ਫਿਲਮ ‘ਸ਼ੇਰਾ’ ਦੀ ਸ਼ੂਟਿੰਗ ਦੌਰਾਨ ਪਰਮੀਸ਼ ਵਰਮਾ ਜ਼ਖ਼ਮੀ
ਰਤਨ ਸਿੰਘ ਢਿੱਲੋਂ
ਅੰਬਾਲਾ ਕੈਂਟ ਦੀ ਮਾਲ ਰੋਡ ’ਤੇ ਸਥਿਤ ਬੰਗਲੇ ਵਿੱਚ ਚੱਲ ਰਹੀ ਪੰਜਾਬੀ ਫ਼ਿਲਮ ‘ਸ਼ੇਰਾ’ ਦੀ ਸ਼ੂਟਿੰਗ ਦੌਰਾਨ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਉਹ ਚੰਡੀਗੜ੍ਹ ਵਾਪਸ ਚਲਾ ਗਿਆ। ਘਟਨਾ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਫ਼ਿਲਹਾਲ ਰੋਕ ਦਿੱਤੀ ਗਈ ਹੈ।
ਸੂਤਰਾਂ ਅਨੁਸਾਰ ਪਰਮੀਸ਼ ਸ਼ੂਟਿੰਗ ਦੌਰਾਨ ਆਪਣੀ ਕਾਰ ਵਿੱਚ ਬੈਠਾ ਸੀ। ਇਸ ਦੌਰਾਨ ਇੱਕ ਨਕਲੀ ਗੋਲੀ ਵੱਜਣ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ ਜਿਸ ਦਾ ਟੁਕੜਾ ਅਦਾਕਾਰ ਦੇ ਚਿਹਰੇ ’ਤੇ ਜਾ ਵੱਜਿਆ। ਇਸ ਸਬੰਧੀ ਹਾਲੇ ਤੱਕ ਫਿਲਮ ਦੇ ਨਿਰਮਾਤਾਵਾਂ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਉਸ ਨੇ ਲਿਖਿਆ ਹੈ, ‘‘ਇਹ ਹਾਦਸਾ ਫਿਲਮ ‘ਸ਼ੇਰਾ’ ਦੇ ਸੈੱਟ ’ਤੇ ਵਾਪਰਿਆ ਹੈ। ਪਰਮਾਤਮਾ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਹਾਂ।’’
ਜਾਣਕਾਰੀ ਅਨੁਸਾਰ ਇਹ ਫਿਲਮ 15 ਮਈ 2026 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਪਰਮੀਸ਼ ਵਰਮਾ ਇਸ ਫਿਲਮ ਵਿੱਚ ‘ਸ਼ੇਰਾ’ ਦੀ ਭੂਮਿਕਾ ਨਿਭਾਅ ਰਿਹਾ ਹੈ।
ਸ਼ੂਟਿੰਗ ਲਈ 40 ਹਜ਼ਾਰ ਰੁਪਏ ਜੁਰਮਾਨਾ ਲਾਇਆ
ਕੰਟੋਨਮੈਂਟ ਬੋਰਡ ਨੇ ਫਿਲਮ ਦੀ ਸ਼ੂਟਿੰਗ ਲਈ 40 ਹਜ਼ਾਰ ਰੁਪਏ ਜੁਰਮਾਨਾ ਲਾਇਆ ਹੈ। ਇਸ ਬਾਰੇ ਕੰਟੋਨਮੈਂਟ ਬੋਰਡ ਦੇ ਮੈਂਬਰ ਨਸੀਬ ਬਵੇਜਾ ਨੇ ਦੱਸਿਆ ਕਿ ਸ਼ੂਟਿੰਗ ਵਾਲਾ ਬੰਗਲਾ ਮੁੱਖ ਸੜਕ ਦੇ ਨਾਲ ਹੋਣ ਕਰ ਕੇ ਇੱਥੇ ਗਾਰਡ ਖੜ੍ਹੇ ਰਹੇ। ਇੱਥੇ ਭੀੜ ਇਕੱਠੀ ਹੋਣ ਕਰ ਕੇ ਆਵਾਜਾਈ ਵੀ ਪ੍ਰਭਾਵਿਤ ਹੋਈ ਜਿਸ ਨੂੰ ਦੇਖਦਿਆਂ ਜੁਰਮਾਨਾ ਲਾਇਆ ਗਿਆ ਹੈ।