ਮਨੁੱਖ ਦੀ ਸਿਹਤ ਨਾਲ ਜੁੜੀਆਂ ਕੌਮਾਂਤਰੀ ਸੰਸਥਾਵਾਂ ਵੱਲੋਂ ਅਕਸਰ ਸਾਡੇ ਚੁਗਿਰਦੇ ਵਿਚਲੀ ਮਲੀਨਤਾ ਸਬੰਧੀ ਅੰਕੜੇ ਪੇਸ਼ ਕਰ ਕੇ ਜੀਵਾਂ ਨੂੰ ਸੁਚੇਤ ਕੀਤਾ ਜਾਂਦਾ ਰਿਹਾ ਹੈ। ਹਾਲ ਹੀ ਵਿੱਚ ਵਿਸ਼ਵ ਸਿਹਤ ਸੰਗਠਨ ਵੱਲੋਂ ਹਵਾ ਦੀ ਗੁਣਵੱਤਾ ਸਬੰਧੀ ਜਾਰੀ ਸਰਵੇਖਣ ਵਿੱਚ ਹੈਰਾਨ ਅਤੇ ਚੌਕੰਨਾ ਕਰਨ ਵਾਲੇ ਅੰਕੜੇ ਪੇਸ਼ ਕੀਤੇ ਗਏ ਹਨ। ਇਹ ਅੰਕੜੇ ਸੰਸਾਰ ਭਰ ਦੇ ਛੇ ਹਜ਼ਾਰ ਦੇ ਕਰੀਬ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚੋਂ ਇਕੱਠੇ ਕੀਤੇ ਗਏ ਸਨ। ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਦੀ ਕੁੱਲ ਆਬਾਦੀ ਦੇ 99 ਫ਼ੀਸਦ ਲੋਕ ਅਜਿਹੀ ਹਵਾ ਵਿੱਚ ਸਾਹ ਲੈਂਦੇ ਹਨ ਜਿਸ ਦੀ ਗੁਣਵੱਤਾ ਸ਼ੁੱਧਤਾ ਦੇ ਪ੍ਰਮਾਣਿਕ ਮਾਪਦੰਡਾਂ ਉੱਤੇ ਕਿਸੇ ਵੀ ਤਰੀਕੇ ਨਾਲ ਪੂਰੀ ਨਹੀਂ ਉੱਤਰਦੀ ਹੈ; ਭਾਵ, ਸਮੁੱਚੀ ਦੁਨੀਆ ਗੰਧਲੀ ਹਵਾ ਵਿੱਚ ਸਾਹ ਲੈਣ ਨੂੰ ਮਜਬੂਰ ਹੋ ਰਹੀ ਹੈ।ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਆਮ ਲੋਕਾਂ ਵੱਲੋਂ ਸਾਹ ਵਾਸਤੇ ਲਈ ਜਾਂਦੀ ਹਵਾ ਅਜਿਹੇ ਕਣਾਂ ਨਾਲ ਭਰਪੂਰ ਹੁੰਦੀ ਹੈ ਜੋ ਆਦਮੀ ਦੇ ਖ਼ੂਨ ਦੀਆਂ ਨਾਲੀਆਂ ਵਿੱਚ ਦਾਖ਼ਲ ਹੋ ਕੇ ਭਿਆਨਕ ਰੋਗਾਂ ਦਾ ਕਾਰਨ ਬਣਦੇ ਹਨ। ਰਿਪੋਰਟ ਵਿੱਚ ਖ਼ਾਸ ਕਰ ਕੇ ਮੱਧ-ਪੂਰਬੀ ਦੇਸ਼ਾਂ (ਜਿਵੇਂ ਜਾਰਡਨ, ਮਿਸਰ, ਲਿਬਨਾਨ, ਸੀਰੀਆ, ਇਜ਼ਰਾਈਲ ਆਦਿ), ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ (ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਿਲ ਹੈ) ਅਤੇ ਅਫਰੀਕੀ ਦੇਸ਼ਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਸੰਸਾਰ ਭਰ ਵਿੱਚ ਸਭ ਤੋਂ ਜ਼ਿਆਦਾ ਖ਼ਰਾਬ ਹੈ।