ਚੁਣੌਤੀਆਂ ਭਰਪੂਰ ਰਿਹਾ ਮੰਡਾਲਾ ਮਰਡਰ ਦਾ ਕਿਰਦਾਰ: ਵਾਣੀ ਕਪੂਰ
ਅਦਾਕਾਰਾ ਵਾਣੀ ਕਪੂਰ ਨੇ ਆਪਣੀ ਆ ਰਹੀ ਵੈੱਬਸੀਰੀਜ਼ ‘ਮੰਡਾਲਾ ਮਰਡਰ’ ਤੇ ਉਸ ਵਿਚਲੇ ਆਪਣੇ ਕਿਰਦਾਰ ਦੀ ਤਿਆਰੀ ਲਈ ਸਾਹਮਣੇ ਆਈਆਂ ਚੁਣੌਤੀਆਂ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। ਗੋਪੀ ਪੁਥਰਾਨ ਤੇ ਮਨਨ ਰਾਵਤ ਵੱਲੋਂ ਨਿਰਦੇਸ਼ਿਤ ‘ਮੰਡਾਲਾ ਮਰਡਰ’ ਦੇ ਕਲਾਕਾਰਾਂ ’ਚ ਵੈਭਵ ਰਾਜ ਗੁਪਤਾ, ਸੁਰਵੀਨ ਚਾਵਲਾ, ਸ਼੍ਰੀਆ ਪਿਲਗਾਂਵਕਰ, ਸਿਧਾਂਤ ਕਪੂਰ, ਰਾਹੁਲ ਬੱਗਾ, ਰਘੁਬੀਰ ਯਾਦਵ ਤੇ ਮੋਨਿਕਾ ਚੌਧਰੀ ਵੀ ਸ਼ਾਮਲ ਹਨ। ਵਾਣੀ ਕਪੂਰ ਨੇ ਕਿਹਾ, ‘‘ਇਹ ਕਹਾਣੀ ਬਹੁਤ ਵਧੀਆ ਹੈ। ਹਰ ਕਿਰਦਾਰ ਬਹੁਤ ਬਾਰੀਕੀ ਨਾਲ ਲਿਖਿਆ ਗਿਆ ਹੈ। ਇਸ ਦੀ ਧਾਰਨਾ ਨਵੀਂ ਤੇ ਗੁੰਝਲਦਾਰ ਹੈ। ਫਿਲਮਾਂ ਕੁਝ ਘੰਟਿਆਂ ਅੰਦਰ ਹੀ ਕਿਰਦਾਰ ਨੂੰ ਸਥਾਪਤ ਕਰਨ ਦਾ ਮੌਕਾ ਦਿੰਦੀਆਂ ਹਨ ਜਦਕਿ ਓਟੀਟੀ ਸ਼ੋਅ ਹਰ ਐਪੀਸੋਡ ’ਚ ਕਿਰਦਾਰ ਦੇ ਨਿਰੰਤਰ ਵਿਕਾਸ ਨੂੰ ਪੇਸ਼ ਕਰਦੇ ਹਨ।’’ ‘ਮੰਡਾਲਾ ਮਰਡਰ’ ਵਿੱਚ ਵਾਣੀ ਕਪੂਰ ਪੁਲੀਸ ਅਧਿਕਾਰੀ ਦੀ ਭੂਮਿਕਾ ’ਚ ਨਜ਼ਰ ਆਵੇਗੀ। ਕਿਰਦਾਰ ਦੀ ਤਿਆਰੀ ਬਾਰੇ ਗੱਲ ਕਰਦਿਆਂ ਵਾਣੀ ਨੇ ਕਿਹਾ, ‘‘ਇਸ ਵਿੱਚ ਐਕਸ਼ਨ ਹੈ। ਮੈਨੂੰ ਇਹ ਸਿੱਖਣਾ ਪਿਆ। ਆਪਣੇ ‘ਰੀਆ’ ਨਾਮੀ ਕਿਰਦਾਰ ਦੀ ਤਿਆਰੀ ਲਈ ਮੈਨੂੰ ਆਪਣੇ ਆਪ ’ਚ ਮਾਨਸਿਕ ਤੇ ਸਰੀਰਕ ਤਬਦੀਲੀਆਂ ਕਰਨੀਆਂ ਪਈਆਂ।’’