ: ਸ਼ਾਹਰੁਖ
71ਵੇਂ ਕੌਮੀ ਫਿਲਮ ਪੁਰਸਕਾਰ ’ਚ ਸਰਬੋਤਮ ਅਦਾਕਾਰ ਵਜੋਂ ਸਨਮਾਨ ਹਾਸਲ ਕਰਨ ਮਗਰੋਂ ਸ਼ਾਹਰੁਖ ਖ਼ਾਨ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਿਹਾ ਹੈ ਤੇ ਉਹ ਇਸ ਲਈ ਸ਼ੁਕਰਗੁਜ਼ਾਰ ਹੈ। ਜਾਣਕਾਰੀ ਅਨੁਸਾਰ ਤਿੰਨ ਦਹਾਕੇ ਤੋਂ ਲੰਮੇ ਕਰੀਅਰ ਦੌਰਾਨ ਉਸ ਨੂੰ ਪਹਿਲੀ ਵਾਰ ਇਹ ਸਨਮਾਨ ਹਾਸਲ ਹੋਇਆ ਹੈ। ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਦਿਆਂ 59 ਸਾਲਾ ਅਦਾਕਾਰ ਨੇ ਕਿਹਾ ਕਿ ਇਹ ਕੌਮੀ ਪੁਰਸਕਾਰ ਉਸ ਨੂੰ ਅਹਿਸਾਸ ਕਰਵਾਉਂਦਾ ਹੈ ਕਿ ਉਸ ਦਾ ਕੰਮ ਕਿੰਨੀ ਅਹਿਮੀਅਤ ਰੱਖਦਾ ਹੈ ਅਤੇ ਉਸ ਨੂੰ ਹਰ ਵੇਲੇ ਸਖ਼ਤ ਮਿਹਨਤ ਨਾਲ ਅੱਗੇ ਵਧਣ ਤੇ ਕੁਝ ਨਵਾਂ ਕਰਨ ਲਈ ਪ੍ਰੇਰਿਤ ਕਰਦਾ ਹੈ। ਦੱਸਣਯੋਗ ਹੈ ਕਿ ਸ਼ਾਹਰੁਖ ਨੂੰ ਸਾਲ 2023 ’ਚ ਆਈ ਫਿਲਮ ‘ਜਵਾਨ’ ’ਚ ਅਦਾਕਾਰੀ ਲਈ ਇਹ ਸਨਮਾਨ ਮਿਲਿਆ ਹੈ। ਸ਼ਾਹਰੁਖ ਦੇ ਨਾਲ-ਨਾਲ ਫਿਲਮ ‘12ਵੀਂ ਫੇਲ੍ਹ’ ਦੇ ਅਦਾਕਾਰ ਵਿਕਰਾਂਤ ਮੈਸੀ ਨੂੰ ਇਹ ਪੁਰਸਕਾਰ ਹਾਸਲ ਹੋਇਆ ਹੈ। ‘ਜਵਾਨ’ ਨੇ ਦੁਨੀਆ ਭਰ ਵਿੱਚ ਬਾਕਸ ਆਫਿਸ ’ਤੇ 1,100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।
ਮੇਰਾ ਪੁਰਸਕਾਰ ਕੇਰਲ ਦੀ ਕੁੜੀਆਂ ਨੂੰ ਸਮਰਪਿਤ: ਸੁਦੀਪਤੋ
71ਵੇਂ ਕੌਮੀ ਫਿਲਮ ਪੁਰਸਕਾਰ ’ਚ ਸਰਵੋਤਮ ਨਿਰਦੇਸ਼ਕ ਅਤੇ ਸਰਬੋਤਮ ਸਿਨੇਮੈਟੋਗ੍ਰਾਫਰ ਵਜੋਂ ਸਨਮਾਨ ਹਾਸਲ ਕਰਨ ਵਾਲੇ ‘ਦਿ ਕੇਰਲ ਸਟੋਰੀ’ ਦੇ ਨਿਰਦੇਸ਼ਕ ਸੁਦੀਪਤੋ ਸੇਨ ਨੇ ਇਹ ਪੁਰਸਕਾਰ ਕੇਰਲ ਦੀਆਂ ਲੜਕੀਆਂ ਨੂੰ ਸਮਰਪਿਤ ਕੀਤਾ ਹੈ। ਸੁਦੀਪਤੋ ਸੇਨ ਨੇ ਕਿਹਾ ਕਿ ਜਦੋਂ ਇਕ ਫਿਲਮਸਾਜ਼ ਆਪਣੇ ਕੰਮ ਦੀ ਸ਼ੁਰੂਆਤ ਕਰਦਾ ਹੈ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਮੰਜ਼ਿਲ ’ਤੇ ਪਹੁੰਚਣ ਲਈ ਕਾਫੀ ਸੰਘਰਸ਼ ਕਰਨਾ ਪੈਂਦਾ ਹੈ ਪਰ ਇਨ੍ਹਾਂ ਸਾਰੀਆਂ ਔਕੜਾਂ ਤੋਂ ਬਾਅਦ ਜਦੋਂ ਦੇਸ਼ ਦਾ ਵੱਡਾ ਐਵਾਰਡ ਹਾਸਲ ਹੁੰਦਾ ਹੈ ਤਾਂ ਇਹ ਬਹੁਤ ਸ਼ਾਨਦਾਰ ਤੇ ਅਸਲ ਅਹਿਸਾਸ ਹੁੰਦਾ ਹੈ।