ਕੌਮੀ ਫਿਲਮ ਪੁਰਸਕਾਰ: ਸ਼ਾਹਰੁਖ ਤੇ ਵਿਕਰਾਂਤ ਮੈਸੀ ਸਰਵੋਤਮ ਅਦਾਕਾਰ
ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਫਿਲਮ ‘ਜਵਾਨ’ ਵਿੱਚ ਸ਼ਾਨਦਾਰ ਅਦਾਕਾਰੀ ਲਈ ਅੱਜ ਆਪਣੇ ਕਰੀਅਰ ਦਾ ਪਹਿਲਾ ਸਰਵੋਤਮ ਅਦਾਕਾਰ ਦਾ ਕੌਮੀ ਫਿਲਮ ਪੁਰਸਕਾਰ ਜਿੱਤਿਆ ਹੈ। ਖਾਨ ਇਹ ਪੁਰਸਕਾਰ ਅਦਾਕਾਰ ਵਿਕਰਾਂਤ ਮੈਸੀ ਦੇ ਨਾਲ ਸਾਂਝਾ ਕਰਨਗੇ। ਮੈਸੀ ਨੂੰ ‘12ਵੀਂ ਫੇਲ੍ਹ’ ਵਿੱਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਲਈ ਸਰਵੋਤਮ ਅਦਾਕਾਰ ਦੇ ਪੁਰਸਕਾਰ ਵਾਸਤੇ ਚੁਣਿਆ ਗਿਆ ਹੈ। ਰਾਣੀ ਮੁਖਰਜੀ ਨੂੰ ‘ਮਿਸਿਜ਼ ਚੈਟਰਜੀ ਵਰਸੇਜ਼ ਨਾਰਵੇਅ’ ਵਿੱਚ ਨਿਭਾਏ ਗਏ ਕਿਰਦਾਰ ਲਈ ਸਰਵੋਤਮ ਅਦਾਕਾਰਾ ਦੇ ਕੌਮੀ ਫਿਲਮ ਪੁਰਸਕਾਰ ਦਾ ਜੇਤੂ ਐਲਾਨਿਆ ਗਿਆ ਹੈ। ਵਿਧੂ ਵਿਨੋਦ ਚੋਪੜਾ ਵੱਲੋਂ ਨਿਰਦੇਸ਼ਿਤ ‘12ਵੀਂ ਫੇਲ੍ਹ’ ਨੂੰ ਸਰਵੋਤਮ ਫੀਚਰ ਫਿਲਮ ਚੁਣਿਆ ਗਿਆ ਹੈ, ਜਦਕਿ ‘ਦਿ ਕੇਰਲਾ ਸਟੋਰੀ’ ਲਈ ਸੁਦਿਪਤੋ ਸੇਨ ਨੇ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਆਪਣੇ ਨਾਮ ਕੀਤਾ ਹੈ। ਕਰਨ ਜੌਹਰ ਦੀ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਨੂੰ ਸੰਪੂਰਨ ਮਨੋਰੰਜਨ ਲਈ ਸਭ ਤੋਂ ਮਕਬੂਲ ਫਿਲਮ ਦਾ ਕੌਮੀ ਫਿਲਮ ਪੁਰਸਕਾਰ ਮਿਲਿਆ। ਉੱਧਰ, ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ‘ਸੈਮ ਬਹਾਦਰ’ ਨੂੰ ਕੌਮੀ, ਸਮਾਜਿਕ ਅਤੇ ਵਾਤਾਵਰਨ ਕੀਮਤਾਂ ਨੂੰ ਬੜ੍ਹਾਵਾ ਦੇਣ ਵਾਲੀ ਸਭ ਤੋਂ ਵਧੀਆ ਫੀਚਰ ਫਿਲਮ ਦਾ ਪੁਰਸਕਾਰ ਦਿੱਤਾ ਗਿਆ ਹੈ। ‘ਸੈਮ ਬਹਾਦਰ’ ਨੂੰ ਪੁਸ਼ਾਕਾਂ ਅਤੇ ਮੇਕਅਪ ਲਈ ਵੀ ਸਨਮਾਨਿਤ ਕੀਤਾ ਗਿਆ ਹੈ। ਦਿੱਲੀ ਵਿੱਚ ਸਾਲ 2023 ਦੇ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ ਜਿਊਰੀ ਦੇ ਮੁਖੀ ਅਤੇ ਫਿਲਮ ਨਿਰਮਾਤਾ ਆਸ਼ੂਤੋਸ਼ ਗੋਵਾਰਿਕਰ ਨੇ ਕੀਤਾ ਹੈ।