‘ਹੇਰਾ ਫੇਰੀ-3’ ਵਿੱਚ ਪਰੇਸ਼ ਰਾਵਲ ਦੀ ਵਾਪਸੀ
ਨਵੀਂ ਦਿੱਲੀ:
ਬੌਲੀਵੁੱਡ ਦੇ ਦਿੱਗਜ ਅਦਾਕਾਰ ਪਰੇਸ਼ ਰਾਵਲ ਨੇ ਕਾਮੇਡੀ ਫਿਲਮ ‘ਹੇਰਾ ਫੇਰੀ-3’ ਵਿੱਚ ਖੁਦ ਦੀ ਵਾਪਸੀ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਸਾਰਾ ਮਸਲਾ ਸੁਲਝ ਗਿਆ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਪਰੇਸ਼ ਰਾਵਲ ਨੇ ਫਿਲਮ ਦੇ ਤੀਜੇ ਭਾਗ ’ਚ ਕੰਮ ਨਾ ਕਰਨ ਦਾ ਐਲਾਨ ਕੀਤਾ ਸੀ। ਹੁਣ ਨਵੇਂ ਐਲਾਨ ਤੋਂ ਬਾਅਦ ਰਾਵਲ ਮੁੜ ਫਿਲਮਸਾਜ਼ ਪ੍ਰਿਯਦਰਸ਼ਨ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇਸ ਫਿਲਮ ਵਿੱਚ ਅਕਸ਼ੈ ਕੁਮਾਰ, ਸੁਨੀਸ਼ ਸ਼ੈੱਟੀ ਦੇ ਨਾਲ ਕੰਮ ਕਰਨਗੇ। ਦੱਸਣਯੋਗ ਹੈ ਕਿ ਅਦਾਕਾਰ ਅਕਸ਼ੈ ਕੁਮਾਰ ਵੀ ਆਪਣੀ ਕੰਪਨੀ ‘ਕੇਪ ਆਫ ਗੁੱਡ ਫਿਲਮਜ਼’ ਰਾਹੀਂ ਇਸ ਫਿਲਮ ਦੇ ਨਿਰਮਾਤਾ ਹਨ, ਉਨ੍ਹਾਂ ਪਰੇਸ਼ ਰਾਵਲ ਵੱਲੋਂ ਫਿਲਮ ਤੋਂ ਵੱਖਰੇ ਹੋਣ ਬਾਰੇ ਕੀਤੇ ਐਲਾਨ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਫਿਲਮ ਨਾਲ ਮੁੜ ਜੁੜਨ ਬਾਰੇ ਪਰੇਸ਼ ਰਾਵਲ ਨੇ ਪੌਡਕਾਸਟ ਦੌਰਾਨ ਜਾਣਕਾਰੀ ਸਾਂਝੀ ਕੀਤੀ। ਪਰੇਸ਼ ਰਾਵਲ ਨੇ ਅਕਸ਼ੈ ਵੱਲੋਂ ਕੀਤੇ ਕੇਸ ਬਾਰੇ ਕਿਹਾ ਕਿ ਹੁਣ ਕੋਈ ਵਿਵਾਦ ਨਹੀਂ ਹੈ। ਅਕਸ਼ੈ ਨੇ ਰਾਵਲ ਤੋਂ 25 ਕਰੋੜ ਦਾ ਹਰਜਾਨਾ ਮੰਗਿਆ ਸੀ। ਰਾਵਲ ਨੇ ਇਹ ਵੀ ਕਿਹਾ ਕਿ ਮੇਰਾ ਬੱਸ ਇਹੀ ਮਸ਼ਵਰਾ ਸੀ ਕਿ ਸਾਰੇ ਇਕੱਠੇ ਹੋ ਕੇ ਮਿਹਨਤ ਕਰਨ ਤੇ ਨਾਲ-ਨਾਲ ਆਉਣ, ਹੋਰ ਕੁਝ ਨਹੀਂ, ਹੁਣ ਸਾਰਾ ਮਸਲਾ ਸੁਲਝ ਗਿਆ ਹੈ।’ -ਪੀਟੀਆਈ