DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਆ ਦੀ ਆਜ਼ਾਦੀ ਦਾ ਸ਼ਹੀਦ

ਪੰਜਾਬ ਦੀ ਧਰਤੀ ਨੂੰ ਇਹ ਫ਼ਖਰ ਹੈ ਕਿ ਜਦੋਂ ਵੀ ਦੇਸ਼ ਨੂੰ ਵਿਦੇਸ਼ੀ ਹਕੂਮਤ ਤੋਂ ਆਜ਼ਾਦੀ ਦਿਵਾਉਣ ਲਈ ਕਿਸੇ ਕਿਸਮ ਦਾ ਕੋਈ ਸੰਘਰਸ਼ ਸ਼ੁਰੂ ਹੋਇਆ, ਉਸ ਵਿਚ ਪੰਜਾਬੀ ਨੌਜਵਾਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ...
  • fb
  • twitter
  • whatsapp
  • whatsapp
Advertisement

ਪੰਜਾਬ ਦੀ ਧਰਤੀ ਨੂੰ ਇਹ ਫ਼ਖਰ ਹੈ ਕਿ ਜਦੋਂ ਵੀ ਦੇਸ਼ ਨੂੰ ਵਿਦੇਸ਼ੀ ਹਕੂਮਤ ਤੋਂ ਆਜ਼ਾਦੀ ਦਿਵਾਉਣ ਲਈ ਕਿਸੇ ਕਿਸਮ ਦਾ ਕੋਈ ਸੰਘਰਸ਼ ਸ਼ੁਰੂ ਹੋਇਆ, ਉਸ ਵਿਚ ਪੰਜਾਬੀ ਨੌਜਵਾਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ ਤੇ ਸ਼ਹੀਦ ਊਧਮ ਸਿੰਘ ਨੇ ਹੱਸਦੇ-ਹੱਸਦੇ ਭਾਰਤ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦਿਆਂ ਫਾਂਸੀ ਦੇ ਰੱਸੇ ਚੁੰਮੇ। ਮਹਾਨ ਕੁਰਬਾਨੀਆਂ ਅਤੇ ਲੰਮੇ ਸੰਘਰਸ਼ ਪਿੱਛੋਂ ਭਾਵੇਂ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ, ਪਰ ਇਸੇ ਦੇ ਛੋਟੇ ਜਿਹੇ ਹਿੱਸੇ ਗੋਆ ’ਤੇ ਗੁਲਾਮੀ ਛਾਈ ਰਹੀ। ਗੋਆ ਵਿਚ ਬੈਠਾ ਪੁਰਤਗਾਲੀ ਸਾਮਰਾਜ ਭਾਰਤ ਵਾਸੀਆਂ ਨੂੰ ਚੁਣੌਤੀਆਂ ਦਿੰਦਾ ਰਿਹਾ। ਆਖ਼ਿਰ ਇਨ੍ਹਾਂ ਚੁਣੌਤੀਆਂ ਨੂੰ ਕਬੂਲ ਕਰਦੇ ਹੋਏ 15 ਅਗਸਤ 1955 ਵਿਚ ਭਾਰਤ ਵਾਸੀਆਂ ਨੇ ਗੋਆ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਸ਼ੁਰੂ ਕੀਤਾ, ਜਿਸ ਵਿੱਚ ਪੁਰਤਗਾਲ ਸਰਕਾਰ ਦੀ ਸੈਨਾ ਵੱਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ ਵਿੱਚ ਪੰਜਾਬੀ ਨੌਜਵਾਨ ਮਾਸਟਰ ਕਰਨੈਲ ਸਿੰਘ ਈਸੜੂ ਨੇ ਸ਼ਹੀਦੀ ਪ੍ਰਾਪਤ ਕੀਤੀ।

