ਪਰੀਨਿਤੀ ਚੋਪੜਾ ਤੇ ਰਾਘਵ ਚੱਢਾ ਛੇਤੀ ਦੋ ਤੋਂ ਹੋਣਗੇ ਤਿੰਨ
ਬੌਲੀਵੁੱਡ ਅਦਾਕਾਰਾ ਪਰੀਨਿਤੀ ਚੋਪੜਾ ਅਤੇ ‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਸੋਮਵਾਰ ਨੂੰ ਖ਼ੁਲਾਸਾ ਕੀਤਾ ਹੈ ਕਿ ਉਹ ਦੋਵੇਂ ਮਾਪੇ ਬਣਨ ਵਾਲੇ ਹਨ। ਇਸ ਜੋੜੇ ਨੇ ਇੰਸਟਾਗ੍ਰਾਮ ’ਤੇ ਕੇਕ ਦੀ ਤਸਵੀਰ ਪਾਈ ਹੈ। ਇਸ ਉੱਪਰ ‘1 1= 3’ ਲਿਖਿਆ ਹੋਇਆ ਹੈ। ਇਸ ਤਸਵੀਰ ਨਾਲ ਉਨ੍ਹਾਂ ਇੱਕ ਕੈਪਸ਼ਨ ਪਾਈ ਹੈ ਜਿਸ ਉੱਪਰ ਲਿਖਿਆ ਹੈ ‘ਸਾਡੀ ਛੋਟੀ ਜਿਹੀ ਦੁਨੀਆਂ ਦੀ ਸ਼ੁਰੂਆਤ ਹੋਣ ਵਾਲੀ ਹੈ। ਇਸ ਖ਼ੁਸ਼ੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।’ ਇਹ ਜੋੜੇ ਨੇ ਸਾਲ 2023 ਵਿੱਚ ਵਿਆਹ ਕਰਵਾਇਆ ਸੀ। ਇਨ੍ਹਾਂ ਦੇ ਵਿਆਹ ਦੀਆਂ ਰਸਮਾਂ ਉਦੈਪੁਰ ਵਿੱਚ ਹੋਈਆਂ ਸਨ। ਪਰੀਨੀਤੀ ਨੂੰ ਸਾਲ 2024 ਵਿੱਚ ਇਮਤਿਆਜ਼ ਅਲੀ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਵਿੱਚ ਦਿਲਜੀਤ ਦੁਸਾਂਝ ਨਾਲ ਦੇਖਿਆ ਗਿਆ ਸੀ। ਮੌਜੂਦਾ ਸਮੇਂ ਉਹ ਨੈੱਟਫਲਿਕਸ ’ਤੇ ਆਉਣ ਵਾਲੇ ਆਪਣੇ ਸ਼ੋਅ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਇਸ ਵਿੱਚ ਤਾਹਿਰ ਰਾਜ ਭਸੀਨ ਵੀ ਨਜ਼ਰ ਆਵੇਗਾ। ਇਸ ਦਾ ਨਿਰਦੇਸ਼ਨ ਰੇਂਜ਼ਿਲ ਡੀ’ ਸਿਲਵਾ ਵੱਲੋਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਚੱਢਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ।