ਪ੍ਰਿਯੰਕਾ ਚੋਪੜਾ ਨੇ ਪਰਿਵਾਰ ਨਾਲ ਨਿਊਯਾਰਕ ’ਚ ਮਨਾਈ ਦੀਵਾਲੀ
ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਸ ਦੇ ਪਤੀ ਨਿੱਕ ਜੋਨਸ ਨੇ ਨਿਊਯਾਰਕ ਵਿੱਚ ਆਪਣੇ ਦੋਸਤਾਂ ਨਾਲ ਦੀਵਾਲੀ ਮਨਾਈ। ਜੋੜੇ ਨੇ ਆਪਣੀ ਧੀ ਮਾਲਤੀ ਮੈਰੀ ਨਾਲ ਇਸ ਖ਼ਾਸ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ‘ਬਰਫੀ’ ਫਿਲਮ ਲਈ ਮਸ਼ਹੂਰ ਅਦਾਕਾਰਾ ਵੱਲੋਂ ਅੱਜ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਪ੍ਰਿਯੰਕਾ ਅਤੇ ਨਿੱਕ ਦੀ ਖੂਬਸੂਰਤ ਤਸਵੀਰ ਵੀ ਸ਼ਾਮਲ ਹੈ, ਜਿਸ ਵਿੱਚ ਪ੍ਰਿਯੰਕਾ ਨੇ ਲਾਲ ਅਤੇ ਨਿੱਕ ਨੇ ਸਫ਼ੈਦ ਕੱਪੜੇ ਪਾਏ ਸਨ। ਮਾਂ ਨਾਲ ਮਿਲ ਕੇ ਦੀਵਿਆਂ ’ਤੇ ਪੇਂਟਿੰਗ ਕਰਦੀ ਮਾਲਤੀ ਦੀ ਤਸਵੀਰ ਨੇ ਸਭ ਦਾ ਦਿਲ ਜਿੱਤ ਲਿਆ। ਪ੍ਰਿਯੰਕਾ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਇਹ ਤਿਓਹਾਰ ਮਾਲਤੀ ਦੇ ਦੋਸਤਾਂ ਨਾਲ ਮਨਾਇਆ। ਤਸਵੀਰਾਂ ਵਿੱਚ ਪੂਰਾ ਪਰਿਵਾਰ ਇਕੱਠੇ ਲਕਸ਼ਮੀ ਪੂਜਾ ਕਰਦਾ ਨਜ਼ਰ ਆਇਆ। ਪ੍ਰਿਯੰਕਾ ਦੀ ਮਾਂ ਮਧੂ ਚੋਪੜਾ ਵੀ ਇਸ ਜਸ਼ਨ ਵਿੱਚ ਸ਼ਾਮਲ ਹੋਈ। ਆਖਰੀ ਤਸਵੀਰ ਵਿੱਚ ਪ੍ਰਿਯੰਕਾ ਤੇ ਨਿੱਕ ਸੈਲਫੀ ਲੈਂਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਆਉਂਦੇ ਦਿਨੀਂ ਫਿਲਮ ‘ਦਿ ਬਲੱਫ’ ਵਿੱਚ ਨਜ਼ਰ ਆਵੇਗੀ, ਜਿਸ ਵਿੱਚ ਉਹ 19ਵੀਂ ਸਦੀ ਦੀ ਕੈਰੇਬੀਅਨ ਸਮੁੰਦਰੀ ਡਾਕੂ ਦੀ ਭੂਮਿਕਾ ਨਿਭਾਅ ਰਹੀ ਹੈ। ਇਸ ਤੋਂ ਇਲਾਵਾ ਉਹ ਐੱਸ ਐੱਸ ਰਾਜਾਮੌਲੀ ਦੀ ਅਗਲੀ ਫਿਲਮ ਵਿੱਚ ਮਹੇਸ਼ ਬਾਬੂ ਨਾਲ ਨਜ਼ਰ ਆਵੇਗੀ।