‘ਜੱਸੀ ਜੈਸੀ ਕੋਈ ਨਹੀਂ’ ਦੇ 22 ਸਾਲ ਪੂਰੇ ਹੋਣ ’ਤੇ ਮੋਨਾ ਸਿੰਘ ਨੇ ਖ਼ੁਸ਼ੀ ਪ੍ਰਗਟਾਈ
ਟੀਵੀ ਸ਼ੋਅ ‘ਜੱਸੀ ਜੈਸੀ ਕੋਈ ਨਹੀਂ’ ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਹੋਈ ਅਦਾਕਾਰਾ ਮੋਨਾ ਸਿੰਘ ਨੇ ਇਸ ਦੇ 22 ਸਾਲ ਪੂਰੇ ਹੋਣ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਇਸ ਸ਼ੋਅ ਦਾ ਪ੍ਰਸਾਰਨ ਇੱਕ ਸਤੰਬਰ 2003 ਸ਼ੁਰੂ ਹੋਇਆ ਸੀ ਅਤੇ ਮੋਨਾ ਸਿੰਘ ਨੇ ਅਦਾਕਾਰੀ ਦੇ ਖੇਤਰ ’ਚ ਆਪਣੇ ਸਫ਼ਰ ਦੀ ਸ਼ੁਰੂਆਤ ਇਸੇ ਸ਼ੋਅ ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘3 ਈਡੀਅਟਸ’ ਵਰਗੀਆਂ ਫਿਲਮਾਂ ਅਤੇ ‘ਮਿਸਟਰੀ’ ਵੈੱਬ ਸੀਰੀਜ਼ ਵਿੱਚ ਵੀ ਕੰਮ ਕੀਤਾ। ਅਦਾਕਾਰਾ ਮੋਨਾ ਸਿੰਘ ਨੇ ਇੰਸਟਾਗ੍ਰਾਮ ਖਾਤੇ ’ਤੇ ਸ਼ੋਅ ਨਾਲ ਸਬੰਧਤ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਦਰਸ਼ਕਾਂ ਵੱਲੋਂ ਇਸ ਸ਼ੋਅ ਨੂੰ ਦਿੱਤੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਨਾਲ ਪਾਈ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਹੈ, ‘‘ਹੈਲੋ ਸਤੰਬਰ, ‘ਜੱਸੀ ਜੈਸੀ ਕੋਈ’ ਕੇ 22 ਸਾਲ। ਇਨ੍ਹਾਂ ਯਾਦਾਂ ਨੂੰ ਇਕੱਤਰ ਕਰ ਰਹੀ ਹਾਂ ਅਤੇ ਤੁਹਾਡੇ ਵੱਲੋਂ ਮਿਲੇ ਪਿਆਰ ਲਈ ਮੈਂ ਹਮੇਸ਼ਾ ਧੰਨਵਾਦੀ ਰਹਾਂਗੀ।’’ ਇਸ ਲੜੀਵਾਰ ਸ਼ੋਅ ਦਾ ਆਖ਼ਰੀ ਪ੍ਰਸਾਰਨ ਸਾਲ 2006 ਵਿੱਚ ਹੋਇਆ ਸੀ। ਇਸ ਦੇ ਕੁੱਲ 550 ਐਪੀਸੋਡ ਪ੍ਰਸਾਰਿਤ ਹੋਏ ਸਨ। ਇਸ ਸ਼ੋਅ ਵਿੱਚ ਮੋਨਾ ਸਿੰਘ ਨੇ ‘ਜੱਸੀ ਵਾਲੀਆ’ ਦਾ ਕਿਰਦਾਰ ਨਿਭਾਇਆ ਸੀ। ਉਸ ਨੂੰ ਸਾਧਾਰਨ ਜਿਹੀ ਲੜਕੀ ਵਜੋਂ ਦਿਖਾਇਆ ਗਿਆ ਸੀ ਜੋ ਵੱਡੀ ਫੈਸ਼ਨ ਏਜੰਸੀ ਵਿੱਚ ਕੰਮ ਕਰਦੀ ਸੀ। ਇਹ ਸ਼ੋਅ ਉਸ ਵੇਲੇ ਚੱਲਦੇ ਬਾਕੀ ਪ੍ਰੋਗਰਾਮਾਂ ਨਾਲ ਅਲੱਗ ਹੋਣ ਦੇ ਬਾਵਜੂਦ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਇਸ ਦਾ ਨਿਰਦੇਸ਼ਨ ਟੋਨੀ ਸਿੰਘ, ਦੀਆ ਸਿੰਘ ਅਤੇ ਰਾਜਨ ਸ਼ਾਹੀ ਨੇ ਕੀਤਾ ਸੀ।