ਸ਼ੁਧ ਅਤੇ ਸਾਫ਼ ਵਾਤਾਵਰਨ ਦੀ ਲੋੜ
ਸਤਬੀਰ ਸਿੰਘ ਧਾਮੀ
ਪੰਜਾਬ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੇ ਸ਼ੁੱਧ ਪਾਣੀ ਨੂੰ ਵੀ ਅਸੀਂ ਗੰਧਲਾ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਸ਼ਹਿਰਾਂ-ਕਸਬਿਆਂ ਵਿੱਚ ਛੋਟੇ-ਵੱਡੇ ਕਾਰਖਾਨਿਆਂ ਦਾ ਗੰਦਾ ਪਾਣੀ ਨਾਲਿਆਂ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਵਿੱਚ ਜ਼ਹਿਰੀਲੇ ਮਾਦੇ ਦੀ ਤਾਦਾਦ ਦਿਨੋ-ਦਿਨ ਵਧ ਰਹੀ ਹੈ। ਪਿਛਲੇ ਸਮੇਂ ਵਿੱਚ ਦਰਿਆਵਾਂ ਦੇ ਪਾਣੀ ਨੂੰ ਸ਼ੁੱਧ ਸਮਝ ਕੇ ਪੀਣ ਦੇ ਨਾਲ-ਨਾਲ ਇਸ਼ਨਾਨ ਕਰਨ ਨਾਲ ਰਾਹਤ ਮਹਿਸੂਸ ਹੁੰਦੀ ਸੀ, ਲੇਕਿਨ ਹੁਣ ਇਸ ਤਰ੍ਹਾਂ ਕਰਨ ਨਾਲ ਭਿਆਨਕ ਬਿਮਾਰੀਆਂ ਨੂੰ ਸੱਦਾ ਦੇਣਾ ਰਹਿ ਗਿਆ ਹੈ। ਕੌੜਾ ਸੱਚ ਤਾਂ ਇਹ ਹੈ ਕਿ ਇਨ੍ਹਾਂ ਦਰਿਆਵਾਂ ਦਾ ਪਾਣੀ ਪਸ਼ੂਆਂ ਦੇ ਪੀਣ ਯੋਗ ਵੀ ਨਹੀਂ ਰਿਹਾ, ਨਾ ਹੀ ਫਸਲਾਂ ਦੇ ਯੋਗ ਹੈ। ਜੇ ਇਹ ਪਾਣੀ ਫਲਦਾਰ ਬੂਟਿਆਂ ਜਾਂ ਸਬਜ਼ੀਆਂ ਨੂੰ ਦੇ ਦਿੱਤਾ ਜਾਵੇ ਤਾਂ ਭਿਆਨਕ ਬਿਮਾਰੀ ਲੱਗ ਸਕਦੀ ਹੈ। ਇਸ ਲਈ ਅਸੀਂ ਅੱਜ ਤਬਾਹੀ ਦੇ ਕੰਢੇ ਖੜ੍ਹੇ ਹਾਂ। ਹਰ ਦਿਨ ਕੁਦਰਤੀ ਵਾਤਾਵਰਨ ਨੂੰ ਵਿਗਾੜਨ ਵਾਲੇ ਪਾਸੇ ਲਿਜਾ ਰਹੇ ਹਾਂ।
ਜ਼ਿਆਦਾ ਸਮਾਂ ਨਹੀਂ ਹੋਇਆ ਜਦੋਂ ਸਾਰੇ ਸੂਬਿਆਂ ਵਿੱਚੋਂ ਪੰਜਾਬ ਦਾ ਪੌਣ-ਪਾਣੀ ਤੇ ਵਾਤਾਵਰਨ ਮਨੁੱਖੀ ਸਿਹਤ ਲਈ ਗੁਣਵੱਤਾ ਭਰਪੂਰ ਸੀ, ਪਰ ਹੁਣ ਸ਼ਹਿਰਾਂ ਤਾਂ ਕੀ, ਪਿੰਡਾਂ ਵਿੱਚ ਵੀ ਪ੍ਰਦੂਸ਼ਣ ਘੱਟ ਨਹੀਂ। ਫਸਲਾਂ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਾ ਕੇ ਅਸੀਂ ਪ੍ਰਦੂਸ਼ਣ ਵਿੱਚ ਹੋਰ ਵਾਧਾ ਕਰਦੇ ਹਾਂ। ਮਨੁੱਖ ਦੇ ਤੰਦਰੁਸਤ ਜੀਵਨ ਲਈ ਪਾਣੀ ਅਤੇ ਹਵਾ ਸਭ ਤੋਂ ਅਹਿਮ ਹਨ। ਅਕਾਸ਼ ਵਿੱਚ ਪ੍ਰਦੂਸ਼ਣ ਕਈ ਅਜਿਹੀਆਂ ਬਿਮਾਰੀਆਂ ਪੈਦਾ ਕਰ ਰਿਹਾ ਹੈ, ਜਿਸ ਦਾ ਅੰਤ ਮੌਤ ਹੀ ਹੈ। ਵੱਡੇ-ਵੱਡੇ ਸ਼ਹਿਰਾਂ ਦੀਆਂ ਨਵੀਆਂ ਕਲੋਨੀਆਂ ਅਤੇ ਪਿੰਡਾਂ ਵਿੱਚ ਵੀ ਗੰਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਨਹੀਂ। ਫਲਸਰੂਪ, ਦੂਸ਼ਤ ਪਾਣੀ ਪੀਣ ਲਈ ਮਜਬੂਰ ਹੋਣਾ ਪੈਂਦਾ ਹੈ। ਸੀਵਰੇਜ ਸਿਸਟਮ ਠੀਕ ਢੰਗ ਨਾਲ ਨਹੀਂ ਚੱਲਦਾ। ਗੰਦਾ ਪਾਣੀ ਗਲੀਆਂ ਮੁਹੱਲਿਆ ਵਿੱਚ ਖੜ੍ਹਾ ਰਹਿੰਦਾ ਹੈ। ਪਾਣੀ ਨੂੰ ਗੰਧਲਾ ਕਰਨ ਲਈ ਕੁਝ ਕਾਰਖਾਨੇ ਅਤੇ ਫੈਕਟਰੀਆਂ ਵੀ ਪਿੱਛੇ ਨਹੀਂ ਹਨ। ਕਈ ਤਰ੍ਹਾਂ ਦੇ ਤੇਜ਼ਾਬੀ ਤੇ ਜ਼ਹਿਰੀਲੇ ਪਦਾਰਥਾਂ ਵਾਲਾ ਗੰਦਾ ਪਾਣੀ ਖੁੱਲ੍ਹੇਆਮ ਨਾਲਿਆਂ, ਝੀਲਾਂ, ਛੱਪੜਾਂ ਵਿੱਚ ਸੁੱਟਿਆ ਜਾ ਰਿਹਾ ਹੈ। ਹੌਲੀ-ਹੌਲੀ ਇਹ ਗੰਧਲਾ ਪਾਣੀ ਰਿਸ ਕੇ ਜ਼ਮੀਨ ਥੱਲੇ ਜਾਂਦਾ ਹੈ। ਕੁਝ ਥਾਵਾਂ ’ਤੇ ਪਾਣੀ ਇੰਨਾ ਗੰਧਲਾ ਹੋ ਗਿਆ ਹੈ ਕਿ ਪੀਣ ਯੋਗ ਵੀ ਨਹੀਂ।
ਬਹੁਤ ਸਾਰੇ ਸ਼ਹਿਰਾਂ ਦੇ ਗਲੀ ਮੁਹੱਲਿਆਂ ਵਿੱਚ ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਲੋਕ ਘਰਾਂ ਦਾ ਕੂੜਾ ਇਕੱਠਾ ਕਰ ਕੇ ਲਿਫਾਫੇ ਵਿੱਚ ਪਾ ਕੇ ਬਾਹਰ ਗਲੀ ਵਿੱਚ ਸੁੱਟ ਦਿੰਦੇ ਹਨ ਜੋ ਨਾਲੀਆਂ ਵਿੱਚ ਜਾ ਕੇ ਸੀਵਰੇਜ ਬੰਦ ਕਰ ਦਿੰਦੇ ਹਨ। ਫਿਰ ਗੰਦਾ ਪਾਣੀ ਫੈਲਣ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਹਨ। ਰੁੱਖਾਂ ਦੀ ਅੰਨ੍ਹੇਵਾਹ ਕਟਾਈ ਰੋਕਣੀ ਚਾਹੀਦੀ ਹੈ। ਵਿਸ਼ਵ ਪੱਧਰ ’ਤੇ ਮੁਹਿੰਮ ਚਲਾ ਕੇ, ਹਰ ਤਰ੍ਹਾਂ ਦੇ ਰੁੱਖ ਲਗਾ ਕੇ, ਧਰਤੀ ਨੂੰ ਹਰਿਆ-ਭਰਿਆ ਕਰਨਾ ਚਾਹੀਦਾ ਹੈ। ਕੁਝ ਅਜਿਹੇ ਬੂਟੇ-ਬੂਟੀਆਂ ਅਤੇ ਸੰਘਣੀਆਂ ਝਾੜੀਆਂ ਆਪਣੇ ਆਪ ਧਰਤੀ ਉਪਰ ਪੈਦਾ ਹੁੰਦੀਆਂ ਹਨ ਪਰ ਧਰਤੀ ਜ਼ਹਿਰੀਲੀ ਹੋਣ ਕਰ ਕੇ ਇਹ ਕੁਦਰਤੀ ਬੂਟੀਆਂ ਨੂੰ ਪੈਦਾ ਹੋਣ ਅਤੇ ਵਧਣ ਫੁਲਣ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਅਜਿਹੇ ਵਾਤਾਵਰਨ ਵਿੱਚ ਮਨੁੱਖ ਨੂੰ ਨਹੀਂ ਸਗੋਂ ਪਸ਼ੂ-ਪੰਛੀਆਂ ਨੂੰ ਵੀ ਆਪਣਾ ਜੀਵਨ ਬਤੀਤ ਕਰਨ ਲਈ ਕਸ਼ਟ ਝੱਲਣੇ ਪੈ ਰਹੇ ਹਨ।
ਆਮ ਦੇਖਿਆ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਦੀ ਮੌਤ ਪਿੱਛੋਂ ਰੋਜ਼ਾਨਾ ਹੀ ਅਣਗਿਣਤ ਲੱਕੜ ਸਸਕਾਰ ਸਮੇਂ ਵਰਤੀ ਜਾਂਦੀ ਹੈ ਜਦਕਿ ਆਧੁਨਿਕ ਸਮੇਂ ਬਿਜਲੀ ਅਤੇ ਗੈਸ ਰਾਹੀਂ ਸਸਕਾਰ ਕਰਨ ਦੀ ਸਹੀ ਵਿਵਸਥਾ ਹੈ ਪਰ ਆਮ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਠੀਕ ਢੰਗ ਨਾਲ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਕਰ ਕੇ ਇਸ ਵਿਧੀ ਤੋਂ ਲੋਕ ਅਣਜਾਣ ਹਨ। ਇਹ ਆਧੁਨਿਕ ਵਿਧੀ ਅਪਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਰੁੱਖਾਂ ਦੀ ਕਟਾਈ ਨੂੰ ਵੀ ਠੱਲ੍ਹ ਪਵੇਗੀ।
ਵਿਸ਼ਵ ਭਰ ਵਿੱਚ ਫਸਲਾਂ ਬਚਾਉਣ ਲਈ ਬੇਹਿਸਾਬ ਅਤਿ ਜ਼ਹਿਰੀਲੀਆਂ ਕੀਟਨਾਸ਼ਕਾਂ ਦੀ ਵਰਤੋਂ ਕਰ ਕੇ ਮਨੁੱਖੀ ਸਰੀਰ ਅੰਦਰ ਹੌਲੀ-ਹੌਲੀ ਜ਼ਹਿਰ ਭੇਜਿਆ ਜਾ ਰਿਹਾ ਹੈ। ਇਸ ਦਾ ਟਾਕਰਾ ਵੱਧ ਤੋਂ ਵੱਧ ਰੁੱਖ ਲਾ ਕੇ ਕੀਤਾ ਜਾ ਸਕਦਾ ਹੈ। ਵਾਤਾਵਰਨ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। ਅਜਿਹੇ ਸਮਾਗਮ ਕੇਵਲ ਸਟੇਜਾਂ ਦੀ ਸ਼ਾਨ ਹੀ ਨਾ ਬਣਨ ਬਲਕਿ ਹਰੇਕ ਵਿਅਕਤੀ ਇਸ ਨੂੰ ਅਮਲੀ ਰੂਪ ਦੇਵੇ ਅਤੇ ਇੱਕ ਰੁੱਖ ਲਾਵੇ, ਉਸ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਨਿਭਾਵੇ।
ਸੰਸਾਰ ਭਰ ਵਿੱਚ ਪ੍ਰਦੂਸ਼ਤ ਹੋ ਰਹੇ ਵਾਤਾਵਰਨ ਸਬੰਧੀ ਹਰੇਕ ਵਿਅਕਤੀ ਚਿੰਤਤ ਹੈ। ਸਮੇਂ-ਸਮੇਂ ਸਭਾ ਸੁਸਾਇਟੀਆਂ, ਜਥੇਬੰਦੀਆਂ ਅਤੇ ਸਮਾਜ ਸੇਵਕਾਂ ਵੱਲੋਂ ਪ੍ਰਦੂਸ਼ਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਾਏ ਜਾਂਦੇ ਹਨ, ਸੈਮੀਨਾਰ ਕੀਤੇ ਜਾਂਦੇ ਹਨ ਪਰ ਠੋਸ ਨਤੀਜਾ ਸਾਹਮਣੇ ਨਹੀਂ ਆ ਰਿਹਾ। ਪ੍ਰਦੂਸ਼ਣ ਦੀ ਰੋਕਥਾਮ ਦਾ ਸਹੀ ਹੱਲ ਨਾ ਕਰਨ ਦੀ ਜ਼ਿੰਮੇਵਾਰੀ ਅਸੀਂ ਅਕਸਰ ਸਰਕਾਰਾਂ ’ਤੇ ਸੁੱਟ ਦਿੰਦੇ ਹਾਂ ਜਦਕਿ ਵਾਤਾਵਰਨ ਨੂੰ ਜ਼ਹਿਰੀਲਾ ਬਣਾ ਕੇ ਮਨੁੱਖੀ ਜਾਨਾਂ ਲਈ ਖ਼ਤਰਾਂ ਸਹੇੜਨ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਇਸ ਲਈ ਇਸ ਨੂੰ ਸਾਫ-ਸੁਥਰਾ ਕਰਨ ਦੀ ਜ਼ਿੰਮੇਵਾਰੀ ਸਾਨੂੰ ਖੁਦ ਹੀ ਨਿਭਾਉਣੀ ਪਵੇਗੀ, ਨਹੀਂ ਤਾਂ ਆਉਣ ਵਾਲਾ ਸਮਾਂ ਅਤੇ ਅਗਲੀ ਪੀੜ੍ਹੀ ਸਾਨੂੰ ਮੁਆਫ ਨਹੀਂ ਕਰੇਗੀ।
ਅੱਜ ਕੱਲ੍ਹ ਅਸਮਾਨ ਵਿੱਚ ਨੀਲੇ ਸੁੰਦਰ ਦ੍ਰਿਸ਼ਾਂ ਦੀ ਬਜਾਏ ਕਾਰਖਾਨਿਆਂ, ਫੈਕਟਰੀਆਂ, ਇੱਟਾਂ ਦੇ ਭੱਠਿਆਂ ਦਾ ਧੂੰਆਂ ਨਜ਼ਰੀਂ ਪੈਂਦਾ ਹੈ। ਇਸ ਪ੍ਰਦੂਸ਼ਣ ਨਾਲ ਅਕਾਸ਼ ਤਾਂ ਗੰਧਲਾ ਹੋ ਹੀ ਰਿਹਾ ਹੈ ਪਰ ਅਸੀਂ ਵੀ ਖੰਘ, ਅੱਖਾਂ, ਕੈਂਸਰ, ਦਮਾ ਆਦਿ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਦਰੱਖਤਾਂ ਦੀ ਕਟਾਈ ਅੱਜ ਦੇ ਸਮੇਂ ਵਿੱਚ ਹਾਨੀਕਾਰਕ ਹੈ। ਸਰਕਾਰਾਂ ਸੜਕਾਂ ਦੇ ਕਿਨਾਰੇ 100-100 ਸਾਲ ਪੁਰਾਣੇ ਬੋਹੜ, ਕਿੱਕਰ, ਟਾਹਲੀ ਤੇ ਪਿੱਪਲ ਦੇ ਰੁੱਖਾਂ ਦੀ ਕਟਾਈ ਕਰਵਾ ਦਿੰਦੀ ਹੈ। ਇਸ ਨੁਕਸਾਨ ਦੀ ਪੂਰਤੀ ਵਾਸਤੇ ਨਵੇਂ ਰੁੱਖ ਲਾਉਣ ਲਈ ਅਪੀਲਾਂ-ਦਲੀਲਾਂ ਬਹੁਤ ਹੋ ਰਹੀਆਂ ਹਨ ਪਰ ਨਤੀਜਾ ਸਾਹਮਣੇ ਨਹੀਂ ਦਿਸ ਰਿਹਾ। ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਸੜਕਾਂ ਉਪਰ ਬਿਨਾਂ ਮਤਲਬ ਗੱਡੀਆਂ ਸਟਾਰਟ ਰੱਖਣੀਆਂ, ਪ੍ਰੈਸ਼ਰ ਹਾਰਨ ਵਜਾਉਣੇ, ਘਰਾਂ ਵਿੱਚ ਡੀਜੇ ਉੱਚੀ ਆਵਾਜ਼ ਵਿੱਚ ਲਾਉਣਾ ਅਤੇ ਧਾਰਮਿਕ ਸਥਾਨਾਂ ਦੇ ਬਾਹਰ ਉੱਚੀ ਆਵਾਜ਼ ਵਾਲੇ ਸਪੀਕਰ ਲਾ ਕੇ ਅਸੀਂ ਆਪਣੇ ਚੌਗਿਰਦੇ ਨੂੰ ਹੋਰ ਪ੍ਰਦੂਸ਼ਿਤ ਕਰ ਰਹੇ ਹਾਂ।
ਵਿਗੜ ਚੁੱਕੇ ਵਾਤਾਵਰਨ ਵਿੱਚ ਸੁਰੱਖਿਅਤ ਜੀਵਨ ਬਤੀਤ ਕਰਨ ਲਈ ਸਾਂਝੇ ਤੌਰ ’ਤੇ ਉਪਰਾਲੇ ਕਰਨੇ ਚਾਹੀਦੇ ਹਨ। ਸਰਕਾਰਾਂ ਨੂੰ ਆਪਣੇ ਫਰਜ਼ਾਂ ਦੀ ਪੂਰਤੀ ਸ਼ਿੱਦਤ ਨਾਲ ਕਰਨੀ ਚਾਹੀਦੀ ਹੈ। ਫਸਲਾਂ ਅਤੇ ਸਬਜ਼ੀਆਂ ਵਿੱਚ ਕੀੜੇਮਾਰ ਦਵਾਈਆਂ ਦੀ ਮਾਤਰਾ ਨਿਰਧਾਰਿਤ ਕਰਨੀ ਚਾਹੀਦੀ ਹੈ। ਬੱਸਾਂ, ਟਰੱਕਾਂ ਆਦਿ ਗੱਡੀਆਂ ਜੋ ਧੂੰਆਂ ਮਾਰ-ਮਾਰ ਕੇ ਲੋਕਾਂ ਦਾ ਜੀਵਨ ਨਸ਼ਟ ਕਰ ਰਹੇ ਹਨ, ਉਪਰ ਸਖ਼ਤੀ ਹੋਣੀ ਚਾਹੀਦੀ ਹੈ। ਨਗਰ ਨਿਗਮਾਂ, ਨਗਰ ਪਾਲਿਕਾਵਾਂ ਅਤੇ ਪਿੰਡਾਂ ਦੀ ਪੰਚਾਇਤਾਂ ਨੂੰ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਖਾਲੀ ਥਾਵਾਂ ਉਪਰ ਟਾਹਲੀ, ਪਿੱਪਲ, ਨਿੰਮ ਆਦਿ ਰੁੱਖ ਲਾਉਣੇ ਚਾਹੀਦੇ ਹਨ। ਨਵੇਂ ਕਾਰਖਾਨੇ ਰਿਹਾਇਸ਼ੀ ਇਲਾਕਿਆਂ ਤੋਂ ਬਾਹਰਵਾਰ ਲਾਉਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਨਿਯਮ ਦੀ ਪੂਰੀ ਪਾਲਣਾ ਹੋਵੇ ਤਾਂ ਕਿ ਗੰਦਾ ਤੇਜ਼ਾਬੀ ਮਾਦਾ ਤੇ ਪਾਣੀ ਬਾਹਰ ਨਾ ਜਾਵੇ। ਸਮੇਂ ਦੀ ਲੋੜ ਹੈ ਕਿ ਹਰੇਕ ਵਿਅਕਤੀ ਪ੍ਰਦੂਸ਼ਣ ਦੂਰ ਕਰਨ ਲਈ ਨਿੱਜੀ ਤੌਰ ’ਤੇ ਯੋਗ ਉਪਰਾਲੇ ਕਰੇ। ਸਮਾਜ ਸੇਵਕਾਂ ਅਤੇ ਜਥੇਬੰਦੀਆਂ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਦਮ ਕਰਨ ਵਾਲੇ ਅਜਿਹੇ ਸੱਜਣਾਂ ਨੂੰ ਵਿਸ਼ੇਸ਼ ਮਦਦ ਦੇਣ ਤਾਂ ਜੋ ਇਨ੍ਹਾਂ ਕਾਰਜਾਂ ਵਿੱਚ ਅਸੀਂ ਸਫਲ ਹੋ ਸਕੀਏ।
*ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।
ਸੰਪਰਕ: 98143-56133