ਲੰਮੇ ਸਮੇਂ ਤੋਂ ਚੱਲੀ ਆ ਰਹੀ ‘ਰੀਤ’ ਮੁਤਾਬਿਕ ਵੱਖ-ਵੱਖ ਸੂਬਿਆਂ ਵਿੱਚ ਦਸਹਿਰੇ ਦਾ ਤਿਉਹਾਰ ਇਸ ਵਾਰ ਵੀ ਮਨਾਇਆ ਗਿਆ। ਇਸ ਦੌਰਾਨ ਵੱਡੇ ਪੱਧਰ ’ਤੇ ਪਟਾਕੇ ਚੱਲੇ ਅਤੇ ਪ੍ਰਦੂਸ਼ਣ ਵੀ ਵੱਡੇ ਪੱਧਰ ’ਤੇ ਹੀ ਫੈਲਿਆ ਪਰ ਸਵਾਲ ਹੈ ਕਿ ਹਰ ਸਾਲ ਮਨਾਏ ਜਾਣ ਵਾਲੇ ਇਹੋ ਜਿਹੇ ਤਿਉਹਾਰਾਂ ’ਤੇ ਫੈਲਦੇ ਪ੍ਰਦੂਸ਼ਣ ਬਾਰੇ ਕੋਈ ਕਿਉਂ ਨਹੀਂ ਬੋਲਦਾ? ਕਿਸਾਨਾਂ ਦੁਆਰਾ ਮਜਬੂਰੀਵੱਸ ਸਾੜੀ ਜਾਂਦੀ ਝੋਨੇ ਦੀ ਪਰਾਲੀ ਦਾ ਧੂੰਆਂ, ਭਾਵੇਂ ਸਰਕਾਰੀ ਦਾਅਵਿਆਂ ਮੁਤਾਬਿਕ, ਦਿੱਲੀ ਦਰਵਾਜ਼ੇ ਤੱਕ ਪਹੁੰਚ ਜਾਂਦਾ ਹੈ ਪਰ ਬਾਵਜੂਦ ਇਸ ਦੇ ਪਰਾਲੀ ਦੇ ਹੱਲ ਲਈ ਕੋਈ ਨਹੀਂ ਬੋਲਦਾ ਸਗੋਂ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਅਤੇ ਜੁਰਮਾਨੇ ਠੋਕਣ ਦਾ ਤਰੀਕਾ ਹਰ ਕੋਈ ਮੂਹਰੇ ਹੋ ਕੇ ਦੱਸਦਾ ਹੈ।ਅਸੀਂ ਸਾਰੇ ਮੰਨਦੇ ਹਾਂ ਕਿ ਪ੍ਰਦੂਸ਼ਣ ਕਿਸੇ ਵੀ ਤਰ੍ਹਾਂ ਦਾ ਸਿਹਤ ਲਈ ਹਾਨੀਕਾਰਕ ਹੈ, ਪਰ ਸਵਾਲ ਇਹ ਹੈ ਕਿ ਇਕੱਲੀ ਪਰਾਲੀ ਸਾੜਨ ਨਾਲ ਹੀ ਕਿਉਂ ਜ਼ਿਆਦਾ ਹੱਲਾ-ਗੁੱਲਾ ਕੀਤਾ ਜਾਂਦਾ ਹੈ? ਕੀ ਪਟਾਕਿਆਂ ਦਾ ਪ੍ਰਦੂਸ਼ਣ ਨਹੀਂ ਹੁੰਦਾ? ਕੀ ਪਟਾਕਿਆਂ ਵਿੱਚੋਂ ਫੁੱਲ ਵਰਸਦੇ ਜਾਂ ਫਿਰ ਇਹ ਪਟਾਕੇ ਪ੍ਰਦੂਸ਼ਣ ਕਰਦੇ ਹੀ ਨਹੀਂ? ਸਵਾਲ ਤਾਂ ਬੜੇ ਨੇ, ਪਰ ਸਵਾਲਾਂ ਦਾ ਸਵਾਲ ਇਹ ਵੀ ਹੈ: ਕੀ ਇਕੱਲਾ ਪ੍ਰਦੂਸ਼ਣ ਫੈਲਾਉਣ ਵਿੱਚ ਕਿਸਾਨ ਹੀ ਜ਼ਿੰਮੇਵਾਰ ਹੈ? ਕਿਸਾਨਾਂ ਦੁਆਰਾ ਜਿੱਥੇ ਫ਼ਸਲਾਂ ਉਗਾ ਕੇ ਮੁਲਕ ਦਾ ਢਿੱਡ ਭਰਿਆ ਜਾਂਦਾ ਹੈ, ਉੱਥੇ ਹੀ ਕਿਸਾਨ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ! ਇੱਕਾ-ਦੁੱਕਾ ਕੇਸ ਪਰਾਲੀ ਸੜਨ ਦੇ ਆ ਰਹੇ ਨੇ, ਦੂਜੇ ਪਾਸੇ ਪ੍ਰਸ਼ਾਸਨ ਅਤੇ ਸਰਕਾਰ ਕਿਸਾਨਾਂ ਨੂੰ ਜੇਲ੍ਹੀਂ ਤਾੜਨ ਲੱਗੀ ਹੋਈ ਹੈ।