ਸੰਗਠਨ ਦੀ ਵਾਤਾਵਰਨ ਸਬੰਧੀ ਮਹਿਕਮੇ ਦੀ ਮੁਖੀ ਨੇ ਦੱਸਿਆ ਹੈ ਕਿ ਹਵਾ ਦੇ ਪ੍ਰਦੂਸ਼ਣ ਤੋਂ ਪੈਦਾ ਹੋਈਆਂ ਬਿਮਾਰੀਆਂ ਕਰ ਕੇ ਹਰ ਸਾਲ 70 ਲੱਖ ਦੇ ਕਰੀਬ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ, ਜਿਨ੍ਹਾਂ ਨੂੰ ਸਵੱਛ ਊਰਜਾ ਦੇ ਕੇ ਬਚਾਇਆ ਜਾ ਸਕਦਾ ਹੈ। ਸਵੱਛ ਊਰਜਾ ਤੋਂ ਭਾਵ ਹੈ, ਊਰਜਾ ਦੇ ਉਹ ਸਾਧਨ ਜਿਨ੍ਹਾਂ ਤੋਂ ਊਰਜਾ ਤਿਆਰ ਕਰਨ ਲੱਗਿਆਂ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਪੈਦਾ ਨਹੀਂ ਹੁੰਦਾ ਹੈ; ਜਿਵੇਂ ਪੌਣ ਊਰਜਾ, ਜਲ ਊਰਜਾ, ਸੌਰ ਊਰਜਾ ਆਦਿ।ਵਿਸ਼ਵ ਸਿਹਤ ਸੰਗਠਨ ਨੇ ਆਮ ਲੋਕਾਂ ਦੀ ਸਿਹਤ ਉੱਤੇ ਮਾੜਾ ਅਸਰ ਪਾਉਣ ਲਈ ਹਵਾ ਵਿੱਚ ਲਟਕਦੇ ਬਰੀਕ ਕਣਾਂ, ਜਿਨ੍ਹਾਂ ਨੂੰ ਪੀਐੱਮ-2.5 ਅਤੇ ਪੀਐੱਮ-10 ਕਣਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਨਾਈਟ੍ਰੋਜਨ ਡਾਈਆਕਸਾਈਡ ਗੈਸ ਨੂੰ ਜ਼ਿੰਮੇਵਾਰ ਦੱਸਿਆ ਹੈ। ਜ਼ਿਕਰਯੋਗ ਹੈ ਕਿ ਇਹ ਕਣ ਆਵਾਜਾਈ ਦੇ ਸਾਧਨਾਂ, ਪਾਵਰ ਪਲਾਂਟਾਂ, ਉਦਯੋਗਾਂ ਵਿੱਚ ਵਰਤੇ ਜਾਂਦੇ ਬਾਲਣਾਂ ਜਿਵੇਂ ਕੋਲਾ, ਤੇਲ ਆਦਿ ਦੇ ਬਲਣ ਕਾਰਨ ਅਤੇ ਕੂੜੇ ਨੂੰ ਅੱਗ ਲਗਾਉਣ ਤੇ ਖੇਤੀਬਾੜੀ ਆਦਿ ਤੋਂ ਉਪਜਦੇ ਹਨ। ਇਨ੍ਹਾਂ ਕਣਾਂ ਤੋਂ ਵਿਕਾਸਸ਼ੀਲ ਦੇਸ਼ਾਂ ਦੇ ਲੋਕ ਪ੍ਰਭਾਵਿਤ ਹੋਏ ਹਨ। ਭਾਰਤ ਵਿੱਚ ਪੀਐੱਮ-10 ਕਣਾਂ ਦੀ ਜ਼ਿਆਦਾ ਮਾਤਰਾ ਹੁੁੰਦੀ ਹੈ; ਚੀਨ ਵਿੱਚ ਪੀਐੱਮ-2.5 ਕਣਾਂ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਧਿਆਨ ਦੇਣ ਯੋਗ ਹੈ ਕਿ ਪੀਐੱਮ-2.5 ਕਣ ਆਕਾਰ ਵਿੱਚ ਛੋਟੇ ਹੋਣ ਕਰ ਕੇ ਫੇਫੜਿਆਂ ਵਿੱਚੋਂ ਜਾਂਦੇ ਹੋਏ ਖ਼ੂਨ ਵਾਲੀ ਨਾਲੀਆਂ ਰਾਹੀਂ ਦਿਲ ਤੇ ਦਿਮਾਗ ਪ੍ਰਣਾਲੀਆਂ ਵਿੱਚ ਦਾਖ਼ਲ ਹੋ ਕੇ ਦਿਲ ਦਾ ਦੌਰਾ, ਦਿਮਾਗ ਦਾ ਸਟ੍ਰੋਕ ਅਤੇ ਦਮੇ ਵਰਗੇ ਭਿਆਨਕ ਰੋਗਾਂ ਨੂੰ ਜਨਮ ਦਿੰਦੇ ਹਨ।