ਸ਼ਹੀਦ ਕਰਨੈਲ ਸਿੰਘ 1929 ਨੂੰ ਚੱਕ ਨੰਬਰ 30 (ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ ਅੱਜ ਕੱਲ੍ਹ ਪਾਕਿਸਤਾਨ) ਵਿੱਚ ਪੈਦਾ ਹੋਏ। ਸੱਤਵੀਂ ਜਮਾਤ ਤੱਕ ਵਿੱਦਿਆ ਮਿਸ਼ਨ ਹਾਈ ਸਕੂਲ ਖੁਸ਼ਪੁਰ ਚੱਕ ਨੰਬਰ 51 ਵਿਚ ਹਾਸਲ ਕੀਤੀ, ਜਿੱਥੇ ਉਨ੍ਹਾਂ ਦੇ ਵੱਡੇ ਭਰਾ ਤਖ਼ਤ ਸਿੰਘ ਜ਼ਿਲ੍ਹਾ ਬੋਰਡ ਹਾਈ ਸਕੂਲ ਚੱਕ ਸ਼ੇਰੇ ਵਾਲਾ ਵਿੱਚ ਮੁੱਖ ਅਧਿਆਪਕ ਲੱਗੇ। ਕਰਨੈਲ ਸਿੰਘ ਨੇ ਵੀ ਉੱਥੇ ਹੀ ਪੜ੍ਹਨਾ ਸ਼ੁਰੂ ਕੀਤਾ ਅਤੇ ਅੱਠਵੀਂ ਉਸ ਸਕੂਲ ਤੋਂ ਹੀ ਪਾਸ ਕੀਤੀ। ਉਨ੍ਹਾਂ ਦਾ ਦੂਜਾ ਭਰਾ ਹਰਚੰਦ ਸਿੰਘ ਅਤੇ ਮਾਤਾ ਜੀ ਪਾਕਿਸਤਾਨ ਤੋਂ ਆ ਕੇ ਪਿੰਡ ਈਸੜੂ (ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ) ਵਿੱਚ ਰਹਿਣ ਲੱਗੇ। ਅੱਠਵੀਂ ਪਾਸ ਕਰਨ ਤੋਂ ਬਾਅਦ ਕਰਨੈਲ ਸਿੰਘ ਵੀ ਉਨ੍ਹਾਂ ਕੋਲ ਪਿੰਡ ਈਸੜੂ ਆ ਗਏ ਅਤੇ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਖੰਨਾ ਵਿਚ ਦਾਖ਼ਲ ਹੋ ਗਏ, ਜਿੱਥੇ ਉਨ੍ਹਾਂ ਮੈਟ੍ਰਿਕ ਪਹਿਲੇ ਦਰਜੇ ਵਿਚ ਪਾਸ ਕੀਤੀ। ਪੜ੍ਹਾਈ ਦੌਰਾਨ ਉਨ੍ਹਾਂ ਨੂੰ ਆਪਣੇ ਭਰਾ ਤਖ਼ਤ ਸਿੰਘ, ਜੋ ਤਰੱਕੀਪਸੰਦ ਸ਼ਾਇਰ ਵੀ ਸਨ, ਦੀਆਂ ਉਰਦੂ ਵਿਚ ਲਿਖੀਆਂ ਨਜ਼ਮਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਇਸ ਕਿਸਮ ਦੀਆਂ ਨਜ਼ਮਾਂ ਉਹ ਸਕੂਲ ਦੇ ਹਰ ਸਮਾਗਮ ’ਤੇ ਪੜ੍ਹਦੇ। ਇਸ ਤੋਂ ਉਨ੍ਹਾਂ ਦਾ ਰੁਝਾਨ ਰਾਜਨੀਤੀ ਵੱਲ ਹੋ ਗਿਆ, ਉਹ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣ ਗਏ। ਉਨ੍ਹਾਂ ਦਿਨਾਂ ’ਚ ਖੰਨਾ ਦੇ ਸਕੂਲ ਵਿਚ ਫੀਸਾਂ ਵਧਾਉਣ ਕਾਰਨ ਸਰਕਾਰ ਦੇ ਵਿਰੁੱਧ ਸੰਘਰਸ਼ ਹੋ ਗਿਆ ਤੇ ਕਰਨੈਲ ਸਿੰਘ ਪ੍ਰਧਾਨ ਚੁਣੇ ਗਏ।

Advertisement

ਗਰੀਬੀ ਕਾਰਨ ਉਹ ਕਾਲਜ ਵਿਚ ਦਾਖ਼ਲ ਨਾ ਹੋ ਸਕੇ। ਉਨ੍ਹਾਂ ਪਬਲਿਕ ਸਕੂਲ ਲਈ ਲਾਇਬ੍ਰੇਰੀ ਖੋਲ੍ਹੀ, ਜਿਸ ਦੇ ਪ੍ਰਧਾਨ ਉਹ ਆਪ ਹੀ ਬਣੇ ਅਤੇ ਪ੍ਰਾਈਵੇਟ ਤੌਰ ’ਤੇ ਐੱਫਏ ਪਾਸ ਕੀਤੀ। ਆਪਣੇ ਵੱਡੇ ਭਰਾ ਦੇ ਕਹਿਣ ’ਤੇ ਉਨ੍ਹਾਂ ਐਮਰਜੈਂਸੀ ਬੇਸਿਕ ਟਰੇਨਿੰਗ ਹਾਸਲ ਕੀਤੀ ਅਤੇ ਖੰਨਾ ਨੇੜੇ ਪਿੰਡ ਬੰਬਾਂ ਵਿਚ ਅਧਿਆਪਕ ਲੱਗ ਗਏ। ਨੌਕਰੀ ਦੌਰਾਨ ਵੀ ਉਨ੍ਹਾਂ ਦਾ ਧਿਆਨ ਜ਼ਿਆਦਾਤਰ ਰਾਜਨੀਤੀ ਵੱਲ ਹੀ ਰਹਿੰਦਾ। ਅਗਸਤ 1955 ਵਿਚ ਉਹ ਆਪਣਾ ਆਖ਼ਿਰੀ ਸਾਲ ਦਾ ਐਮਰਜੈਂਸੀ ਬੇਸਿਕ ਟਰੇਨਿੰਗ ਕੋਰਸ ਕਰਨ ਜਰਗ ਚਲੇ ਗਏ। ਉਦੋਂ ਹੀ ਗੋਆ ਨੂੰ ਪੁਰਤਗਾਲੀ ਸਾਮਰਾਜ ਤੋਂ ਛੁਡਵਾਉਣ ਲਈ ਸੰਘਰਸ਼ ਸ਼ੁਰੂ ਹੋ ਗਿਆ। ਉਨ੍ਹਾਂ ਦੇ ਦਿਲ ਵਿੱਚ ਵੀ ਗੋਆ ਦੇ ਸੱਤਿਆਗ੍ਰਹਿ ਵਿਚ ਸ਼ਾਮਲ ਹੋਣ ਦਾ ਸ਼ੌਕ ਪੈਦਾ ਹੋਇਆ। ਉਨ੍ਹਾਂ ਨੇ ਘਰ ਦੇ ਮੈਂਬਰਾਂ ਤੋਂ ਇਜ਼ਾਜਤ ਲਏ ਬਗੈਰ ਹੀ ਆ ਕੇ ਆਪਣੇ ਵੱਡੇ ਭਰਾ ਤਖ਼ਤ ਸਿੰਘ ਨੂੰ ਪੋਸਟ ਕਾਰਡ ਲਿਖਿਆ ਜਿਸ ਵਿਚ ਉਨ੍ਹਾਂ ਨੇ ਲਿਖਿਆ- ‘ਮੈਂ ਲੁਧਿਆਣਾ ਤੋਂ ਆਪ ਜੀ ਨੂੰ ਇਹ ਪੋਸਟ ਕਾਰਡ ਇਸ ਲਈ ਪਾਇਆ ਹੈ ਕਿ ਇਹ ਕਾਰਡ ਆਪ ਨੂੰ ਉਸ ਵਕਤ ਮਿਲੇਗਾ, ਜਦ ਮੈਂ ਲੁਧਿਆਣਾ ਤੋਂ ਚੱਲ ਪਵਾਂਗਾ, ਫਿਰ ਮੈਨੂੰ ਵੱਡੇ ਭਰਾ ਜੀ ਗੋਆ ਜਾਣ ਤੋਂ ਰੋਕ ਨਹੀਂ ਸਕਣਗੇ।’ ਉਨ੍ਹਾਂ ਅੰਦਰ ਇੰਨਾ ਜ਼ਜਬਾ ਸੀ ਗੋਆ ਦੇ ਸੱਤਿਆਗ੍ਰਹਿ ਵਿੱਚ ਹਿੱਸਾ ਲੈਣ ਦਾ ਅਤੇ ਇੱਥੋਂ ਹੀ ਉਨ੍ਹਾਂ ਖੰਨਾ ਦੇ ਇਕ ਹੋਟਲ ਵਾਲੇ ਆਪਣੇ ਦੋਸਤ ਨੱਥੂ ਰਾਮ ਨੂੰ ਖ਼ਤ ਲਿਖਿਆ ਕਿ ਉਹ ਉਸ ਦੀ ਮਾਤਾ ਨੂੰ ਇਹ ਸੁਨੇਹਾ ਪਹੁੰਚਾ ਦੇਣ ਕਿ ਕਰਨੈਲ ਸਿੰਘ ਗੋਆ ਵਿਚ ਸੱਤਿਆਗ੍ਰਹਿ ਲਈ ਚਲਾ ਗਿਆ ਹੈ।

