ਦਸਤਾਵੇਜ਼ੀ ‘ਫਾਰ ਫਰਾਮ ਹੋਮ’ ਨਾਲ ਜੁੜੇ ਨਸੀਰੂਦੀਨ ਸ਼ਾਹ
ਬੌਲੀਵੁੱਡ ਦੇ ਉੱਘੇ ਅਦਾਕਾਰ ਨਸੀਰੂਦੀਨ ਸ਼ਾਹ ‘ਫਾਰ ਫਰਾਮ ਹੋਮ’ ਨਾਂ ਦੀ ਲਘੂ ਦਸਤਾਵੇਜ਼ੀ ਨਾਲ ਕਾਰਜਕਾਰੀ ਨਿਰਮਾਤਾ ਵਜੋਂ ਜੁੜੇ ਹਨ। ਇਹ ਦਸਤਾਵੇਜ਼ੀ ਭਾਰਤ ਵਿੱਚ ਅਫ਼ਗਾਨ ਸ਼ਰਨਾਰਥੀਆਂ ਦੀ ਦੁਰਦਸ਼ਾ ’ਤੇ ਅਧਾਰਿਤ ਹੈ। ਇੱਕ ਬਿਆਨ ਅਨੁਸਾਰ, ਅਦਾਕਾਰ ਕਾਰਜਕਾਰੀ ਨਿਰਮਾਤਾ ਵਜੋਂ ਪਹਿਲੀ ਵਾਰ ਜੁੜੇ ਹਨ। ਸ਼ਾਹ ਦਾ ਮੰਨਣਾ ਹੈ ਕਿ ਦਸਤਾਵੇਜ਼ੀ ਫਿਲਮਾਂ ਅਗਲੀਆਂ ਪੀੜ੍ਹੀਆਂ ਲਈ ਫੀਚਰ ਫਿਲਮਾਂ ਨਾਲੋਂ ਵੱਧ ਮੁੱਲਵਾਨ ਹਨ। ਇਸ ਦਸਤਾਵੇਜ਼ੀ ਦਾ ਨਿਰਦੇਸ਼ਕ ਪੁਰਸਕਾਰ ਜੇਤੂ ਪੱਤਰਕਾਰ ਅੰਕਿਤਾ ਐੱਮ ਕੁਮਾਰ ਹੈ। ਇਸ ਵਿੱਚ ਸਮੀਰਾ ਫੈਜ਼ੀ ਦੀ ਕਹਾਣੀ ਦੱਸੀ ਜਾਵੇਗੀ। ਫੈਜ਼ੀ ਇੱਕ ਅਫ਼ਗਾਨ ਸ਼ਰਨਾਰਥੀ ਹੈ ਜੋ 2021 ਵਿੱਚ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ੇ ਮਗਰੋਂ ਭਾਰਤ ਪਹੁੰਚੀ ਸੀ। ਇਹ ਭਾਰਤ ਵਿੱਚ ਬਦਲਦੇ ਰਾਜਨੀਤਕ ਦ੍ਰਿਸ਼ ਦਰਮਿਆਨ ਫੈਜ਼ੀ ਦੇ ਸੰਘਰਸ਼ ਦੀ ਪੜਚੋਲ ਕਰਦੀ ਹੈ। ਨਾਲ ਹੀ, ਇਹ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਦੇ ਪ੍ਰਭਾਵ ਦੀ ਪੜਚੋਲ ਕਰਦੀ ਹੈ, ਜੋ ਮੁਸਲਿਮ ਸ਼ਰਨਾਰਥੀਆਂ ਨੂੰ ਨਾਗਰਿਕਤਾ ਤੋਂ ਵਾਂਝਾ ਰੱਖਦਾ ਹੈ, ਜਿਸ ਕਾਰਨ ਫੈਜ਼ੀ ਵਰਗੇ ਅਫ਼ਗਾਨ ਸ਼ਰਨਾਰਥੀ ਰਹਿ ਜਾਂਦੇ ਹਨ। ਇਹ ਫਿਲਮ ਬਰੈਂਟ ਈ ਹਾਫਮੈਨ ਵੱਲੋਂ ਬਣਾਈ ਜਾ ਰਹੀ ਹੈ ਅਤੇ ਇਸ ਨੂੰ ‘ਪੁਲਿਤਜ਼ਰ ਸੈਂਟਰ ਆਨ ਕ੍ਰਾਈਸਿਸ ਰਿਪੋਰਟਿੰਗ’ ਦਾ ਸਹਿਯੋਗ ਮਿਲਿਆ ਹੈ। ਹਾਫਮੈਨ ਨੇ ਕਿਹਾ, ‘‘ਮੈਨੂੰ ‘ਫਾਰ ਫਰਾਮ ਹੋਮ’ ਦਾ ਹਿੱਸਾ ਬਣਨ ’ਤੇ ਬਹੁਤ ਮਾਣ ਹੈ, ਜੋ ਭਾਰਤ, ਅਫ਼ਗਾਨਿਸਤਾਨ ਅਤੇ ਦੁਨੀਆ ਭਰ ਵਿੱਚ ਸ਼ਰਨਾਰਥੀਆਂ ਅਤੇ ਪਰਵਾਸੀਆਂ ਨੂੰ ਦਰਪੇਸ਼ ਸਮੱਸਿਆਂ ਨੂੰ ਉਜਾਗਰ ਕਰਨ ਵਾਲੀ ਇੱਕ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਦਸਤਾਵੇਜ਼ੀ ਹੈ।’’
