DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਂ ਮੇਰੀ...

ਮਨਜੀਤ ਕੌਰ ਧੀਮਾਨ ਮਾਂ ਮੇਰੀ ਤੁਰ ਗਈ ਅੜੀਓ, ਛੱਡ ਕੇ ਕਿਧਰੇ ਦੂਰ ਬੜੀ। ਰੋਕ ਲਵਾਂ ਬਾਂਹ ਫੜ ਕੇ ਓਹਦੀ, ਕੋਸ਼ਿਸ਼ ਮੈਂ ਰੱਜ ਕੇ ਕਰੀ। ਮਾਂ ਮੇਰੀ... ਕਿਹੜੇ ਰਾਹ ਤੁਰ ਗਏ ਸਾਰੇ, ਮੈਨੂੰ ਨਾ ਲੱਭਿਆ ਕੋਈ। ਵੀਰੇ ਵੀ ਗਏ ਸੀ ਜਿੱਧਰ,...
  • fb
  • twitter
  • whatsapp
  • whatsapp
Advertisement

ਮਨਜੀਤ ਕੌਰ ਧੀਮਾਨ

ਮਾਂ ਮੇਰੀ ਤੁਰ ਗਈ ਅੜੀਓ,

Advertisement

ਛੱਡ ਕੇ ਕਿਧਰੇ ਦੂਰ ਬੜੀ।

ਰੋਕ ਲਵਾਂ ਬਾਂਹ ਫੜ ਕੇ ਓਹਦੀ,

ਕੋਸ਼ਿਸ਼ ਮੈਂ ਰੱਜ ਕੇ ਕਰੀ।

ਮਾਂ ਮੇਰੀ...

ਕਿਹੜੇ ਰਾਹ ਤੁਰ ਗਏ ਸਾਰੇ,

ਮੈਨੂੰ ਨਾ ਲੱਭਿਆ ਕੋਈ।

ਵੀਰੇ ਵੀ ਗਏ ਸੀ ਜਿੱਧਰ,

ਮਾਂ ਵੀ ਓਧਰ ਨੂੰ ਹੋਈ।

ਛੱਡ ਕੇ ’ਕੱਲੀ ਨੂੰ ਜਾਣਾ,

ਜ਼ਿੱਦ ਸਭ ਨੇ ਕੇਹੀ ਫੜੀ।

ਮਾਂ ਮੇਰੀ...

ਪੇਕਿਆਂ ਦਾ ਦਰ ਸੀ ਖੁੱਲ੍ਹਾ,

ਝੱਟ ਜਾ ਕੇ ਬਹਿ ਜਾਂਦੀ ਸੀ।

ਆ ਜਾ ਨੀਂ ਧੀਏ ਮੇਰੀਏ,

ਗੀਤ ਪਿਆਰ ਦੇ ਗਾਂਦੀ ਸੀ।

ਜਾਂਦੇ ਹੋਏ ’ਵਾਜ ਨਾ ਮਾਰੀ,

ਕੋਲੇ ਸੀ ਹੱਥ ਜੋੜ ਖੜ੍ਹੀ।

ਮਾਂ ਮੇਰੀ...

ਓਹੀ ਸੀ ਦੁਨੀਆਂ ਮੇਰੀ,

ਓਹਦੇ ਵਿੱਚ ਜਾਨ ਸੀ ਵੱਸਦੀ।

ਗੱਲਾਂ ਸੀ ਕਰਦੀ ਰਹਿੰਦੀ,

ਚੇਤਿਆਂ ਵਿੱਚ ਅੱਜ ਵੀ ਹੱਸਦੀ।

ਪੜ੍ਹਦੀ ਸੀ ਦਿਲ ਦੀਆਂ ਸੱਭੇ,

ਭਾਵੇਂ ਨਾ ਕਿਤਾਬਾਂ ਪੜ੍ਹੀ।

ਮਾਂ ਮੇਰੀ...

