ਪਵਨ ਕਲਿਆਣ ਦੀ ਫ਼ਿਲਮ ‘ਹਰੀ ਹਰਿ ਵੀਰਾ ਮੱਲੂ’ ਰਿਲੀਜ਼
ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਦੀ ਫ਼ਿਲਮ ‘ਹਰੀ ਹਰਿ ਵੀਰਾ ਮੱਲੂ’ ਅੱਜ ਰਿਲੀਜ਼ ਹੋ ਗਈ ਹੈ। ਫ਼ਿਲਮ ਦੇ ਰਿਲੀਜ਼ ਹੋਣ ’ਤੇ ਵਿਜੈਵਾੜਾ, ਕੋਨਾਸੀਮਾ ਅਤੇ ਕਡੱਪਾ ਸਣੇ ਆਂਧਰਾ ਪ੍ਰਦੇਸ਼ ਦੇ ਕਈ ਸਿਨੇਮਾਘਰਾਂ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਇਕੱਠੇ ਹੋਏ। ਇਸ ਦੌਰਾਨ ਪਵਨ ਦੇ ਚਾਹੁਣ ਵਾਲਿਆਂ ਨੇ ਕੇਕ ਕੱਟੇ, ਪਟਾਖ਼ੇ ਚਲਾਏ ਅਤੇ ਬੈਨਰ ਲਗਾ ਕੇ ਜਸ਼ਨ ਮਨਾਇਆ। ਇਹ ਪਵਨ ਕਲਿਆਣ ਦੇ ਉਪ ਮੁੱਖ ਮੰਤਰੀ ਬਣਨ ਮਗਰੋਂ ਉਸ ਦੀ ਪਲੇਠੀ ਫ਼ਿਲਮ ਹੈ। ਏਐੱਮ ਜਯੋਤੀ ਕ੍ਰਿਸ਼ਨ ਅਤੇ ਕ੍ਰਿਸ਼ ਜਗਰਲਾਮੁੱਡੀ ਵੱਲੋਂ ਨਿਰਦੇਸ਼ਤ ਫ਼ਿਲਮ ਵਿੱਚ ਨਿਧੀ ਅਗਰਵਾਲ ਅਤੇ ਬੌਬੀ ਦਿਓਲ ਵੀ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਸੰਗੀਤ ਐੱਮਐੱਮ ਕੀਰਵਨੀ ਦਾ ਹੈ। ਫ਼ਿਲਮ ਦਾ ਨਿਰਮਾਣ ਮੈਗਾ ਸੂਰਿਆ ਪ੍ਰੋਡਕਸ਼ਨ ਨੇ ਕੀਤਾ ਹੈ। ਸੂਬਾ ਸਰਕਾਰ ਨੇ ਫ਼ਿਲਮ ਦੀਆਂ ਟਿਕਟਾਂ ਵਿੱਚ ਵਾਧੇ ਦੀ ਮਨਜ਼ੂਰੀ ਦਿੱਤੀ ਹੈ। ਟਿਕਟ ਦਾ ਮੁੱਲ ਸਿੰਗਲ ਸਕਰੀਨ ਵਿੱਚ ਸੌ ਰੁਪਏ ਅਤੇ ਮਲਟੀਪਲੈਕਸ ਵਿੱਚ 300 ਰੁਪਏ ਤੱਕ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇੱਕ ਹਫ਼ਤੇ ਤੱਕ ਸਾਰੀਆਂ ਸਕਰੀਨਾਂ ’ਤੇ ਦਿਨ ਵਿੱਚ ਪੰਜ ਸ਼ੋਅ ਦਿਖਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।