ਅਸੀਂ ਇਹ ਵੀ ਮੰਨਦੇ ਹਾਂ ਕਿ ਪਰਾਲੀ ਦਾ ਪ੍ਰਦੂਸ਼ਣ ਵੀ ਸਿਹਤ ਲਈ ਹਾਨੀਕਾਰਕ ਹੈ, ਪਰ ਸਵਾਲ ਉੱਠਦਾ ਹੈ: ਕੀ ਪਟਾਕਿਆਂ ’ਚੋਂ ਨਿਕਲਣ ਵਾਲਾ ਧੂੰਆਂ ਸਾਫ਼ ਸੁਥਰਾ ਅਤੇ ਸ਼ੁੱਧ ਹੈ, ਜਾਂ ਫਿਰ ਇਹ ਕਹਿ ਲਈਏ ਕਿ ਪਟਾਕਿਆਂ ’ਚੋਂ ਤਾਂ ਆਕਸੀਜਨ ਅਤੇ ਸ਼ੁੱਧ ਗੈਸ ਹੀ ਨਿਕਲਦੀ ਹੋਵੇਗੀ, ਜਿਸ ਨਾਲ ਸਰੀਰ ’ਤੇ ਭੋਰਾ ਵੀ ਮਾੜਾ ਅਸਰ ਨਹੀਂ ਪੈਂਦਾ। ਕਈ ਦਹਾਕਿਆਂ ਤੋਂ ਝੋਨੇ ਦੀ ਪਰਾਲੀ, ਕਣਕ ਦੇ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮਜਬੂਰੀਵੱਸ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਨੇ, ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਹੀ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ।ਸਮੇਂ-ਸਮੇਂ ਆਈਆਂ ਸਰਕਾਰਾਂ ਨੇ ਜਿੱਥੇ ਕਿਸਾਨਾਂ ਦੇ ਨਾਲ ਲੰਮੇ-ਚੌੜੇ ਵਾਅਦੇ ਕੀਤੇ ਕਿ ਪਰਾਲੀ ਦਾ ਪੱਕਾ ਪ੍ਰਬੰਧ ਕਰਾਂਗੇ, ਪਰ ਇਸ ਦਾ ਪੱਕਾ ਪ੍ਰਬੰਧ ਕਰਨ ਦੀ ਬਜਾਏ, ਕਿਸਾਨਾਂ ਦਾ ਪੱਕਾ ਪ੍ਰਬੰਧ ਜੇਲ੍ਹਾਂ ਅੰਦਰ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀ ਕਿਸੇ ਤਰ੍ਹਾਂ ਦੀ ਮਦਦ ਨਾ ਕਰ ਕੇ, ਪ੍ਰਸ਼ਾਸਨ ਅਤੇ ਸਰਕਾਰ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਸੁੱਟ ਰਹੀ ਹੈ। ਹੁਣ ਅਜਿਹੇ ਹਾਲਾਤ ਨੇ ਕਿ ਕਿਸਾਨਾਂ ਨੂੰ ਮੋਟੇ ਜੁਰਮਾਨੇ ਵੀ ਕੀਤੇ ਜਾ ਰਹੇ ਨੇ। ਸੈਟੇਲਾਈਟ ਜ਼ਰੀਏ ਕਿਸਾਨਾਂ ਦੀਆਂ ਜ਼ਮੀਨਾਂ ਫਰੋਲੀਆਂ ਜਾ ਰਹੀਆਂ ਅਤੇ ਇਹ ਦੇਖਿਆ ਜਾ ਰਿਹਾ ਹੈ ਕਿ ਕਿੱਥੇ-ਕਿੱਥੇ ਝੋਨੇ ਦੀ ਪਰਾਲੀ ਨੂੰ ਅੱਗ ਲੱਗੀ ਹੈ।ਸੈਟੇਲਾਈਟ ਜ਼ਰੀਏ ਮਿਲੀਆਂ ਤਸਵੀਰਾਂ ਦੇ ਚੱਲਦਿਆਂ ਪ੍ਰਸ਼ਾਸਨ ਮਿੰਟਾਂ ਸਕਿੰਟਾਂ ਵਿੱਚ ਜਿੱਥੇ ਕਿਸਾਨਾਂ ਉੱਪਰ ਪੁਲੀਸ ਕੇਸ ਬਣਾ ਰਿਹਾ ਹੈ, ਉੱਥੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਰੈੱਡ ਐਂਟਰੀਆਂ ਵੀ ਕੀਤੀਆਂ ਜਾ ਰਹੀਆਂ ਨੇ; ਮਸਲਨ, ਜਿਨ੍ਹਾਂ ਕਿਸਾਨ ਨੇ ਪਰਾਲੀ ਨੂੰ ਅੱਗ ਲਾਈ, ਉਨ੍ਹਾਂ ਨੂੰ ਕਰਜ਼ਾ ਅਤੇ ਹੋਰ ਸਰਕਾਰੀ ਲਾਭ ਅਗਲੇ ਸਮੇਂ ਵਿੱਚ ਨਹੀਂ ਮਿਲਣਗੇ। ਸਰਕਾਰ ਨੇ ਪਰਾਲੀ ਨੂੰ ਸਾਂਭਣ ਲਈ ਹੁਣ ਤੱਕ ਕਦਮ ਤਾਂ ਬਥੇਰੇ ਚੁੱਕੇ ਨੇ, ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ।ਕੁਝ ਸਮਾਂ ਪਹਿਲਾਂ ਸਰਕਾਰਾਂ ਨੇ ਆਖਿਆ ਸੀ ਕਿ ਅਸੀਂ ਝੋਨੇ ਦੀ ਪਰਾਲੀ ਦਾ ਪੱਕਾ ਪ੍ਰਬੰਧ ਇਹੋ ਜਿਹਾ ਕਰਾਂਗੇ ਕਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਵੀ ਸਰਕਾਰ ਚੁੱਕੇਗੀ ਅਤੇ ਪਰਾਲੀ ਦਾ ਪ੍ਰਬੰਧ ਵੀ ਸਰਕਾਰ ਹੀ ਕਰੇਗੀ। ਪਰਾਲੀ ਨੂੰ ਇਹੋ ਜਿਹੀ ਜਗ੍ਹਾ ’ਤੇ ਰੱਖਾਂਗੇ ਕਿ ਕਿਸਾਨ ਅਗਲੀ ਫ਼ਸਲ ਵੀ ਵਧੀਆ ਤਰੀਕੇ ਨਾਲ ਬੀਜ ਸਕੇਗਾ ਪਰ ਸਰਕਾਰਾਂ ਦੇ ਇਹ ਵਾਅਦੇ, ਸਿਰਫ਼ ਅਖ਼ਬਾਰੀ ਅਤੇ ਟੀ ਵੀ ਚੈਨਲਾਂ ਵਿੱਚ ਹੀ ਰਹਿ ਗਏ। ਹੁਣ ਵੀ ਬਹੁਤ ਸਾਰੇ ਕਿਸਾਨ ਅਜਿਹੇ ਨੇ ਜਿਹੜੇ ਮਜਬੂਰੀਵੱਸ ਝੋਨੇ ਦੀ ਪਰਾਲੀ ਨੂੰ ਅੱਗ ਲਾ ਰਹੇ ਨੇ। ਛੋਟੇ ਕਿਸਾਨ ਤਾਂ ਝੋਨੇ ਦੀ ਪਰਾਲੀ ਨੂੰ ਆਪਣੀ ਪੈਲੀ ਵਿੱਚ ਵਾਹ ਰਹੇ ਨੇ, ਪਰ ਇਸ ਦਾ ਖਰਚਾ ਬਹੁਤ ਹੋ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ 5-6 ਕਿੱਲਿਆਂ ਵਿੱਚ ਸੈਂਕੜੇ ਲਿਟਰ ਡੀਜ਼ਲ ਫੂਕਿਆ ਜਾਂਦਾ ਹੈ। ਸਰਕਾਰਾਂ ਕਹਿੰਦੀਆਂ ਕਿ ਅਸੀਂ ਕਿਸਾਨਾਂ ਮੁਆਵਜ਼ਾ ਦਿਆਂਗੇ, ਪਰ ਦਿੰਦਾ ਕੋਈ ਨਹੀਂ।ਜਿਵੇਂ ਉਪਰ ਚਰਚਾ ਕੀਤੀ ਹੈ, ਪਟਾਕਿਆਂ ਦੇ ਪ੍ਰਦੂਸ਼ਣ ਬਾਰੇ ਕੋਈ ਨਹੀਂ ਬੋਲਦਾ। ਸਰਕਾਰ/ਪ੍ਰਸ਼ਾਸਨ ਸਮਾਂ ਤੈਅ ਕਰ ਦਿੰਦਾ ਹੈ ਕਿ ਇੰਨੇ ਤੋਂ ਇੰਨੇ ਸਮੇਂ ਤੱਕ ਪਟਾਕੇ ਚਲਾ ਸਕਦੇ ਹੋ; ਮਤਲਬ, ਜਿਹੜਾ ਸਮਾਂ ਪ੍ਰਸ਼ਾਸਨ ਤੇ ਸਰਕਾਰ ਪਟਾਕੇ ਚਲਾਉਣ ਲਈ ਦਿੰਦੇ ਹਨ, ਉਦੋਂ ਕੁਦਰਤ ਛੁੱਟੀ ’ਤੇ ਚਲੀ ਜਾਵੇਗੀ ਜਾਂ ਫਿਰ ਪ੍ਰਦੂਸ਼ਣ ਨਹੀਂ ਫੈਲੇਗਾ! ਪਟਾਕਿਆਂ ਵਿੱਚੋਂ ਆਕਸੀਜਨ ਹੀ ਨਿਕਲੇਗੀ!ਹਕੀਕਤ ਇਹ ਹੈ ਕਿ ਪਟਾਕਿਆਂ ਵਿਚੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਪਰਾਲੀ ਦੇ ਧੂੰਏਂ ਨਾਲੋਂ ਵੀ ਖ਼ਤਰਨਾਕ ਹੈ। ਵੈਸੇ ਸਰਕਾਰੀ ਦਾਅਵੇ ਇਕੱਲੇ ਕਿਸਾਨ ਨੂੰ ਹੀ ਲਤਾੜਨ ਵਾਸਤੇ ਹਨ, ਹੋਰ ਕੁਝ ਨਹੀਂ। ਕੋਈ ਵੀ ਬੰਦਾ ਇਸ ਵੇਲੇ ਪਟਾਕਿਆਂ ਦੇ ਪ੍ਰਦੂਸ਼ਣ ਬਾਰੇ ਬੋਲ ਨਹੀਂ ਰਿਹਾ। ਉਨ੍ਹਾਂ ਨੂੰ ਸਿਰਫ਼ ਕਿਸਾਨਾਂ ਦੁਆਰਾ ਸਾੜੀ ਜਾਂਦੀ ਪਰਾਲੀ ਹੀ ਦਿਖਾਈ ਦਿੰਦੀ ਹੈ। ਕਿਸਾਨ ਪਰਾਲੀ ਕਿਉਂ ਸਾੜਦੇ ਨੇ, ਇਸ ਦਾ ਜਵਾਬ ਉਹ ਲੋਕ ਕਦੇ ਵੀ ਨਹੀਂ ਦਿੰਦੇ, ਜਿਹੜੇ ਨਿੱਤ ਦਿਨ ਨਵੇਂ-ਨਵੇਂ ਹੁਕਮ ਜਾਰੀ ਕਰਦੇ ਹਨ।