ਸੰਪਰਕ: 94646-33059

* * *

ਖੂਹ ਬੋਲਦਾਂ

ਸਰੂਪ ਚੰਦ ਹਰੀਗੜ੍ਹ

ਮੈਂ ਪੁਰਾਣਾ ਖੂਹ ਬੋਲਦਾਂ,

ਹੱਡ ਬੀਤੀ ਥੋਡੇ ਅੱਗੇ ਫੋਲਦਾ।

ਨੰਜੇ ਝਿਊਰ ਨੇ ਮੈਨੂੰ ਲਾਇਆ

ਰੇਰੂ ਦਾ ਸੀ ਚੱਕ ਬਣਾਇਆ।

ਪਿੰਡ ਦੇ ਲੋਕਾਂ ਖ਼ੁਸ਼ੀ ਮਨਾਈ,

ਕੜਾਹੀ ਚੌਲਾਂ ਦੀ ਨਾਲੇ ਬਣਾਈ।

ਖੁਆਜੇ ਪੀਰ ਦੀ ਜੋਤ ਜਗਾਉਣ,

ਚਾਈਂ ਚਾਈਂ ਸਾਰੇ ਕੰਮ ’ਤੇ ਆਉਣ।

ਇੱਟਾਂ ਚੂਨੇ ਵਿੱਚ ਚਿਣਦੇ ਜਾਣ,

ਕੰਮ ਕਰਦੇ ਸੀ ਨਾਲ ਤਰਖਾਣ।

ਆਖਰ ਪਹੁੰਚ ਗਿਆ ਪੱਤਣ ਤੀਕ,

ਜਿਸ ਦੀ ਸਾਰਿਆਂ ਨੂੰ ਸੀ ਉਡੀਕ।

ਸੁੱਖੀ ਸਾਂਦੀ ਆਇਆ ਕਾਰਜ ਰਾਸ,

ਗੁਰੂਘਰ ਜਾ ਕੀਤੀ ਅਰਦਾਸ।

ਅੰਮ੍ਰਿਤ ਵਰਗਾ ਨਿਕਲਿਆ ਪਾਣੀ,

ਖ਼ੁਸ਼ ਹੋ ਗਈ ਜਵਿੇਂ ਕੁਦਰਤ ਰਾਣੀ।

ਨਹਾਉਣ ਧੋਣ ਲਈ ਬਣਾਤੇ ਪਰਦੇ,

ਪਾਣੀ ਦੇ ਨਾਲ ਕੁੰਡ ਸੀ ਭਰਦੇ।

ਹਾਲੀ ਪਾਂਧੀ ਬੁੱਢੇ ਠੇਰੇ,

ਰੌਣਕ ਰਹਿੰਦੀ ਚਾਰ ਚੁਫ਼ੇਰੇ।

ਕੁੜੀਆਂ ਘੜੇ ਚੁੱਕ ਕੇ ਆਉਂਦੀਆਂ,

ਪਾਣੀ ਦੇ ਭਰ ਡੋਲ ਪਾਉਂਦੀਆਂ।

ਪਸ਼ੂ ਪੰਛੀ ਵੀ ਪਿਆਸ ਬੁਝਾਉਂਦੇ,

ਪਾਣੀ ਪੀ ਕੇ ਸ਼ੁਕਰ ਮਨਾਉਂਦੇ।

ਬੜੀਆਂ ਮਾਣੀਆਂ ਮੌਜ ਬਹਾਰਾਂ,

ਲੰਘੇ ਦਨਿ ਨਾ ਮਨੋਂ ਵਿਸਾਰਾਂ।

ਹੁਣ ਮੇਰੇ ’ਤੇ ਕਹਿਰ ਢਹਿ ਗਿਆ,

ਬਦਲੇ ਵਕਤ ਦਾ ਅਸਰ ਪੈ ਗਿਆ।

ਯੁੱਗ ਮਸ਼ੀਨੀ ਜਦੋਂ ਦਾ ਆਇਆ,

ਮੈਨੂੰ ਸਭ ਨੇ ਮਨੋਂ ਭੁਲਾਇਆ।

ਨਲਕੇ ਟੂਟੀਆਂ ਸਬਮਰਸੀਬਲ,

ਪਲਾਂ ’ਚ ਵਾਧੂ ਕੱਢਦੇ ਜਲ।

ਹੁਣ ਨਾ ਮੇਰੀ ਕੋਈ ਸਮਝੇ ਲੋੜ,

