ਫਿਲਮ ‘ਵਾਰ-2’ ਦਾ ਪੋਸਟਰ ਜਾਰੀ
ਮੁੰਬਈ:
ਬੌਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਆਪਣੀ ਆਉਣ ਵਾਲੀ ਫਿਲਮ ‘ਵਾਰ-2’ ਦਾ ਪੋਸਟਰ ਸਾਂਝਾ ਕੀਤਾ ਹੈ। ਇਹ ਫਿਲਮ ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਬਣਾਈ ਗਈ ਹੈ, ਜਿਸ ਨੂੰ ਅਯਾਨ ਮੁਖਰਜੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਵਿੱਚ ਜੂਨੀਅਰ ਐੱਨਟੀਆਰ ਤੇ ਰੀਤਿਕ ਰੋਸ਼ਨ ਮੁੱਖ ਭੂਮਿਕਾਵਾਂ ’ਚ ਹਨ। ਅੱਜ ਕਿਆਰਾ ਵੱਲੋਂ ਸ਼ੇਅਰ ਕੀਤੇ ਫਿਲਮ ਦੇ ਪੋਸਟਰ ਵਿੱਚ ਉਹ ਨਵੇਂ ਰੂਪ ’ਚ ਨਜ਼ਰ ਆ ਰਹੀ ਹੈ। ਇਸ ’ਚ ਉਸ ਨੇ ਕਾਲਾ ਕੋਟ ਤੇ ਪੈਂਟ ਪਾਈ ਹੋਈ ਹੈ ਅਤੇ ਉਹ ਪਿਸਤੌਲ ਨਾਲ ਕਿਸੇ ਵੱਲ ਨਿਸ਼ਾਨਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਦਾਕਾਰਾ ਵੱਲੋਂ ਫਿਲਮ ਦਾ ਇਹ ਪੋਸਟਰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸਾਂਝਾ ਕੀਤਾ ਗਿਆ ਹੈ। ਕਿਆਰਾ ਦੇ ਪਹਿਲੇ ਪੋਸਟਰ ਦੇ ਨਾਲ ‘ਵਾਰ-2’ ਦੇ ਨਿਰਮਾਤਾਵਾਂ ਨੇ ਮੁੱਖ ਅਦਾਕਾਰਾਂ ਰਿਤਿਕ ਰੋਸ਼ਨ ਅਤੇ ਜੂਨੀਅਰ ਐੱਨਟੀਆਰ ਦੇ ਪੋਸਟਰ ਵੀ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਯਸ਼ ਰਾਜ ਫਿਲਮਜ਼ ਦੇ ਬਲਾਕਬਸਟਰ ਸਪਾਈ ਯੂਨੀਵਰਸ ਦੀ ਇਸ ਸਾਲ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਇਹ ਐਕਸ਼ਨ ਫਿਲਮ ‘ਵਾਰ-2’ 14 ਅਗਸਤ ਨੂੰ ਭਾਰਤ ’ਚ ਰਿਲੀਜ਼ ਹੋਣ ਦੇ ਨਾਲ-ਨਾਲ ਉੱਤਰੀ ਅਮਰੀਕਾ, ਮੱਧ ਪੂਰਬ, ਯੂਕੇ ਅਤੇ ਯੂਰਪ, ਆਸਟਰੇਲੀਆ, ਅਫ਼ਰੀਕਾ ਅਤੇ ਦੱਖਣ ਪੂਰਬੀ ਏਸ਼ੀਆ ਦੇ ਆਈਮੈਕਸ ਸਿਨੇਮਾਘਰਾਂ ਦੀ ਸ਼ਿੰਗਾਰ ਬਣੇਗੀ। ਇਸ ਦੇ ਨਾਲ ਹੀ ਫਿਲਮ ਦਾ ਟੀਜ਼ਰ ਵਿਸ਼ਵ ਭਰ ਦੇ ਸਿਨੇਮਾਘਰਾਂ ’ਚ ਚੱਲਣਾ ਸ਼ੁਰੂ ਹੋ ਗਿਆ ਹੈ। -ਏਐੱਨਆਈ