ਮੇਘਨਾ ਗੁਲਜ਼ਾਰ ‘ਦਾਇਰਾ’ ਦੀ ਸ਼ੂਟਿੰਗ ਮੁਕੰਮਲ ਕਰਨ ’ਚ ਰੁੱਝੇ
‘ਤਲਵਾਰ’, ‘ਰਾਜ਼ੀ’ ਅਤੇ ‘ਸੈਮ ਬਹਾਦਰ’ ਵਰਗੀਆਂ ਸ਼ਾਨਦਾਰ ਫਿਲਮਾਂ ਦੀ ਸਫਲਤਾ ਮਗਰੋਂ ਡਾਇਰੈਕਟਰ ਮੇਘਨਾ ਗੁਲਜ਼ਾਰ ਹੁਣ ਆਪਣੇ ਅਗਲੇ ਪ੍ਰਾਜੈਕਟ ‘ਦਾਇਰਾ’ ਨੂੰ ਸਿਰੇ ਚੜ੍ਹਾਉਣ ਦੀ ਤਿਆਰੀ ਵਿੱਚ ਰੁਝੇ ਹੋਏ ਹਨ। ਇਸ ਫ਼ਿਲਮ ਵਿੱਚ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਪ੍ਰਿਥਵੀਰਾਜ ਸੁਕੁਮਾਰਨ ਨਜ਼ਰ ਆਉਣਗੇ। ਆਪਣੇ ਅਗਲੇ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਮੇਘਨਾ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰਨ ਦੀ ਤਿਆਰੀ ਵਿੱਢ ਦਿੱਤੀ ਹੈ। ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਡਾਇਰੈਕਟਰ ਨੇ ਬੈਗਾਂ ਨਾਲ ਲੱਦੀ ਕਾਰ ਦੀ ਤਸਵੀਰ ਵੀ ਸਾਂਝੀ ਕੀਤੀ, ਜਿਸ ਤੋਂ ਪਤਾ ਚੱਲਦਾ ਹੈ ਕਿ ਟੀਮ ਸ਼ੂਟਿੰਗ ਦੇ ਆਖ਼ਰੀ ਹਿੱਸੇ ਨੂੰ ਮੁਕੰਮਲ ਕਰਨ ਲਈ ਤਿਆਰ ਹੈ। ਉਸ ਨੇ ਤਸਵੀਰ ਦੇ ਹੇਠਾਂ ਲਿਖਿਆ, ‘‘ਫਾਈਨਲ ਸ਼ਡਿਊਲ, ਚੱਲੋ ਟੀਮ ‘ਦਾਇਰਾ’।’’ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਅ ਰਹੇ ਅਦਾਕਾਰਾਂ ਨੇ ਸਤੰਬਰ ਵਿੱਚ ਸ਼ੂਟਿੰਗ ਦੇ ਪਹਿਲੇ ਦਿਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਸਨ। ਕਰੀਨਾ ਕਪੂਰ ਨੇ ਲਿਖਿਆ ਸੀ, ‘‘ਪਹਿਲਾ ਦਿਨ, ਸਭ ਤੋਂ ਸ਼ਾਨਦਾਰ ਮੇਘਨਾ ਗੁਲਜ਼ਾਰ ਅਤੇ ਪ੍ਰਿਥਵੀ ਰਾਜ ਦੇ ਨਾਲ 68ਵੀਂ ਫਿਲਮ ਦਾਇਰਾ... ਪਿਆਰ ਅਤੇ ਆਸ਼ੀਰਵਾਦ ਦੇਵੋ।’’