ਤਾਹੀਓਂ ਲਿਆ ਹੈ ਨਾਤਾ ਤੋੜ।

ਅੰਮ੍ਰਿਤ ਪਾਣੀ ਦੀ ਜੋ ਖੁਸ਼ਬੋ,

ਸੁੱਟਦੇ ਗੰਦ ਆਵੇ ਬਦਬੋ।

ਦੀਵਾ ਨਾ ਕੋਈ ਮਣ ’ਤੇ ਲਾਵੇ,

ਪਾਸਾ ਵੱਟ ਕੋਲੋਂ ਲੰਘ ਜਾਵੇ।

ਹਾਲੀ ਪਾਂਧੀ ਨਾ ਮੁਟਿਆਰਾਂ,

ਨਾ ਆਉਣ ਪਸ਼ੂ ਪੰਛੀ ਡਾਰਾਂ।

ਪੈੜ ’ਤੇ ਕਬਜ਼ੇ ਕਰ ਲਏ ਲੋਕਾਂ,

ਚੌਂਤਰਾ ਕੁੰਡ ਤੋੜੀਆਂ ਰੋਕਾਂ।

ਨਸ਼ਿਆਂ ਵਾਲੇ ਟੀਕੇ ਪੱਤੇ ਸਿੱਟਦੇ,

ਲਿਖੇ ਮੱਥੇ ਦੇ ਲੇਖ ਨਾ ਮਿਟਦੇ।

ਦੋ ਸੌ ਸਾਲ ਦੀ ਉਮਰ ਹੈ ਮੇਰੀ,

ਸੇਵਾ ਲੋਕਾਂ ਦੀ ਕਰੀ ਬਥੇਰੀ।

ਰੂੜ੍ਹੀਆਂ ਵਿੱਚ ਹੁਣ ਮੇਰਾ ਵਾਸ,

ਹਰੀਗੜ੍ਹ ਪਿੰਡ ਵਿੱਚ ਖੜ੍ਹਾਂ ਉਦਾਸ।

ਸਰੂਪ ਚੰਦ ਲਿਖ ਦਰਦ ਕਹਾਣੀ,

ਹੱਡ ਬੀਤੀ ਨੂੰ ਝੂਠ ਨਾ ਜਾਣੀ।

ਸੰਪਰਕ: 99143-85202

* * *

ਅੰਨਦਾਤਾ

ਰਜਵੰਤ ਕੌਰ ਚਨਾਰਥਲ

ਦੇਸ਼ ਮੇਰੇ ਦਾ ਅੰਨਦਾਤਾ ਕਦੇ ਭੁੱਖਾ ਨਾ ਸੌਂਵੇਂ।

ਨਾ ਕਰੇ ਖ਼ੁਦਕੁਸ਼ੀਆਂ ਅੱਖ ’ਚੋਂ ਨੀਰ ਨਾ ਚੋਵੇ।

ਦੇਸ਼ ਮੇਰੇ ਦਾ ਅੰਨਦਾਤਾ...

ਕਰੇ ਇਹ ਖ਼ੂਬ ਕਮਾਈਆਂ ਮੁੱਲ ਫ਼ਸਲਾਂ ਦਾ ਪੈ ਜੇ।

ਧੀ ਦੇ ਵਿਆਹ ਦਾ ਕਰਜ਼ਾ ਇਹਦੇ ਸਿਰ ਤੋਂ ਲਹਿ ਜੇ।

ਮੁੱਕ ਜਾਣ ਇਹਦੀਆਂ ਫ਼ਿਕਰਾਂ ਸਦਾ ਖ਼ੁਸ਼ ਇਹ ਹੋਵੇ।

ਦੇਸ਼ ਮੇਰੇ ਦਾ ਅੰਨਦਾਤਾ...

ਨਾ ਭੇਜੇ ਧੀਆਂ-ਪੁੱਤ ਵਲੈਤ ਇੱਥੇ ਰੁਜ਼ਗਾਰ ਜੇ ਮਿਲ ਜੇ।

ਪੂਰੀਆਂ ਹੋ ਜਾਣ ਸੱਧਰਾਂ ਖ਼ੁਸ਼ੀ ਨਾਲ ਸੀਨਾ ਖਿਲ ਜੇ।

ਦਾਣਾ-ਦਾਣਾ ਰਹੇ ਫ਼ਲਦਾ ਵਿੱਚ ਮਿੱਟੀ ਬੀਜ ਜੋ ਬੋਵੇ।

ਦੇਸ਼ ਮੇਰੇ ਦਾ ਅੰਨਦਾਤਾ...

