ਐਤਵਾਰ ਪਰਿਵਾਰ ਨਾਲ ਬਿਤਾਉਂਦੀ ਹੈ ਪ੍ਰਿਯੰਕਾ
ਮੁੰਬਈ, 5 ਜੁਲਾਈ
ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਆਪਣੀਆਂ ਆਦਤਾਂ ਬਾਰੇ ਖੁਲਾਸਾ ਕੀਤਾ ਹੈ, ਜੋ ਉਸ ਨੂੰ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਜ਼ਮੀਨ ਨਾਲ ਜੋੜ ਕੇ ਰੱਖਦੀਆਂ ਹਨ। ‘ਪੀਪਲ’ ਮੈਗਜ਼ੀਨ ਨਾਲ ਖੁੱਲ੍ਹ ਕੇ ਗੱਲਬਾਤ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਉਹ ਹਰ ਐਤਵਾਰ ਆਪਣੇ ਪਰਿਵਾਰ ਨਾਲ ਬਿਤਾਉਂਦੀ ਹੈ। ਉਸ ਨੇ ਕਿਹਾ ਕਿ ਹਰ ਐਤਵਾਰ ਸਵੇਰੇ ਉਹ ਅਤੇ ਉਸ ਦਾ ਪਰਿਵਾਰ ਇੱਕ-ਦੂਜੇ ਲਈ ਰਸਮੀ ਸਮਾਂ ਕੱਢਦੇ ਹਨ ਤੇ ਇਹ ਬਹੁਤ ‘ਜ਼ਰੂਰੀ’ ਹੈ। ਅਦਾਕਾਰਾ ਨੇ ਪੀਪਲ ਮੈਗਜ਼ੀਨ ਨੂੰ ਦੱਸਿਆ,‘‘ਐਤਵਾਰ ਦੀ ਸਵੇਰ ਬਿਸਤਰੇ ਵਿੱਚ ਹੀ ਨਿਕਲਦੀ ਹੈ ਤੇ ਇਹ ਲਾਜ਼ਮੀ ਹੈ।’’ ਆਪਣੇ ਕੰਮ-ਕਾਜ ਦੇ ਰੁਝੇਵਿਆਂ ਦੇ ਬਾਵਜੂਦ ਅਦਾਕਾਰਾ ਆਪਣੇ ਪਤੀ ਨਿੱਕ ਜੋਨਸ ਅਤੇ ਤਿੰਨ ਸਾਲਾ ਦੀ ਧੀ ਮਾਲਤੀ ਮੈਰੀ ਲਈ ਸਮਾਂ ਕੱਢਦੀ ਹੈ। ਉਹ ਇਹ ਯਕੀਨੀ ਬਣਾਉਂਦੀ ਹੈ ਕਿ ਪਰਿਵਾਰ ਨਾਲ ਨਜ਼ਦੀਕੀ ਦਾ ਇਹ ਸਮਾਂ ਕਦੇ ਨਾ ਖੁੰਝਾਇਆ ਜਾਵੇ। ਜਦੋਂ ਉਸ ਨੂੰ ਪੁੱਛਿਆ ਕਿ ਉਸ ਨੂੰ ਸਭ ਤੋਂ ਵੱਧ ਸ਼ਾਂਤੀ ਕਿਸ ਚੀਜ਼ ਤੋਂ ਮਿਲਦੀ ਹੈ ਤਾਂ ਪ੍ਰਿਯੰਕਾ ਨੇ ਕਿਹਾ, ‘‘ਆਪਣੇ ਪਰਿਵਾਰ ਨਾਲ ਘਰ ਵਿੱਚ ਰਹਿਣਾ... ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਇਕੱਠੇ ਸਮਾਂ ਬਤੀਤ ਕਰਨਾ ਅਤੇ ਕਿਤੇ ਜਾਣ ਦੀ ਚਿੰਤਾ ਨਾ ਕਰਨਾ ਹੈ।’’ -ਏਐੱਨਆਈ