ਤਾਰੀਫ਼ ਦੇ ਕਾਬਿਲ ਹੈ ਮੇਰਾ ਪੁੱਤਰ: ਅਮਿਤਾਭ ਬੱਚਨ
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਪੁੱਤਰ ਅਭਿਸ਼ੇਕ ਬੱਚਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਤਾਰੀਫ਼ ਦੇ ਕਾਬਿਲ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਫ਼ਿਲਮ ਇੰਡਸਟਰੀ ਵਿੱਚ ਅਭਿਸ਼ੇਕ ਦੇ 25 ਸਾਲ ਮੁਕੰਮਲ ਹੋਣ ਵਾਲੇ ਹਨ। ਅਭਿਸ਼ੇਕ ਨੇ ਸਾਲ 2000 ਵਿੱਚ ਕਰੀਨਾ ਕਪੂਰ ਨਾਲ ਫ਼ਿਲਮ ‘ਰਫਿਊਜੀ’ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਜੇਪੀ ਦੱਤਾ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਵਿੱਚ ਉਸ ਨੇ ਭਾਰਤੀ ਮੁਸਲਮਾਨ ਦੀ ਭੂਮਿਕਾ ਨਿਭਾਈ ਸੀ, ਜੋ ਕੱਛ ਦੇ ਰਣ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦ ਪਾਰ ਕਰਨ ਵਾਲੇ ਗ਼ੈਰਕਾਨੂੰਨੀ ਸ਼ਰਨਾਰਥੀਆਂ ਦੀ ਸਹਾਇਤਾ ਕਰਦਾ ਹੈ। ਫ਼ਿਲਮ 30 ਜੂਨ 2000 ਨੂੰ ਰਿਲੀਜ਼ ਹੋਈ ਸੀ। ਅਮਿਤਾਭ ਨੇ ਐਕਸ ’ਤੇ ਪੋਸਟ ਕੀਤੀ ਅਭਿਸ਼ੇਕ ਦੀਆਂ ਵੱਖ-ਵੱਖ ਭੂਮਿਕਾਵਾਂ ਵਾਲੀ ਵੀਡੀਓ ਸਾਂਝੀ ਕਰਦਿਆਂ ਹਿੰਦੀ ’ਚ ਲਿਖਿਆ ਹੈ,‘ਇਸ ਸ਼ਖ਼ਸੀਅਤ ਕੋ ਮੈਂ ਪ੍ਰਣਾਮ ਕਰਤਾ ਹੂੰ ਔਰ ਅਪਨੇ ਪੁੱਤਰ ਕੀ ਸਰਾਹਨਾ ਕਰਤਾ ਹੂੰ। ਜੀ ਹਾਂ, ਪਿਤਾ ਹੂੰ ਮੈਂ ਉਸਕਾ ਔਰ ਮੇਰੇ ਲੀਏ ਮੇਰਾ ਪੁੱਤਰ ਸਰਾਹਨਾ ਕਰਨੇ ਯੋਗਿਆ ਹੈ।’ ਹਾਲ ਹੀ ’ਚ ਅਭਿਸ਼ੇਕ ਦੀ ਫ਼ਿਲਮ ‘ਹਾਊਸਫੁੱਲ-5’ ਆਈ ਹੈ ਜਿਸ ਵਿੱਚ ਉਸ ਦੇ ਨਾਲ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ, ਜੈਕਲਿਨ ਫਰਨਾਂਡੇਜ਼, ਨਰਗਿਸ ਫਾਖਰੀ ਅਤੇ ਸੋਨਮ ਬਾਜਵਾ ਵਰਗੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਛੇ ਜੂਨ ਨੂੰ ਰਿਲੀਜ਼ ਹੋਈ ਇਹ ਫ਼ਿਲਮ ਹੁਣ ਸਾਰੇ ਸਿਨੇਮਾਘਰਾਂ ਵਿੱਚ ਦਿਖਾਈ ਜਾ ਰਹੀ ਹੈ। -ਪੀਟੀਆਈ