ਸਿੱਧੀ ਖੇਤੋਂ ਵਿਕੇ ਫ਼ਸਲ ਨਾ ਰਹੇ ਲੋੜ ਮੰਡੀ ਦੀ।

ਖ਼ੂਨ ਪਸੀਨੇ ਦੀ ਕਮਾਈ ਐਵੇਂ ਜਾਏ ਨਾ ਵੰਡੀ ਦੀ।

ਪੂਰੀ ਮਿਲੇ ਅਦਾਇਗੀ ਵਿੱਚ ਵਿਚੋਲਾ ਨਾ ਹੋਵੇ।

ਦੇਸ਼ ਮੇਰੇ ਦਾ ਅੰਨਦਾਤਾ...

ਹਰ ਦਮ ਕਲੇਜਾ ਧੜਕੇ ਦਾਣੇ ਸਲਾਮਤ ਆ ਜਾਵਣ।

‘ਰਜਵੰਤ’ ਟਿੱਡੀ ਦਲ ਕੋਈ ਅੰਬਰੋਂ ਆ ਫ਼ਸਲ ਨਾ ਖਾਵਣ।

ਮਿਹਰ ਕਰੀਂ ਤੂੰ ਦਾਤਿਆ ਮੌਸਮ ਦੋਸਤਾਨਾ ਹੋਵੇ।

ਦੇਸ਼ ਮੇਰੇ ਦਾ ਅੰਨਦਾਤਾ...