ਸੰਸਾਰ ਭਰ ਦੇ ਸਭ ਤੋਂ ਵੱਧ ਪ੍ਰਦੂਸ਼ਿਤ 100 ਸ਼ਹਿਰਾਂ ਵਿੱਚੋਂ 63 ਸ਼ਹਿਰ ਤਾਂ ਇੱਕਲੇ ਭਾਰਤ ਵਿੱਚ ਹੀ ਹਨ। ਇਨ੍ਹਾਂ ਵਿੱਚੋਂ ਕੁਝ ਸ਼ਹਿਰ ਜਿਵੇਂ ਮਹਾਂਰਾਸ਼ਟਰ ਦਾ ਸ਼ਹਿਰ ਭਿਵੰਡੀ, ਦੇਸ਼ ਦੀ ਰਾਜਧਾਨੀ ਦਿੱਲੀ, ਗਾਜ਼ੀਆਬਾਦ, ਨੋਇਡਾ, ਫ਼ਰੀਦਾਬਾਦ, ਜੌਨ੍ਹਪੁਰ, ਬਾਗਪਤ ਅਤੇ ਹਿਸਾਰ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। ਦਿੱਲੀ ਤਾਂ ਸੰਸਾਰ ਭਰ ਦੇ ਦੇਸ਼ਾਂ ਦੀਆਂ ਰਾਜਧਾਨੀਆਂ ਵਿੱਚੋਂ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਰਾਜਧਾਨੀ ਦੱਸੀ ਗਈ ਹੈ ਜਿੱਥੇ ਹਰ ਸਾਲ ਪ੍ਰਦੂਸ਼ਣ ਦਾ ਪੱਧਰ ਪਿਛਲੇ ਸਾਲ ਦੇ ਪ੍ਰਦੂਸ਼ਣ ਮੁਕਾਬਲੇ 15 ਫ਼ੀਸਦ ਵਧ ਜਾਂਦਾ ਹੈ। ਇਹ ਸਚਾਈ ਹੈ ਕਿ ਭਾਰਤ ਵਿੱਚ ਤੇਜ਼ੀ ਨਾਲ ਹੋ ਰਹੀ ਆਰਥਿਕ ਤਰੱਕੀ ਲਈ ਉਦਯੋਗਾਂ ਦਾ ਵਿਕਾਸ ਬਹੁਤ ਜ਼ਰੂਰੀ ਹੈ। ਸਾਲ 2000 ਤੋਂ ਬਾਅਦ ਊਰਜਾ ਦੀ ਖਪਤ ਤੇਜ਼ੀ ਨਾਲ ਵਧੀ ਹੈ। ਕੌਮਾਂਤਰੀ ਊਰਜਾ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੇ ਸ਼ਹਿਰੀਕਰਨ ਅਤੇ ਉਦਯੋਗੀਕਰਨ ਕਾਰਨ ਦੇਸ਼ ਵਿੱਚ ਊਰਜਾ ਦੀ ਮੰਗ ਹਰ ਸਾਲ 3 ਫ਼ੀਸਦ ਦੇ ਹਿਸਾਬ ਨਾਲ ਵਧ ਰਹੀ ਹੈ। ਭਾਰਤ ਅੱਜ ਦੁਨੀਆ ਦਾ ਤੀਜਾ ਸਭ ਤੋਂ ਵਧ ਊਰਜਾ ਖਪਤ ਕਰਨ ਵਾਲਾ ਦੇਸ਼ ਬਣ ਚੁੱਕਾ ਹੈ। ਅੱਜ ਵੀ ਸਾਡੀਆਂ 80 ਫ਼ੀਸਦ ਊਰਜਾ ਲੋੜਾਂ ਪ੍ਰਦੂਸ਼ਣ ਪੈਦਾ ਕਰਨ ਵਾਲੇ ਰਵਾਇਤੀ ਬਾਲਣਾਂ ਜਿਵੇਂ ਕੋਲਾ, ਡੀਜ਼ਲ, ਪੈਟਰੋਲ ਆਦਿ ਤੋਂ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ। ਸਮੁੱਚੇ ਸੰਸਾਰ ਵਿੱਚ ਅੱਜ ਵੀ 90 ਫ਼ੀਸਦ ਕਾਰਬਨ ਡਾਈਆਕਸਾਈਡ ਅਤੇ ਮਿਥੇਨ ਗੈਸਾਂ ਉਕਤ ਰਵਾਇਤੀ ਬਾਲਣਾਂ ਤੋਂ ਹੀ ਪੈਦਾ ਹੁੰਦੀਆਂ ਹਨ ਜੋ ਆਲਮੀ ਤਪਸ਼ ਪੈਦਾ ਕਰਨ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਊਰਜਾ ਦੇ ਇਨ੍ਹਾਂ ਰਵਾਇਤੀ ਸਾਧਨਾਂ ਦੀ ਵਰਤੋਂ ਨੂੰ ਫੌਰੀ ਤੌਰ ’ਤੇ ਘੱਟ ਕਰ ਕੇ ਸਵੱਛ ਸਾਧਨਾਂ ਜਿਵੇਂ ਸੌਰ ਊਰਜਾ, ਪਰਮਾਣੂ ਊਰਜਾ ਅਤੇ ਪੌਣ ਊਰਜਾ ’ਤੇ ਜ਼ੋਰ ਦੇਣ ਦੀ ਲੋੜ ਹੈ।ਜਿੱਥੋਂ ਤੱਕ ਸਮੱਸਿਆ ਦੇ ਹੱਲ ਲੱਭਣ ਦੀ ਗੱਲ ਹੈ ਤਾਂ ਦਿੱਲੀ ਸਥਿਤ ਊਰਜਾ ਅਤੇ ਵਾਤਾਵਰਨ ਕੌਂਸਲ ਦੇ ਮਾਹਿਰ ਵਿਗਿਆਨੀਆਂ ਵੱਲੋਂ ਦੇਸ਼ ਦੀ ਸਰਕਾਰ, ਉਦਯੋਗਾਂ, ਉੱਚ ਅਫਸਰਾਂ ਅਤੇ ਆਮ ਜਨਤਾ ਨੂੰ ਸਾਂਝੇ ਤੌਰ ’ਤੇ ਹੰਭਲਾ ਮਾਰਨ ਲਈ ਸੁਚੇਤ ਹੋਣ ਲਈ ਕਿਹਾ ਹੈ। ਵਿਸ਼ਾ ਮਾਹਿਰਾਂ ਦਾ ਵਿਚਾਰ ਹੈ ਕਿ ਊਰਜਾ, ਉਦਯੋਗ ਅਤੇ ਆਵਾਜਾਈ ਦੇ ਖੇਤਰ ਵਿੱਚ ਵੱਡੀ ਤਬਦੀਲੀ ਲਿਆਉਣ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਲਾ, ਪੈਟਰੋਲ ਤੇ ਡੀਜ਼ਲ ਵਰਗੇ ਧੂੰਆਂ ਪੈਦਾ ਕਰਨ ਵਾਲੇ, ਮਹੀਨ ਕਣ ਛੱਡਣ ਵਾਲੇ ਅਤੇ ਪ੍ਰਦੂਸ਼ਣ ਗੈਸਾਂ ਛੱਡਣ ਵਾਲੇ ਬਾਲਣਾਂ ਦੀ ਵਰਤੋਂ ਘਟਾ ਕੇ ‘ਗ੍ਰੀਨ ਤੇ ਕਲੀਨ ਊੁਰਜਾ’ ਭਾਵ ਸਵੱਛ ਊਰਜਾ ਦੀ ਵਰਤੋਂ ਉੱਤੇ ਜ਼ੋਰ ਦੇਣਾ ਪਏਗਾ। ਵਿਗਿਆਨੀਆਂ ਦਾ ਪੱਕਾ ਯਕੀਨ ਹੈ ਕਿ ਜਲਦ ਹੀ ਸਾਨੂੰ ਪੌਣ ਊਰਜਾ, ਸੌਰ ਊਰਜਾ ਅਤੇ ਪਰਮਾਣੂ ਊਰਜਾ ਅਪਣਾਉਣੀ ਪਏਗੀ। ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਜਗ੍ਹਾ ਈ-ਵਾਹਨਾਂ, ਭਾਵ, ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਵਧਾਉਣੀ ਪਏਗੀ।