‘ਬਾਰਡਰ-2’ ਵਿੱਚ ਦਿਲਜੀਤ ਦੀ ਕਾਸਟਿੰਗ ’ਤੇ ਇਤਰਾਜ਼
ਨਵੀਂ ਦਿੱਲੀ:
ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸੀਨੇ ਐਂਪਲਾਈਜ਼ (ਐੱਫਡਬਲਿਊਆਈਸੀਈ) ਨੇ ‘ਬਾਰਡਰ-2’ ਵਿੱਚ ਦਿਲਜੀਤ ਦੋਸਾਂਝ ਦੀ ਕਾਸਟਿੰਗ ’ਤੇ ਇਤਰਾਜ਼ ਕੀਤਾ ਹੈ। ਦਿਲਜੀਤ ਆਪਣੀ ਨਵੀਂ ਫਿਲਮ ‘ਸਰਦਾਰ ਜੀ-3’ ਕਾਰਨ ਵਿਵਾਦਾਂ ’ਚ ਘਿਰਿਆ ਹੋਇਆ ਹੈ, ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੇ ਭੂਮਿਕਾ ਨਿਭਾਈ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਿਲਜੀਤ ਦੋਸਾਂਝ ਨੇ ਇਸ ਹਫ਼ਤੇ ਆਪਣੀ ਫਿਲਮ ‘ਸਰਦਾਰ ਜੀ-3’ ਦਾ ਟ੍ਰੇਲਰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ। ਇਸ ਤੋਂ ਬਾਅਦ ਕੁਝ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਫਿਲਮ ਦੇ ਬਾਈਕਾਟ ਦੀ ਮੰਗ ਕੀਤੀ। ਹੁਣ ਇਹ ਫਿਲਮ 27 ਜੂਨ ਨੂੰ ਸਿਰਫ਼ ਵਿਦੇਸ਼ਾਂ ’ਚ ਰਿਲੀਜ਼ ਹੋਵੇਗੀ। ਫੈਡਰੇਸ਼ਨ ਨੇ ਕੱਲ੍ਹ ਸ਼ਾਮ ‘ਬਾਰਡਰ 2’ ਦੇ ਨਿਰਮਾਤਾਵਾਂ ਨੂੰ ਭੇਜੇ ਪੱਤਰ ਵਿੱਚ ਕਿਹਾ ਕਿ ਉਹ ਫਿਲਮ ’ਚ ਦੋਸਾਂਝ ਦੀ ਕਾਸਟਿੰਗ ਤੋਂ ਬਹੁਤ ਨਿਰਾਸ਼ ਅਤੇ ਚਿੰਤਤ ਹੈ। ਪੱਤਰ ਵਿੱਚ ਗਿਆ ਕਿਹਾ ਕਿ ਫਿਲਮ ਵਿੱਚ ਭੂਮਿਕਾਵਾਂ ਨੂੰ ਲੈ ਕੇ ਅਦਾਕਾਰਾਂ ਦੀ ਚੋਣ ਦਾ ਫ਼ੈਸਲਾ ਸਿੱਧੇ ਤੌਰ ’ਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸੀਨੇ ਐਂਪਲਾਈਜ਼ ਦੇ ਦਿਲਜੀਤ ਦੇ ਬਾਈਕਾਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ। -ਪੀਟੀਆਈ