ਮੇਰੇ ਪਿਤਾ ਸੰਵਾਦਾਂ ਦੀ ਪੰਜਾਬੀ ’ਚ ਰਿਹਰਸਲ ਕਰਦੇ ਸਨ: ਪਰੀਕਸ਼ਤ ਸਾਹਨੀ
ਉੱਘੇ ਅਦਾਕਾਰ ਪਰੀਕਸ਼ਤ ਸਾਹਨੀ ਨੇ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਨਾਲ ਆਪਣੇ ਸਬੰਧਾਂ ਬਾਰੇ ਦੱਸਦਿਆਂ ਆਪਣੇ ਨਾਮ ਪਿਛਲੀ ਕਹਾਣੀ ਸਾਂਝੀ ਕੀਤੀ ਅਤੇ ਆਪਣੇ ਪਿਤਾ ਬਲਰਾਜ ਸਾਹਨੀ ਬਾਰੇ ਗੱਲਬਾਤ ਕੀਤੀ ਹੈ। ਪਰੀਕਸ਼ਤ ਸਾਹਨੀ ਨੂੰ ਫ਼ਿਲਮ ‘ਲਗੇ ਰਹੋ ਮੁੰਨਾ ਭਾਈ’, ‘ਪੀ ਕੇ’,...
ਉੱਘੇ ਅਦਾਕਾਰ ਪਰੀਕਸ਼ਤ ਸਾਹਨੀ ਨੇ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਨਾਲ ਆਪਣੇ ਸਬੰਧਾਂ ਬਾਰੇ ਦੱਸਦਿਆਂ ਆਪਣੇ ਨਾਮ ਪਿਛਲੀ ਕਹਾਣੀ ਸਾਂਝੀ ਕੀਤੀ ਅਤੇ ਆਪਣੇ ਪਿਤਾ ਬਲਰਾਜ ਸਾਹਨੀ ਬਾਰੇ ਗੱਲਬਾਤ ਕੀਤੀ ਹੈ। ਪਰੀਕਸ਼ਤ ਸਾਹਨੀ ਨੂੰ ਫ਼ਿਲਮ ‘ਲਗੇ ਰਹੋ ਮੁੰਨਾ ਭਾਈ’, ‘ਪੀ ਕੇ’, ਅਤੇ ‘3 ਇਡੀਅਟਸ’ ਵਿੱਚ ਅਹਿਮ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਖ਼ਬਰ ਏਜੰਸੀ ਏ ਐੱਨ ਆਈ ਨਾਲ ਇੰਟਰਵਿਊ ਦੌਰਾਨ ਪਰੀਕਸ਼ਤ ਸਾਹਨੀ ਨੇ ਆਪਣੇ ਪਿਤਾ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਹਿੰਦੀ ਫ਼ਿਲਮਾਂ ’ਚ ਸੰਵਾਦ (ਡਾਇਲਾਗ) ਲੱਛੇਦਾਰ ਹੁੰਦੇ ਸਨ ਤਾਂ ਉਨ੍ਹਾਂ (ਬਲਰਾਜ ਸਾਹਨੀ) ਸੰਵਾਦ ਆਪਣੇ ਤਰੀਕੇ ਨਾਲ ਬਣਾਏ। ਉਨ੍ਹਾਂ ਦਾ ਰਾਜ਼ ਸੀ, ਜਿਸ ਨੂੰ ਮੇਰੇ ਤੋਂ ਇਲਾਵਾ ਕੋਈ ਨਹੀਂ ਜਾਣਦਾ ਸੀ। ਉਨ੍ਹਾਂ ਕਿਹਾ ਕਿ ਪਿਤਾ ਜੀ ਸੰਵਾਦਾਂ ਨੂੰ ਪਹਿਲਾਂ ਪੰਜਾਬੀ ਵਿੱਚ ਲਿਖਦੇ ਸਨ ਤੇ ਪੰਜਾਬੀ ’ਚ ਹੀ ਰਿਹਰਸਲ ਕਰਦੇ ਸਨ ਤੇ ਫਿਰ ਮੁੜ ਉਸ ਨੂੰ ਹਿੰਦੀ ਵਿੱਚ ਬੋਲਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਮਾਂ ਦਮਯੰਤੀ ਸਾਹਨੀ ਤੇ ਪਿਤਾ ਬਲਰਾਜ ਸਾਹਨੀ ਦੇ ਦੇਹਾਂਤ ਬਾਅਦ ਉਸ ਦਾ ਪਾਲਣ-ਪੋਸ਼ਣ ਉੁਸ ਦੇ ਦਾਦਾ-ਦਾਦੀ ਨੇ ਕੀਤਾ ਸੀ। ਉਨ੍ਹਾਂ ਸੱਤ ਸਾਲ ਦੀ ਉਮਰ ਤੱਕ ਰਾਵਲਪਿੰਡੀ ’ਚ ਬਿਤਾਏ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ, ‘‘ਉਹ ਟੈਗੋਰ ਨਾਲ ਰਹਿਣ ਲਈ ਥੋੜ੍ਹੇ ਸਮੇਂ ਲਈ ਕਲਕੱਤਾ ਗਏ ਸਨ ਅਤੇ ਫਿਰ ਇੰਗਲੈਂਡ ਚਲੇ ਗਏ। ਫਿਰ ਸਾਲ 1939 ਵਿੱਚ ਯੁੱਧ ਸ਼ੁਰੂ ਹੋ ਗਿਆ ਅਤੇ ਮੇਰੇ ਦਾਦਾ-ਦਾਦੀ ਨੇ ਮੈਨੂੰ ਮਾਪਿਆਂ ਨਾਲ ਨਹੀਂ ਜਾਣ ਦਿੱਤਾ ਪਰ ਮੇਰੇ ਪਿਤਾ ਸਾਹਸੀ ਵਿਅਕਤੀ ਸਨ। ਉਨ੍ਹਾਂ ਯੁੱਧ ਦੀ ਪਰਵਾਹ ਨਹੀਂ ਕੀਤੀ ਅਤੇ ਉਹ ਇੰਗਲੈਂਡ ਘੁੰਮਣ ਚਲੇ ਗਏ ਅਤੇ ਮੈਨੂੰ ਮੇਰੇ ਦਾਦਾ-ਦਾਦੀ ਕੋਲ ਛੱਡ ਦਿੱਤਾ। ਮੈਂ ਉਨ੍ਹਾਂ ਨੂੰ ਲਗਪਗ ਛੇ-ਸੱਤ ਸਾਲ ਬਾਅਦ ਉਦੋਂ ਮਿਲਿਆ ਜਦੋਂ ਉਹ ਵਾਪਸ ਆਏ।’’ ਪਰੀਕਸ਼ਤ ਨੇ ਆਪਣੇ ਨਾਮ ਪਿਛਲਾ ਕਿੱਸਾ ਸਾਂਝਾ ਕਰਦਿਆਂ ਕਿਹਾ,‘ਮੇਰੇ ਮਾਤਾ-ਪਿਤਾ ਕੁਝ ਸਮੇਂ ਲਈ ਸ਼ਾਂਤੀਨਿਕੇਤਨ ਰਹੇ ਤੇ ਉਦੋਂ ਮੇਰੀ ਮਾਂ ਗਰਭਵਤੀ ਸੀ। ਜਦੋਂ ਮੇਰਾ ਜਨਮ ਹੋਣ ਵਾਲਾ ਸੀ ਤਾਂ ਮੇਰੀ ਮਾਂ ਨੇ ਬੀ ਏ ਦੀ ਪ੍ਰੀਖਿਆ ਦੇਣ ਦਾ ਫ਼ੈਸਲਾ ਕੀਤਾ।’’ ਟੈਗੋਰ ਨੇ ਮੇਰੇ ਪਿਤਾ ਨੂੰ ਕਿਹਾ, ‘‘ਤੁਸੀਂ ਆਪਣੀ ਪ੍ਰੀਖਿਆ ਦਿੱਤੀ ਅਤੇ ਤੁਹਾਡੇ ਬੱਚੇ ਨੇ ਵੀ ਪ੍ਰੀਖਿਆ ਦਿੱਤੀ। ਇਸ ਲਈ ਤੁਸੀਂ ਉਸ ਦਾ ਨਾਮ ‘ਪਰੀਕਸ਼ਤ’ ਰੱਖ ਸਕਦੇ ਹੋ। ਇਸ ਲਈ ਮੇਰਾ ਨਾਮ ਉਨ੍ਹਾਂ ਨੇ ਰੱਖਿਆ ਸੀ।’’