ਰਿਸ਼ਭ ਸ਼ੈੱਟੀ ਦੀ ਫਿ਼ਲਮ ‘ਕਾਂਤਾਰਾ: ਚੈਪਟਰ-1’ ਦਾ ਪੋਸਟਰ ਰਿਲੀਜ਼
ਨਵੀਂ ਦਿੱਲੀ: ਰਿਸ਼ਭ ਸ਼ੈੱਟੀ ਦੀ ਫਿਲਮ ‘ਕਾਂਤਾਰਾ: ਚੈਪਟਰ-1’ ਦੇ ਨਿਰਮਾਤਾਵਾਂ ਵੱਲੋਂ ਅਦਾਕਾਰ ਦੇ 42ਵੇਂ ਜਨਮ ਦਿਨ ’ਤੇ ਇਸ ਫਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਹੋਮਬੇਲ ਫਿਲਮਜ਼ ਵੱਲੋਂ ਇਸ ਸਬੰਧੀ ਇੰਸਟਾਗ੍ਰਾਮ ’ਤੇ ਪੋਸਟਰ ਸਾਂਝਾ ਕੀਤਾ ਗਿਆ ਹੈ। ਇਸ ਪੋਸਟਰ ਵਿੱਚ ਅਦਾਕਾਰ ਰਿਸ਼ਬ ਸ਼ੈੱਟੀ ਇੱਕ ਹੱਥ ਵਿੱਚ ਕੁਹਾੜੀ ਅਤੇ ਦੂਜੇ ਹੱਥ ਵਿੱਚ ਢਾਲ ਫੜ ਕੇ ਖੜ੍ਹਾ ਦਿਖਾਈ ਦੇ ਰਿਹਾ ਹੈ। ਉਸ ਨੇ ਪੁਰਾਣੇ ਲੜਾਕੂਆਂ ਵਾਲੀ ਪੋਸ਼ਾਕ ਪਾਈ ਹੋਈ ਹੈ ਜੋ ਇਸ ਪੋੋਸਟਰ ਨੂੰ ਹੋਰ ਪ੍ਰਭਾਵੀ ਬਣਾਉਂਦੀ ਹੈ। ਇਸ ਪੋਸਟ ਦੇ ਨਾਲ ਲਿਖਿਆ ਗਿਆ ਹੈ ਕਿ ਜਦੋਂ ਕੋਈ ਮਹਾਨ ਯੋਧਾ ਜਨਮ ਲੈਂਦਾ ਹੈ ਤਾਂ ਇਸ ਦੀ ਗੂੰਜ ਦੂਰ ਤਕ ਪੈਂਦੀ ਹੈ। ਕਾਂਤਾਰਾ ਇੱਕ ਅਜਿਹੀ ਕਹਾਣੀ ਹੈ ਜਿਸ ਨੇ ਵੱਡੀ ਗਿਣਤੀ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਵਿੱਚ ਲਿਖਿਆ ਗਿਆ ਹੈ ਕਿ ਇਸ ਕਹਾਣੀ ’ਚ ਅਹਿਮ ਕਿਰਦਾਰ ਅਦਾ ਕਰਨ ਵਾਲੇ ਰਿਸ਼ਭ ਨੂੰ ਜਨਮ ਦਿਨ ਦੀ ਵਧਾਈ। ਉਨ੍ਹਾਂ ਖੁ਼ਲਾਸਾ ਕੀਤਾ ਕਿ ਕਾਂਤਾਰਾ ਚੈਪਟਰ-1 ਇਸ ਸਾਲ ਦੋ ਅਕਤੂਬਰ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਉਨ੍ਹਾਂ ਲਿਖਿਆ ਹੈ ਕਿ ਇਸ ਫਿਲਮ ਲਈ ਅਦਾਕਾਰ ਰਿਸ਼ਭ ਨੇ ਬਹੁਤ ਮਿਹਨਤ ਕੀਤੀ ਹੈ। ਇਸ ਤੋਂ ਪਹਿਲਾਂ ਅਦਾਕਾਰ ਨੇ ਟ੍ਰੇਨਿੰਗ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਸ ਪੋਸਟ ’ਤੇ ਅਦਾਕਾਰ ਨੇ ਸਾਧਾਰਨ ਜਿਹੀ ਕੈਪਸ਼ਨ ਸਿਰਫ਼ ਇੱਕ ਦਿਲ ਵਾਲੀ ਇਮੋਜੀ ਹੀ ਪਾਈ ਹੈ। ਸਾਲ 2022 ਵਿੱਚ ਆਈ ਫਿਲਮ ‘ਕਾਂਤਾਰਾ’ ਲਈ ਅਦਾਕਾਰ ਨੂੰ ਬਿਹਤਰੀਨ ਅਦਾਕਾਰ ਲਈ ਕੌਮੀ ਐਵਾਰਡ ਮਿਲਿਆ ਸੀ। -ਏਐੱਨਆਈ