ਨਾ ਕਰੇ ਖ਼ੁਦਕੁਸ਼ੀਆਂ ਅੱਖ ’ਚੋਂ ਨੀਰ ਨਾ ਚੋਵੇ।

ਸੰਪਰਕ: 81465-51328

* * *

ਗ਼ਜ਼ਲ

ਜਗਜੀਤ ਗੁਰਮ

ਚਾਰੇ ਪਾਸਿਆਂ ਤੋਂ ਹੀ ਸਾਨੂੰ ਘੇਰ ਗਿਆ ਹੈ ਪਾਣੀ

ਸਾਡੀ ਮਿਹਨਤ ਉੱਤੇ ਪਾਣੀ ਫੇਰ ਗਿਆ ਹੈ ਪਾਣੀ।

ਪੱਥਰ ਦੇ ਪਰਬਤ ਵੀ ਰੂੰ ਦੇ ਵਾਂਗੂ ਖਿਸਕੀ ਜਾਂਦੇ

ਸੁਪਨਿਆਂ ਦੇ ਘਰ ਪਲ ਵਿੱਚ ਕਰ ਢੇਰ ਗਿਆ ਹੈ ਪਾਣੀ।

ਕੋਈ ਗੱਲ ਨਹੀਂ ਮੁੜ ਕੇ ਸਾਰੇ ਫੇਰ ਉਗਾਵਾਂਗੇ

ਕੀ ਹੋਇਆ ਫ਼ਸਲਾਂ ਸਾਡੀਆਂ ਤੇਰ ਗਿਆ ਹੈ ਪਾਣੀ।

ਮੁੜ ਕੇ ਫੁੱਟਣਾ ਤੇ ਮੁੜ ਕੇ ਹੱਸਣਾ ਸਾਨੂੰ ਆਉਂਦਾ ਹੈ

ਇੱਕ ਵਾਰੀ ਤਾਂ ਅੱਥਰੂ ਭਾਵੇਂ ਕੇਰ ਗਿਆ ਹੈ ਪਾਣੀ।

ਪਰਬਤ ਵੱਢ ਕੇ ਜੰਗਲ ਵੱਢ ਕੇ ਕਬਜ਼ੇ ਰਹੇ ਹਾਂ ਕਰਦੇ

ਕੁਦਰਤ ਦੀ ਹੁਣ ਹਰ ਪਾਸੇ ਕਰ ਮੇਰ ਗਿਆ ਹੈ ਪਾਣੀ।

ਗਲ਼ ਗਲ਼ ਪਾਣੀ ਦੇ ਵਿੱਚ ਵੀ ਲੰਗਰ ਵੰਡਦੇ ਫਿਰਦੇ ਹਾਂ

ਪੰਜਾਬੀਆਂ ਨੂੰ ਫਿਰ ਸਿੱਧ ਕਰ ਸ਼ੇਰ ਗਿਆ ਹੈ ਪਾਣੀ।

ਪਾਣੀ ਉੱਤੇ ਸਿਆਸਤ ਛੱਡ ਪੁਖ਼ਤਾ ਹੱਲ ਕੋਈ ਲੱਭੋ

ਕੁਝ ਦਿਨਾਂ ਵਿੱਚ ਬੁੱਲ੍ਹ ਅਸਾਡੇ ਟੇਰ ਗਿਆ ਹੈ ਪਾਣੀ।

ਸੰਪਰਕ: 99152-64836

* * *

ਗ਼ਜ਼ਲ

ਕੇ.ਐੱਸ.ਅਮਰ

ਦਨਿ ਇਹ ਵੀ ਨਾ ਰਹਿਣੇ,

ਦਨਿ ਉਹ ਵੀ ਨਾ ਰਹਿਣੇ।

ਹੁਣ ਤਾਂ ਇਕੱਲੇ ਹੀ ਬੈਠ,

ਦੁੱਖ ਹਿਜਰਾਂ ਦੇ ਸਹਿਣੇ।

ਅੱਜ ਗ਼ਮ ਦੀਆਂ ਰਾਤਾਂ,

ਹਨ ਜ਼ਿੰਦਗੀ ਦੇ ਗਹਿਣੇ।

ਟੁੱਟਿਆਂ ਦਿਲ ਦਾ ਸੁਪਨਾ,

ਰੋਂਦੇ ਨੈਣ ਨਿਮਾਣੇ।

ਔਖਾ ਇਸ਼ਕ ਦਾ ਸਾਗਰ,

ਕਹਿ ਗਏ ਸੱਚ ਸਿਆਣੇ।

ਦੂਰ ਮੰਜ਼ਿਲ ਹੈ ਰਾਹੀ,

ਖੇਡ ਕਰਮ ਹੀ ਜਾਣੇ।

ਵਿੱਚ ਕਦਮਾਂ ਦੇ ਤੇਰੇ,

‘ਅਮਰ’ ਦੀਪਕ ਜਲਾਣੇ।

* * *

ਗ਼ਜ਼ਲ

ਮੱਖਣ ਸੇਖੂਵਾਸ

ਬਿਨਾ ਮਤਲਬ ਕਿਸੇ ਦੇ ਨਾਲ ਕਿਹੜਾ ਗੁਫ਼ਤਗੂ ਕਰਦੈ।

ਨਾ ਹੋਵੇ ਹੁਸਨ ਜੇ ਹਾਵੀ ਤਾਂ ਕਿਹੜਾ ਆਰਜ਼ੂ ਕਰਦੈ।

ਤਲੀ ’ਤੇ ਜਾਨ ਰੱਖਦੈ ਜੋ ਨਹੀਂ ਡਰਦਾ ਕਿਸੇ ਸੂਰਤ,

ਉਹ ਬਿਖੜੇ ਪੈਂਡਿਆਂ ਤੋਂ ਹੀ ਸਫ਼ਰ ਆਪਣਾ ਸ਼ੁਰੂ ਕਰਦੈ।

ਮੇਰੇ ਵਰਗੇ ਨੂੰ ਹੀਰੇ ਦੀ ਤੇ ਕੱਚ ਦੀ ਪਰਖ਼ ਹੈ ਕਿੱਥੇ,

ਕਿਸੇ ਹੀਰੇ ਤੇ ਕੱਚ ਦੀ ਪਰਖ਼ ਵਿਰਲਾ ਪਾਰਖੂ ਕਰਦੈ।

ਜਦੋਂ ਤੀਕਣ ਇਹ ਚੱਲਣੇ ਸਾਹ, ਨਾ ਮੁੱਕਣੇ ਕੰਮ ਦੁਨੀਆਂ ਦੇ,

ਹਰਿਕ ਬੰਦੇ ਨੂੰ ਉਹਦਾ ਅੰਤ ਆਖ਼ਿਰ ਸੁਰਖਰੂ ਕਰਦੈ।

ਗ਼ਰੀਬੀ ਵੀ ਸਿਆਸਤ ਦੀ ਹੀ ਸਾਰੀ ਦੇਣ ਹੈ ਯਾਰੋ ,

ਹਮਾਤੜ ਏਸ ਨੂੰ ਸਮਝੇ ਕਿ ਇਹ ਵਾਹਿਗੁਰੂ ਕਰਦੈ।

ਨਾ ਜਾਣੇ ਕਿਉਂ ਹੈ ਪ੍ਰਚੱਲਤ ਕਹਾਵਤ ਇਹ ਚੁਫ਼ੇਰੇ ਹੀ,

ਦਗ਼ਾ ਕਰਦੈ ਜਦੋਂ ਕਿਧਰੇ ਵੀ ਅਪਣਾ ਹੀ ਲਹੂ ਕਰਦੈ।

ਮੈਂ ਅਪਣੇ ਆਪ ’ਤੇ ਹੱਸਣਾ ਨਹੀਂ ਭੁੱਲਦਾ ਕਦਾਚਿਤ ਵੀ,

ਸਦਾ ਬੇਹਾਲ ਮੈਨੂੰ ਓਸ ਦਾ ਹਰ ਅੱਥਰੂ ਕਰਦੈ।

ਨਾ ਦਿਸੇ ਓਸ ਦੀ ਸੂਰਤ ਨਾ ਲੱਭੇ ਥਹੁ ਟਿਕਾਣਾ ਹੀ,

ਖ਼ੁਦਾ ਜਾਣੇਂ ਉਹ ਕਿਸਨੂੰ ਕਦ ਤੇ ਕਿੱਦਾਂ ਰੂਬਰੂ ਕਰਦੈ।

ਤੇਰੀ ਇੱਕ ਇੱਕ ਅਦਾ ਤੋਂ ਹੈ ਨਿਛਾਵਰ ਦਿਲ ਮੇਰਾ ‘ਮੱਖਣਾ’,

ਸਵੇਰੇ ਸ਼ਾਮ ਮੇਰਾ ਦਿਲ ਤੇਰੀ ਹੀ ਜੁਸਤਜੂ ਕਰਦੈ।

ਸੰਪਰਕ: 98152-84587

* * *

ਸੈਲਫੀ

ਹਰਜੀਤ ਸਿੰਘ ਰਤਨ

ਸੈਲਫ਼ੀ ਲਵਾਂ, ਨਾ ਲਾਵਾਂ ਕਿਧਰੇ

‘ਸੈਲਫਿਸ਼’ ਨਾ ਹੋ ਜਾਵਾਂ ਕਿਧਰੇ

ਗੀਤ ਮੇਰੇ ਦੁਸ਼ਮਣ ਬਣ ਜਾਂਦੇ

ਜੇ ਕੁਝ ਵੀ ਮੈਂ ਗਾਵਾਂ ਕਿਧਰੇ

ਇਸ ਦੀ ਮੈਨੂੰ ਜਾਚ ਨੀ ਆਈ

ਲਾਵਾਂ ਕਿਤੇ, ਬੁਝਾਵਾਂ ਕਿਧਰੇ

ਮਾਰੂਥਲ ਨਾ ਗੋਤੇ ਪੈਂਦੇ

ਹੁੰਦੀਆਂ ਨਾਲ ਦੁਆਵਾਂ ਕਿਧਰੇ

ਧਰਤੀ ਬਣਦੀ ਜੰਨਤ ਵਰਗੀ

ਸਾਂਭੀਆਂ ਹੁੰਦੀਆਂ, ਮਾਵਾਂ ਕਿਧਰੇ

ਉਸ ਬਨਿ ਮੈਂ ਸਾਂ ਅੱਧ-ਅਧੂਰਾ

ਜੇ ਨਾ ਹੁੰਦੀਆਂ ਲਾਵਾਂ ਕਿਧਰੇ

ਏਨੀ ਬਦ-ਦੁਆ ਨਾ ਲੱਗਦੀ

ਵੱਢਦੇ ਨਾ ਜੇ ਛਾਵਾਂ ਕਿਧਰੇ

ਜ਼ਿੰਦਗੀ ਧੁੱਪ ਤੇ ਛਾਂ ਦਾ ਨਾਂ ਹੈ

ਖ਼ੁਸ਼ੀਆਂ, ਹਉਕੇ-ਹਾਵਾਂ ਕਿਧਰੇ

ਮਨ ਵਿੱਚ ਸੋਚਾਂ, ਸੋਚਦਾ ਰਹਿੰਦਾ

ਜੇ ਛੱਡ ਜਾਣ, ਬਲਾਵਾਂ ਕਿਧਰੇ

ਆਉਣ ਦਾ ਲਾਰਾ ਲਾ ਕਿਸੇ ਨੁੂੰ

ਵਰ੍ਹੀਆਂ ਘੋਰ ਘਟਾਵਾਂ ਕਿਧਰੇ

ਦੁਨੀਆਂ ਦੀ ਇਹ ਘੁੰਮਣ-ਘੇਰੀ

ਆਪ ਕਿਤੇ, ਪ੍ਰਛਾਵਾਂ ਕਿਧਰੇ

ਹਵਾ ਫਿਰੇ ਕਨਸੋਆਂ ਲੈਂਦੀ

ਜੇ ਮੈਂ ਜਾਵਾਂ-ਆਵਾਂ ਕਿਧਰੇ...