ਗੋਆ ਪੁੱਜ ਕੇ ਦੇਸ਼ ਦੇ ਮਰਜੀਵੜਿਆਂ ਨੇ ਪੁਰਤਗਾਲੀਆਂ ਨੂੰ ਉੱਥੋਂ ਭਜਾ ਦਿੱਤਾ; ਇਸੇ ਦੌਰਾਨ ਕਰਨੈਲ ਸਿੰਘ ਉੱਥੇ ਜਦੋਂ ਤਿਰੰਗਾ ਝੰਡਾ ਝੁਲਾਉਣ ਲਈ ਮਿਨਾਰ ’ਤੇ ਚੜ੍ਹੇ ਤਾਂ ਕਿਸੇ ਛੁਪੇ ਹੋਏ ਪੁਰਤਗਾਲੀ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਸਿੱਟੇ ਵਜੋਂ ਕਰਨੈਲ ਸਿੰਘ ਮੌਕੇ ’ਤੇ ਹੀ ਸ਼ਹੀਦ ਹੋ ਗਏ। ਉਨ੍ਹਾਂ ਦੀ ਯਾਦ ਵਿਚ ਹਰ ਵਰ੍ਹੇ ਪਿੰਡ ਈਸੜੂ ਜੋ ਖੰਨਾ ਤੋਂ ਮਲੇਰਕੋਟਲਾ ਸੜਕ ’ਤੇ ਹੈ, ਵਿੱਚ ਸ਼ਹੀਦ ਦੀ ਸਮਾਧੀ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਆਦਮ ਕੱਦ ਬੁੱਤ ਵੀ ਲੱਗਾ ਹੋਇਆ ਹੈ। ਪਿੰਡ ਵਾਸੀਆਂ ਵੱਲੋਂ ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਟੂਰਨਾਮੈਂਟ ਕਮੇਟੀ ਬਣਾਈ ਗਈ ਹੈ ਜੋ ਹਰ ਸਾਲ ਟੂਰਨਾਮੈਂਟ ਕਰਵਾਉਂਦੀ ਹੈ। ਸ਼ਹੀਦ ਦੇ ਨਾਂ ’ਤੇ ਪਿੰਡ ਵਿਚ ਲਾਇਬ੍ਰੇਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ ਬਣਾਇਆ ਗਿਆ ਹੈ। ਇੱਥੇ ਖੇਡ ਸਟੇਡੀਅਮ ਅਤੇ ਖੰਨਾ ਵਿੱਚ ਇਕ ਬਾਜ਼ਾਰ ਦਾ ਨਾਂ ਵੀ ਸ਼ਹੀਦ ਕਰਨੈਲ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਗੋਆ ਵਿੱਚ ਵੀ ਉਨ੍ਹਾਂ ਦੀ ਯਾਦਗਾਰ ਬਣੀ ਹੋਈ ਹੈ।

ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿਚ ਈਸੜੂ ਵਿੱਚ ਹਰ ਵਰ੍ਹੇ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਜਿੱਥੇ ਪੰਜਾਬ ਭਰ ਤੋਂ ਹਜ਼ਾਰਾਂ ਲੋਕ ਪੁੱਜਦੇ ਹਨ। ਇਸ ਮੌਕੇ ਸਾਰੀਆਂ ਰਾਜਨੀਤਕ ਪਾਰਟੀਆਂ ਕਾਨਫਰੰਸਾਂ ਕਰਦੀਆਂ ਹਨ, ਜਿਸ ਵਿਚ ਵੱਖ-ਵੱਖ ਆਗੂ ਪੁੱਜ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ।

ਸੰਪਰਕ: 98769-24513

Advertisement
×