ਪਿਛਲੇ ਦਿਨੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਿਆਨ ਜਾਰੀ ਕੀਤਾ, ਜੋ ਹਰ ਸਾਲ ਜਾਰੀ ਕੀਤਾ ਜਾਂਦਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਪਟਾਕੇ ‘ਇੰਨੇ ਤੋਂ ਇੰਨੇ ਸਮੇਂ ਤੱਕ’ ਚਲਾਏ ਜਾ ਸਕਦੇ ਨੇ, ਇਨ੍ਹਾਂ ਹੁਕਮਾਂ ਵਿੱਚ ਦਸਹਿਰੇ ਦੇ ਪਟਾਕੇ ਚਲਾਉਣ ਤੋਂ ਲੈ ਕੇ ਨਵੇਂ ਸਾਲ ਕ੍ਰਿਸਮਸ ਅਤੇ ਗੁਰਪੁਰਬ ਮਿਲਾ ਕੇ ਸਾਰਾ ਸਮਾਂ ਤੈਅ ਕੀਤਾ ਗਿਆ ਸੀ। ਬਿਆਨ ਵਿੱਚ ਵੀ ਇਹ ਦੱਸਿਆ ਗਿਆ ਕਿ ਦਸਹਿਰੇ ਵਾਲੇ ਦਿਨ ਸ਼ਾਮ 6 ਵਜੇ ਤੋਂ 7 ਵਜੇ ਤੱਕ ਪਟਾਕੇ ਚਲਾਓ, ਦੀਵਾਲੀ ਦੀ ਰਾਤ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਓ; ਮਤਲਬ, ਤਿੰਨ ਘੰਟੇ ਪੂਰਾ ਪ੍ਰਦੂਸ਼ਣ ਫੈਲਾਓ...!ਕੀ ਕਿਸਾਨ ਦੁਆਰਾ ਪਰਾਲੀ ਸਾੜਨ ਨਾਲ ਹੀ ਪ੍ਰਦੂਸ਼ਣ ਫੈਲਦਾ? ਇਹ ਪਰਾਲੀ ਸਾੜਨ ਦੀ ਹਮਾਇਤ ਕਰਨ ਵਾਲੀ ਗੱਲ ਨਹੀਂ, ਪਰ ਸਵਾਲ ਇਹ ਹੈ ਕਿ ਜੇਕਰ ਕਿਸਾਨ ਦੁਆਰਾ ਸਾੜੀ ਪਰਾਲੀ ਦਾ ਪ੍ਰਦੂਸ਼ਣ ਹੀ ਲੀਡਰਾਂ ਅਤੇ ਸਰਕਾਰਾਂ ਦੇ ਨਾਸੀਂ ਧੂੰਆਂ ਕਢਾ ਦਿੰਦਾ ਤਾਂ ਫਿਰ ਪਟਾਕਿਆਂ ਉੱਤੇ ਵੀ ਪੂਰਨ ਤੌਰ ’ਤੇ ਪਾਬੰਦੀ ਕਿਉਂ ਨਹੀਂ ਲਗਾਈ ਜਾਂਦੀ? ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਦਾ ਸਮਾਂ ਕਿਉਂ ਤੈਅ ਕੀਤਾ ਜਾਂਦਾ ਹੈ? ਕਿਉਂ ਸਰਕਾਰ ਸਿਰਫ਼ ਇੱਕ ਤਬਕੇ ਨੂੰ ਹੀ ਲਤਾੜਨ ’ਤੇ ਲੱਗੀ ਹੋਈ ਹੈ? ਇੱਕ ਤਬਕੇ ਨੂੰ ਹੀ ਬਲੀ ਦਾ ਬੱਕਰਾ ਕਿਉਂ ਬਣਾਇਆ ਜਾਂਦਾ ਹੈ?