ਸੰਪਰਕ: 97819-00870

* * *

ਗ਼ਜ਼ਲ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਨਹੀਂ ਮਰਨਾ ਕਿ ਹੁਣ ਮੈਂ ਜੀਣਾ ਚਾਹੁੰਦਾ ਹਾਂ

ਗ਼ਮ ਦਾ ਦਰਿਆ, ਹੱਸ ਕੇ ਪੀਣਾ ਚਾਹੁੰਦਾ ਹਾਂ।

ਮੇਰੇ ਚਾਰ-ਚੁਫ਼ੇਰੇ ਗ਼ਮ ਤੇ ਹਉਕੇ ਨੇ

ਹਰ ਹਿਰਦਾ ਮੈਂ ਗ਼ਮ ਤੋਂ ਹੀਣਾ ਚਾਹੁੰਦਾ ਹਾਂ।

ਮੇਰਾ ਦਾਮਨ ਸਾਰਾ ਲੀਰੋ ਲੀਰ ਪਿਆ

ਖ਼ੁਸ਼ੀਆਂ ਦੇ ਨਾਲ ਇਸਨੂੰ ਸੀਣਾ ਚਾਹੁੰਦਾ ਹਾਂ।

ਪੱਤ ਗੁਆ ਕੇ ਜੀਵੇ ਤਾਂ ਫਿਰ ਕੀ ਜੀਵੇ?