ਸੂਰਜ ਤੋਂ ਪ੍ਰਾਪਤ ਹੁੰਦੀ ਊਰਜਾ ਸਾਫ਼-ਸੁਥਰੀ, ਮੁਫ਼ਤ ਅਤੇ ਭਰਪੂਰ ਮਾਤਰਾ ਵਿੱਚ ਉਪਲੱਬਧ ਹੁੰਦੀ ਹੈ, ਜਿਸ ਨੂੰ ਹਰੀ ਊਰਜਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਰੀ ਊਰਜਾ ਦੇ ਹੋਰ ਸ੍ਰੋਤ ਹਨ- ਪੌਣ ਚੱਕੀ ਅਤੇ ਪਣ-ਬਿਜਲੀ। ਸਰਕਾਰ ਵੱਲੋਂ ਛੱਤਾਂ ਉੱਤੇ ਸੌਰ ਪੈਨਲ ਲਗਾਉਣ ਦੀ ਗੱਲ ਆਖੀ ਜਾ ਰਹੀ ਹੈ। ਲੋੜ ਹੈ, ਇਸ ਨੂੰ ਸਸਤਾ ਕਰ ਕੇ ਅਤੇ ਇਸ ਉੱਪਰ ਸਬਸਿਡੀ ਦੇ ਕੇ, ਇਸ ਨੂੰ ਲੋਕ ਪੱਖੀ ਬਣਾ ਕੇ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਂਦਾ ਜਾਏ। ਬਿਜਲੀ ਨਾਲ ਚੱਲਣ ਵਾਲੇ ਈ-ਵਾਹਨਾਂ ਦਾ ਉਤਪਾਦਨ ਵਧਾਇਆ ਜਾਏ ਅਤੇ ਇਨ੍ਹਾਂ ਦੀ ਕੀਮਤ ਘੱਟ ਕੀਤੀ ਜਾਏ। ਪੰਦਰਾਂ ਸਾਲਾਂ ਤੋਂ ਵੱਧ ਪੁਰਾਣੇ ਹੋ ਚੁੱਕੇ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੇ ਮਾਲਕਾਂ ਨੂੰ ਵਾਹਨ ਬਦਲਣ ਲਈ ਸਸਤੇ ਦਰਾਂ ’ਤੇ ਕਰਜ਼ੇ ਦਿੱਤੇ ਜਾਣ।ਵਾਤਾਵਰਨ ਵਿਗਿਆਨੀਆਂ ਵੱਲੋਂ ਆਮ ਲੋਕਾਂ ਨੂੰ ਆਪਣੇ ਜੀਵਨ ਵਿੱਚ ਕੁਝ ਵਾਤਾਵਰਨ ਪੱਖੀ ਢੰਗ ਤਰੀਕੇ ਅਮਲ ਵਿੱਚ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਵੇਂ ਰੋਜ਼ਾਨਾ ਕੰਮ-ਕਾਜ ਵਿੱਚ ਕਾਗ਼ਜ਼ਾਂ ਦੀ ਵਰਤੋਂ ਦੀ ਬਜਾਏ ਇਲੈੱਕਟ੍ਰੌਨਿਕ ਜਾਂ ਡਿਜੀਟਲ ਸਾਧਨਾਂ ਦੀ ਵਰਤੋਂ ਕਰਨਾ, ਆਵਾਜਾਈ ਦੇ ਜਨਤਕ ਸਾਧਨਾਂ ਦੀ ਵਰਤੋਂ ਕਰਨਾ, ਘੱਟ ਮੀਟ ਖਾਣਾ, ਜਹਾਜ਼ ਦਾ ਸਫ਼ਰ ਘੱਟ ਤੋਂ ਘੱਟ ਕਰਨਾ, ਘਰਾਂ ਵਿੱਚ ਐੱਲਈਡੀ ਬੱਲਬਾਂ ਦੀ ਹੀ ਵਰਤੋਂ ਕਰਨਾ, ਘਰਾਂ ਤੇ ਦਫ਼ਤਰਾਂ ਵਿੱਚ ਏਸੀ ਦੀ ਵਰਤੋਂ ਵਾਜਿਬ ਤਰੀਕੇ ਨਾਲ ਕਰਨਾ ਆਦਿ।ਸੰਪਰਕ: 62842-20595