ਸਾਡੇ ਮੁਲਕ ਅੰਦਰ ਪ੍ਰਦੂਸ਼ਣ ਫੈਲਾਉਣ ਵਾਲੇ ਹੋਰ ਵੀ ਬਥੇਰੇ ਕਾਰਖ਼ਾਨੇ, ਫੈਕਟਰੀਆਂ ਅਤੇ ਹੋਰ ਬੜਾ ਕੁਝ ਹੈ, ਜਿਸ ਬਾਰੇ ਕਦੀ ਵੀ ਸਰਕਾਰਾਂ ਨਹੀਂ ਬੋਲਦੀਆਂ। ਪ੍ਰਦੂਸ਼ਣ ਬੋਰਡ ਵੀ ਸਿਰਫ਼ ਸਿਆਸੀ ਬਿਆਨਬਾਜ਼ੀ ਵਿੱਚ ਰੁੱਝਿਆ ਰਹਿੰਦਾ ਹੈ, ਉਨ੍ਹਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਪਟਾਕਿਆਂ ਨਾਲ ਵੀ ਪ੍ਰਦੂਸ਼ਣ ਫੈਲਦਾ ਹੈ। ਜੇਕਰ ਸਰਕਾਰ/ਪ੍ਰਸ਼ਾਸਨ ਪਟਾਕੇ ਚਲਾਉਣ ਦਾ ਸਮਾਂ ਤੈਅ ਕਰ ਸਕਦੇ ਹਨ ਤਾਂ ਫਿਰ ਪਰਾਲੀ ਸਾੜਨ ਦਾ ਵੀ ਸਮਾਂ ਤੈਅ ਕੀਤਾ ਜਾ ਸਕਦਾ ਹੈ।ਖ਼ੈਰ, ਇਹ ਮਸਲਾ ਲੰਮਾ ਚੌੜਾ ਹੈ ਪਰ ਸਵਾਲ ਵੀ ਬੜੇ ਨੇ। ਆਖ਼ਿਰਕਾਰ, ਇੱਕੋ ਗੱਲ ਕਹਿਣੀ ਬਣਦੀ ਹੈ ਕਿ ਸਰਕਾਰੀ ਅੰਕੜਿਆਂ ਮੁਤਾਬਿਕ, ਇਹ ਪ੍ਰਦੂਸ਼ਣ ਇਕੱਲਾ ਕਿਸਾਨ ਹੀ ਫੈਲਾਉਂਦੇ ਨੇ। ਸਰਕਾਰਾਂ ਨੂੰ ਪਰਾਲੀ ਦਾ ਠੋਸ ਹੱਲ ਲੱਭਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ’ਤੇ ਮੁਕੱਦਮੇ ਠੋਕ ਕੇ ਜੁਰਮਾਨੇ ਲਗਾ ਕੇ ਜੇਲ੍ਹਾਂ ਦੇ ਅੰਦਰ ਸੁੱਟਣਾ ਚਾਹੀਦਾ। ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਬਣਦਾ, ਪਰ ਇਸ ਵੇਲੇ ਤਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਜਾ ਸਕਦਾ ਹੈ ਕਿ ਪਟਾਕੇ ਚਲਾਉਣ ਵਾਸਤੇ ਸਮਾਂ ਤੈਅ ਕਰਨ ਵਾਲੀ ਸਰਕਾਰ, ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਪ੍ਰਦੂਸ਼ਣ ਫੈਲਾਉਣ ਤਹਿਤ ਜੇਲ੍ਹਾਂ ਅੰਦਰ ਡੱਕ ਰਹੀ ਹੈ।ਸੰਪਰਕ: 95698-20314