ਅਣਖਾਂ ਦੇ ਸੰਗ ਜੱਗ ’ਤੇ ਥੀਣਾ ਚਾਹੁੰਦਾ ਹਾਂ।

ਬੇਸੁਰਿਆਂ ਨੇ ਖੌਰੂ ਪਾਇਆ ਦੁਨੀਆਂ ’ਤੇ

ਸੁਰ ਕੀਤੀ ਕੋਈ ਪਾਵਨ ਵੀਣਾ ਚਾਹੁੰਦਾ ਹਾਂ।

ਜਗ ਚੰਦਰਾ ਜੇ ਭੁੱਲਦੈ, ਮੈਨੂੰ ਭੁੱਲ ਜਾਵੇ

ਤੇਰੇ ਮੁਖ ਤੋਂ ਨਾਂ ਸੱਦੀਣਾ ਚਾਹੁੰਦਾ ਹਾਂ।

ਸੰਪਰਕ: 97816-46008

* * *

ਨਾ ਬਹੁਤ ਹੈਰਾਨ ਹੋਇਓ ਤੁਸੀਂ

ਰਘਵੀਰ ਸਿੰਘ ਟੇਰਕਿਆਨਾ

ਨਾ ਬਹੁਤ ਹੈਰਾਨ ਹੋਇਓ ਤੁਸੀਂ ਮੇਰੇ ਇਸ ਬਿਆਨ ਉੱਤੇ

ਸਮੁੰਦਰ ਦਿਸ ਰਿਹਾ ਮੈਨੂੰ ਅੱਜਕੱਲ੍ਹ ਅਸਮਾਨ ਉੱਤੇ

ਕੁਦਰਤ ਦੇ ਵਰਤਾਰੇ ਵਿੱਚ ਬੜੀ ਉਥਲ ਪੁਥਲ ਵੇਖੀ

ਜਦੋਂ ਦੇ ਆਏ ਹਾਂ ਯਾਰੋ ਅਸੀਂ ਵੀ ਇਸ ਜਹਾਨ ਉੱਤੇ

ਲੋਕਾਂ ਨੇ ਹੀ ਲੋਕਾਂ ਨੂੰ ਹੈ ਏਥੇ ਡੁੱਬਦਿਆਂ ਬਚਾਇਆ

ਅਸੀਂ ਸ਼ੱਕ ਕਿਉਂ ਕਰੀਏ ਇਨਸਾਨ ਦੇ ਇਮਾਨ ਉੱਤੇ

ਲੱਖਾਂ ਕਰੋੜਾਂ ਲੋਕਾਂ ਨੂੰ ਜੋ ਏਥੇ ਮੂਰਖ ਬਣਾ ਗਿਆ

ਬੜਾ ਹੀ ਗੁੱਸਾ ਆਉਂਦਾ ਹੈ ਹੁਣ ਉਸ ਸ਼ੈਤਾਨ ਉੱਤੇ

ਕਦੇ ਉਹ ਕੁਝ ਕਹਿ ਦਿੰਦੇ ਕਦੇ ਉਹ ਕੁਝ ਕਹਿ ਜਾਂਦੇ

ਹੁਣ ਭਰੋਸਾ ਹੀ ਰਿਹਾ ਨਹੀਂ ਉਨ੍ਹਾਂ ਦੀ ਜ਼ੁਬਾਨ ਉੱਤੇ

ਉਨ੍ਹਾਂ ਦਾ ਭਲਾ ਨਹੀਂ ਹੋਣਾ ਉਹ ਭੁੱਖੇ ਵੀ ਨੇ ਮਰ ਸਕਦੇ

ਜ਼ੁਲਮ ਕੀਤਾ ਜਿੰਨਾ ਨੇ ਵੀ ਮੁਲਕ ਦੇ ਕਿਸਾਨ ਉੱਤੇ

ਜਦੋਂ ਤੁਸੀਂ ਨਸ਼ੇ ਕਰਦੇ ਸੀ ਤੁਹਾਨੂੰ ਵਰਜਿਆ ਸੀ ਬਹੁਤ

ਤੁਹਾਨੂੰ ਅਫ਼ਸੋਸ ਕਿਉਂ ਨਹੀਂ ਹੈ ਹੋਏ ਉਸ ਨੁਕਸਾਨ ਉੱਤੇ

ਵਰਜ਼ਿਸ਼ ਹੀ ਨਹੀਂ ਕੀਤੀ ਪ੍ਰਹੇਜ਼ ਵੀ ਨਾ ਕਰ ਸਕਿਆ

ਬਿਮਾਰ ਹੋ ਗਿਆ ਤਾਂ ਬਣੇਗੀ ਤੇਰੀ ਵੀ ਜਾਨ ਉੱਤੇ

ਮੇਰੇ ਨਾਲ ਵਫ਼ਾਦਾਰੀ ਕੀਤੀ ਤਾਂ ਮੈਂ ਵੀ ਵਫ਼ਾਵਾਂ ਕਰਾਂਗਾ

ਕਾਇਲ ਹਾਂ ਤੁਹਾਡੇ ਕੀਤੇ ਹੋਏ ਉਸ ਅਹਿਸਾਨ ਉੱਤੇ

ਇਹ ਜ਼ਿੰਦਗੀ ਕਈ ਰੰਗਾਂ ਦੀ ਤੂੰ ਥੋੜ੍ਹਾ ਵਕਤ ਕੱਢਿਆ ਕਰ

ਤੂੰ ਸਾਰਾ ਦਨਿ ਬੈਠਾ ਰਹਿੰਦਾ ਏਂ ਐਵੇਂ ਦੁਕਾਨ ਉੱਤੇ

ਮਹਿਫ਼ਲਾਂ ਵਿੱਚ ਆਉਂਦੇ ਹਾਂ ਤਾਂ ਚੰਗੀਆਂ ਗੱਲਾਂ ਹੁੰਦੀਆਂ ਹਨ

ਮਿੱਤਰੋ ਮਾਣ ਹੈ ਸਾਨੂੰ ਵੀ ਮਿੱਤਰਾਂ ਦੇ ਗਿਆਨ ਉੱਤੇ

ਸਮਾਜ ਧਰਮ ਸਿਆਸਤ ਵਿੱਚ ਬੜਾ ਕੁਝ ਗ਼ਲਤ ਮਲ਼ਤ ਹੋਇਆ

ਟੇਰਕਿਆਨੇ ਨੇ ਵੀ ਅੱਖੀਂ ਵੇਖਿਆ ਹੈ ਇਸ ਜਹਾਨ ਉੱਤੇ।

ਸੰਪਰਕ: 98141-73402

Advertisement
×